ਬਾਦਲ ਪਿਓ-ਪੁੱਤ ਤੇ ਅਕਸ਼ੈ ਕੁਮਾਰ ਨੂੰ ਭੇਜੇ ਸੰਮਨ, ਦੇਰ ਨਾਲ ਲਿਆ ਫੈਸਲਾ : ਮੰਡ

ਬਾਦਲ ਪਿਓ-ਪੁੱਤ ਤੇ ਅਕਸ਼ੈ ਕੁਮਾਰ ਨੂੰ ਭੇਜੇ ਸੰਮਨ, ਦੇਰ ਨਾਲ ਲਿਆ ਫੈਸਲਾ : ਮੰਡ

ਫਰੀਦਕੋਟ : ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਾਦਲ ਪਿਓ-ਪੁੱਤ ਅਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਐੱਸ. ਆਈ. ਟੀ. ਵਲੋਂ ਸੰਮਨ ਭੇਜੇ ਜਾਣ ਨੂੰ ਦੇਰ ਨਾਲ ਲਿਆ ਗਿਆ ਸਹੀ ਫੈਸਲਾ ਦੱਸਿਆ ਹੈ। ਬਰਗਾੜੀ ‘ਚ ਮੋਰਚਾ ਲਗਾਈ ਬੈਠੇ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਨੂੰ ਕਾਫੀ ਪਹਿਲਾਂ ਹੀ ਇਸ ਮਾਮਲੇ ‘ਚ ਕਾਰਵਾਈ ਕਰਨੀ ਚਾਹੀਦੀ ਸੀ। ਬਾਕੀ ਸ਼ੁਰੂਆਤ ਠੀਕ ਹੈ ਪਰ ਜੇਕਰ ਸਿੱਟ ਨਿਰਪੱਖ ਹੋ ਕੇ ਕਾਰਵਾਈ ਕਰੇ ਤਾਂ ਹੀ ਫਾਇਦਾ ਹੈ। ਉਧਰ ਮੋਰਚੇ ‘ਤੇ ਬੈਠੇ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਜਨਰਲ ਸਕੱਤਰ ਜਸਕਰਨ ਸਿੰਘ ਕਾਹਨਸਿੰਘ ਵਾਲਾ ਨੇ ਵੀ ਸੁਖਬੀਰ ਬਾਦਲ ਤੋਂ ਸਖਤ ਪੁੱਛਗਿੱਛ ਕੀਤੇ ਜਾਣ ਦੀ ਗੱਲ ਕਹੀ ਹੈ। ਉਨ੍ਹਾਂ ਸੁਖਬੀਰ ਬਾਦਲ ਦੇ ਦਿਮਾਗ ਦਾ ਟੈਸਟ ਵੀ ਕਰਵਾਏ ਜਾਣ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਬੇਅਦਬੀ ਅਤੇ ਬਹਿਬਲ ਕਲਾਂ ਮਾਮਲੇ ਦੀ ਜਾਂਚ ਕਰ ਰਹੀ ਸਿਟ ਵਲੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਬਾਲੀਵੁੱਡ ਕਲਾਕਾਰ ਅਕਸ਼ੈ ਕੁਮਾਰ ਨੂੰ ਸੰਮਨ ਭੇਜ ਕੇ ਸਿੱਟ ਅੱਗੇ ਪੇਸ਼ ਹੋਣ ਲਈ ਕਿਹਾ ਹੈ। ਐੱਸ. ਆਈ. ਟੀ. ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਨੂੰ 19 ਨਵੰਬਰ ਅਤੇ ਅਕਸ਼ੈ ਕੁਮਾਰ ਨੂੰ ਅਖੀਰ ‘ਚ 21 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।

You must be logged in to post a comment Login