ਬੇਅਦਬੀ ਮਾਮਲੇ `ਚ SIT ਕਰ ਸਕਦੀ ਸੁਮੇਧ ਸੈਣੀ ਤੋਂ ਪੁੱਛਗਿੱਛ

ਬੇਅਦਬੀ ਮਾਮਲੇ `ਚ SIT ਕਰ ਸਕਦੀ ਸੁਮੇਧ ਸੈਣੀ ਤੋਂ ਪੁੱਛਗਿੱਛ

ਚੰਡੀਗੜ੍ਹ : ਕੋਟਕਪੂਰਾ ਅਤੇ ਬਹਿਬਲ ਕਲਾਂ `ਚ ਪੁਲਿਸ ਗੋਲੀਬਾਰੀ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਹਾਲੇ ਤੱਕ ਇਹ ਪਤਾ ਨਹੀਂ ਲਾ ਸਕੀ ਕਿ ਸ਼ਰਧਾਲੂਆਂ `ਤੇ ਗੋਲੀ ਚਲਾਉਣ ਦੇ ਹੁਕਮ ਕਿਸ ਅਧਿਕਾਰੀ ਜਾਂ ਮੰਤਰੀ ਨੇ ਦਿੱਤੇ ਸਨ। ਇਸ ਸਬੰਧੀ ਇਹ ਵਿਸ਼ੇਸ਼ ਜਾਂਚ ਟੀਮ ਹੁਣ ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੇ ਨਾਲ-ਨਾਲ ਕਈ ਪੁਲਿਸ ਅਧਿਕਾਰੀਆਂ ਅਤੇ ਅਫ਼ਸਰਸ਼ਾਹਾਂ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਹੁਣ ਇਹ ਖ਼ਬਰ ਆ ਰਹੀ ਹੈ ਕਿ ਹੁਣ ਇਹ ਵਿਸ਼ੇਸ਼ ਜਾਂਚ ਟੀਮ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਸਾਲ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਉਸ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਮੁਜ਼ਾਹਰਾਕਾਰੀਆਂ `ਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਦੇ ਨਾਂਅ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਉਜਾਗਰ ਕੀਤੇ ਸਨ। ਹਰਸ਼ ਕੁਮਾਰ ਸਲਾਰੀਆ (ਅੳ) ਦੀ ਰਿਪੋਰਟ ਮੁਤਾਬਕ ਗੋਲੀਬਾਰੀ ਵਾਲੀ ਰਾਤ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਤਤਕਾਲੀਨ ਡੀਜੀਪੀ ਸੁਮੇਧ ਸੈਣੀ ਵਿਚਾਲੇ ਫ਼ੋਨ `ਤੇ ਸੰਪਰਕ ਬਣਿਆ ਰਿਹਾ ਸੀ। ਵਿਸ਼ੇਸ਼ ਜਾਂਚ ਟੀਮ ਨੇ ਕਮਿਸ਼ਨ ਦੀ ਰਿਪੋਰਟ `ਚ ਮਿਲੇ ਇਸੇ ਸੰਕੇਤ ਨੂੰ ਆਧਾਰ ਬਣਾ ਕੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਦੋਵੇਂ ਬਾਦਲਾਂ ਤੋਂ ਪੁੱਛਗਿੱਛ ਦੇ ਬਾਵਜੁਦ ਹਾਲੇ ਤੱਕ ਇਹ ਵਿਸ਼ੇਸ਼ ਜਾਂਚ ਟੀਮ ਇਹ ਨਹੀਂ ਜਾਣ ਸਕੀ ਕਿ ਕੋਟਕਪੂਰਾ ਤੇ ਬਹਿਬਲ ਕਲਾਂ `ਚ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ। ਜੇ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤੇ ਹੋਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ, ਉੱਥੇ ਸੁਖਬੀਰ ਬਾਦਲ ਨੇ ਤਾਂ ਇਹ ਆਖ ਕੇ ਆਪਣਾ ਪੱਲਾ ਝਾੜ ਲਿਆ ਹੈ ਕਿ ਉਹ ਤਾਂ ਘਟਨਾ ਵੇਲੇ ਸੂਬੇ ਤੋਂ ਬਾਹਰ ਸਨ।

You must be logged in to post a comment Login