ਬਹਿਬਲ ਕਲਾਂ ਗੋਲੀਕਾਂਡ: ਸਾਬਕਾ ਐਸਐਸਪੀ ਮਗਰੋਂ ਆਈਜੀ ਵਿਰੁਧ ‘ਸ਼ਿਕੰਜਾ’ ਕਸਣ ਦੀ ਤਿਆਰੀ

ਬਹਿਬਲ ਕਲਾਂ ਗੋਲੀਕਾਂਡ: ਸਾਬਕਾ ਐਸਐਸਪੀ ਮਗਰੋਂ ਆਈਜੀ ਵਿਰੁਧ ‘ਸ਼ਿਕੰਜਾ’ ਕਸਣ ਦੀ ਤਿਆਰੀ

ਫਰੀਦਕੋਟ: ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਮੋਗਾ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਹੁਣ ਸ਼ੱਕ ਦੇ ਘੇਰੇ ਵਿਚ ਆਉਣ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿਚ ਹੈ। ਪੁਲਿਸ ਵਲੋਂ ਨਵੇਂ ਗਵਾਹਾਂ ਦੇ ਨਾਲ ਨਾਲ ਪੁਰਾਣੇ ਗਵਾਹਾਂ ਅਤੇ ਸਬੂਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਛਾਣਬੀਣ ਕੀਤੀ ਜਾ ਰਹੀ ਹੈ। ਐਸਆਈਟੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਗਵਾਹ ਨੰ. 177 ਨੂੰ ਇਸ ਜਾਂਚ ਦਾ ਮੁੱਖ ਧੁਰਾ ਮੰਨਿਆ ਜਾ ਰਿਹਾ ਹੈ।ਇਸ ਗਵਾਹ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਘਟਨਾ ਮੌਕੇ ਗੋਲੀ ਚਲਾਉਣ ਦੇ ਹੁਕਮ ਆਈਜੀ ਵਲੋਂ ਦਿਤੇ ਗਏ ਸਨ। ਚਰਨਜੀਤ ਸ਼ਰਮਾ ਤੋਂ ਹਾਸਲ ਕੀਤੀ ਜਾਣਕਾਰੀ ਤਹਿਤ ਵਿਸ਼ੇਸ ਜਾਂਚ ਟੀਮ ਨੇ ਪੁਲਿਸ ਅਧਿਕਾਰੀਆਂ ਤੇ ਕਤਲ, ਇਰਾਦਾ ਕਤਲ, ਸਬੂਤ ਮਿਟਾਉਣ ਅਤੇ ਹੋਰ ਕਈ ਧਾਰਾਵਾਂ ਵੀ ਜੋੜ ਦਿਤੀਆਂ ਹਨ। ਐਸਆਈਟੀ ਵਲੋਂ ਜਾਂਚ ਤੋਂ ਬਾਅਦ ਕੁਝ ਅਜਿਹੀਆਂ ਜਾਣਕਾਰੀਆਂ ਮਿਲੀਆਂ ਹਨ ਜੋ ਇਸ਼ਾਰਾ ਕਰਦੀਆਂ ਹਨ ਕਿ ਘਟਨਾ ਤੋਂ ਬਾਅਦ ਪੁਲਿਸ ਨੇ ਸਬੂਤਾਂ ਨੂੰ ਮਿਟਾਉਣ ਦੇ ਯਤਨ ਕੀਤੇ ਸਨ।
ਇਸ ਲਈ ਐਸਆਈਟੀ ਨੇ ਪਹਿਲਾਂ ਦਰਜ ਕੀਤੀ ਐਫ਼ਆਈਆਰ ਵਿਚ ਆਈਪੀਸੀ ਦੀ ਧਾਰਾ 201 (ਸਬੂਤ ਮਿਟਾਉਣਾ), ਧਾਰਾ 218 (ਮੁਲਜ਼ਮਾਂ ਨੂੰ ਬਚਾਉਣਾ), ਧਾਰਾ 120-ਬੀ (ਅਪਰਾਧਿਕ ਸਾਜ਼ਿਸ) ਦਾ ਵਾਧਾ ਕਰ ਦਿਤਾ ਹੈ। ਜਾਂਚ ਦੌਰਾਨ ਬੀਤੇ ਕੱਲ੍ਹ ਪੁਲਿਸ ਨੇ ਦੋ ਡਾਕਟਰ ਤੇ ਇਕ ਡੀਐਸਪੀ ਸਮੇਤ ਕੁੱਲ ਛੇ ਗਵਾਹਾਂ ਦੇ ਬਿਆਨ ਦਰਜ ਕੀਤੇ। ਇਨ੍ਹਾਂ ਗਵਾਹਾਂ ਨੇ ਅਪਣੇ ਬਿਆਨਾਂ ਵਿਚ ਦੱਸਦੇ ਹੋਏ ਕਿਹਾ ਕਿ ਗੋਲੀਬਾਰੀ ਮੌਕੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਘਟਨਾਂ ਤੋਂ ਬਾਅਦ ਸਬੂਤ ਮਿਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ।

You must be logged in to post a comment Login