ਬਾਦਲ ਪਰਵਾਰ ਤੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਵਾਉਣ ਲਈ ਮਿਸ਼ਨ ਚਲਾਵਾਂਗਾ : ਫੂਲਕਾ

ਬਾਦਲ ਪਰਵਾਰ ਤੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਵਾਉਣ ਲਈ ਮਿਸ਼ਨ ਚਲਾਵਾਂਗਾ : ਫੂਲਕਾ

ਚੰਡੀਗੜ : ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਮੀਡੀਆ ਦਾ ਧਨਵਾਦ ਕਰਦਿਆਂ ਕਿਹਾ ਕਿ ਪਹਿਲੇ ਮਿਸ਼ਨ ਵਿਚ ਕਾਮਯਾਬ ਹੋਣ ਤੋਂ ਬਾਅਦ ਹੁਣ ਉਹ ਬਾਦਲ ਪਰਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਕਤ ਕਰਵਾਉਣ ਦਾ ਮਿਸ਼ਨ ਚਲਾਉਣਗੇ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਸਿਧਾਂਤ ਦੀ ਗ਼ਲਤ ਵਰਤੋਂ ਹੋ ਰਹੀ ਹੈ ਪਰ ਸਾਲ 2015 ਵਿਚ ਦੁਰਵਰਤੋ ਦੀ ਵੱਡੀ ਸ਼ੁਰੂਆਤ ਹੋਈ।
ਅੱਜ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੂਲਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਰਾਜਨੀਤੀ ਤੋਂ ਮੁਕਤ ਕਰਵਾਉਣਾ ਸਿੱਖ ਧਰਮ ਲਈ ਹੀ ਨਹੀਂ ਪੰਜਾਬ ਅਤੇ ਪੰਜਾਬੀਅਤ ਲਈ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਇਹ ਨਹੀਂ ਸੋਚਦੇ ਕਿ ਗੁਰੂ ਨੂੰ ਕਿਵੇਂ ਖ਼ੁਸ਼ ਕਰਨਾ ਹੈ ਪਰ ਉਨ੍ਹਾਂ ਦਾ ਮੰਤਵ ਵੋਟਰ ਅਤੇ ਬਾਦਲ ਪਰਵਾਰ ਨੂੰ ਖ਼ੁਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਵਾਉਣ ਲਈ ਲੋਕਾਂ ਨੂੰ ਸਹੁੰ ਚਕਾਉਣਗੇ ਕਿ ਉਹ ਸ਼੍ਰੋਮਣੀ ਕਮੇਟੀ ਦੇ ਸਿਆਸੀਕਰਨ ਤੋਂ ਮੁਕਤੀ ਚਾਹੁੰਦੇ ਹਨ। ਫੂਲਕਾ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਸੀ ਅਤੇ ਸੁਪਰੀਮ ਕੋਰਟ ਨੇ ਪੈਨਲ ਦਾ ਫ਼ੈਸਲਾ ਕਰ ਲਿਆ ਹੈ ਇਸ ਤਰ੍ਹਾਂ ਉਹ ਚੀਫ਼ ਗੁਰਦਵਾਰਾ ਇਲੈਕਸ਼ਨ ਕਮਿਸ਼ਨ ਬਣਾਉਣ ਲਈ ਦਬਾਅ ਬਣਾਉਣ ਦਾ ਕੰਮ ਕਰਨਗੇ। ਉਨ੍ਹਾਂ ਲੋਕ ਸਭਾ ਚੋਣ ਲੜਨ ਅਤੇ ਕਿਸੇ ਪਾਰਟੀ ਨਾਲ ਜੁੜਨ ਤੋਂ ਇਨਕਾਰ ਕੀਤਾ। ਪਰ ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਅਜਿਹੀ ਨੀਤੀ ਰਹੀ ਤਾਂ ਉਹ ਉਨ੍ਹਾਂ ਦਾ ਸਮਰਥਨ ਕਰਨਗੇ ਪਰ ਪਾਰਟੀ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕੇਂਦਰੀ ਮੰਤਰੀ ਵਿਜੈ ਗੋਇਲ ਨਾਲ ਮੁਲਾਕਾਤ ਕਰਨ ਨੂੰ ਉਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਵਜੋਂ ਦੇਖਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਉਹ ਵਲੰਟੀਅਰ ਗਰੁਪ ਤਿਆਰ ਕਰਨਗੇ ਜਿਸ ਵਿਚ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਕੀਤਾ ਜਾਵੇਗਾ। ਫੂਲਕਾ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਮਿਸ਼ਨ 84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੈ, ਇਸ ਕੰਮ ਲਈ ਭਾਵੇਂ ਉਨ੍ਹਾਂ ਨੂੰ ਕਿੰਨੇ ਵੀ ਅਹੁਦੇ ਛੱਡਣੇ ਪੈਣ।

You must be logged in to post a comment Login