ਬੱਚੇ ਦੀ ਫ਼ੀਸ ਜਮਾਂ ਨਾ ਕਰਵਾ ਪਾਉਣ ‘ਤੇ ਪੂਰੇ ਪਰਵਾਰ ਨੇ ਕੀਤੀ ਖ਼ੁਦਕੁਸ਼ੀ

ਬੱਚੇ ਦੀ ਫ਼ੀਸ ਜਮਾਂ ਨਾ ਕਰਵਾ ਪਾਉਣ ‘ਤੇ ਪੂਰੇ ਪਰਵਾਰ ਨੇ ਕੀਤੀ ਖ਼ੁਦਕੁਸ਼ੀ

ਚੇਨਈ : ਤਾਮਿਲਨਾਡੂ ਦੇ ਨਾਗਾਪਟੱਨਮ ਜ਼ਿਲ੍ਹੇ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਵੇਲੀਪਾਇਮ ਇਲਾਕੇ ‘ਚ ਇਕ ਜੋੜੇ ਅਤੇ ਉਨ੍ਹਾਂ ਦੇ 11 ਸਾਲਾ ਬੱਚੇ ਦੀ ਲਾਸ਼ ਘਰ ਅੰਦਰੋਂ ਮਿਲੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਪਰਵਾਰ ਨੇ ਬੱਚੇ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਲਈ ਪੈਸੇ ਉਧਾਰ ਲਏ ਸਨ ਅਤੇ ਵਾਪਸ ਨਾ ਕਰ ਸਕਣ ‘ਤੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 35 ਸਾਲਾ ਸੈਂਥਿਲ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਸੈਂਥਿਲ ਪੇਸ਼ੇ ਤੋਂ ਸੁਨਿਆਰ ਸੀ ਅਤੇ ਇਹੀ ਉਸ ਦੀ ਆਮਦਨ ਦਾ ਸਰੋਤ ਸੀ। ਸੈਂਥਿਲ ਦੇ ਇਕ ਦੋਸਤ ਨੇ ਉਸ ਨੂੰ ਕਈ ਵਾਰ ਫ਼ੋਨ ਕੀਤਾ ਪਰ ਜਦੋਂ ਉਸ ਨੇ ਫ਼ੋਨ ਨਾ ਚੁੱਕਿਆ ਤਾਂ ਉਹ ਉਸ ਦੇ ਘਰ ਗਿਆ। ਘਰ ਅੰਦਰ ਤਿੰਨਾਂ ਜਣਿਆਂ ਦੀਆਂ ਲਾਸ਼ਾਂ ਵੇਖ ਕੇ ਉਹ ਹੈਰਾਨ ਰਹਿ ਗਿਆ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੈਂਥਿਲ ਦੇ ਦੋਸਤ ਨੇ ਦੱਸਿਆ ਕਿ ਬੱਚੇ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਲਈ ਸੈਂਥਿਲ ਨੇ ਕਈ ਥਾਵਾਂ ਤੋਂ ਪੈਸੇ ਉਧਾਰ ਲਏ ਹੋਏ ਸਨ। ਸੈਂਥਿਲ ਕਾਫ਼ੀ ਸਮੇਂ ਤੋਂ ਉਧਾਰੀ ਦਾ ਪੈਸਾ ਵਾਪਸ ਨਹੀਂ ਕਰ ਪਾ ਰਿਹਾ ਸੀ, ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਸੀ। ਇਕ ਰਿਸ਼ਤੇਦਾਰ ਨੇ ਦੱਸਿਆ ਕਿ ਸੈਂਥਿਲ ਨੂੰ ਹੁਣ ਬੱਚੇ ਦੀ ਫ਼ੀਸ ਜਮਾਂ ਕਰਵਾਉਣ ਲਈ ਪੈਸੇ ਉਧਾਰ ਨਹੀਂ ਮਿਲ ਰਹੇ ਸਨ। ਸੈਂਥਿਲ ਦਾ ਪੁੱਤਰ ਇਕ ਪ੍ਰਾਈਵੇਟ ਸਕੂਲ ਵਿਚ 6ਵੀਂ ਜਮਾਤ ‘ਚ ਪੜ੍ਹਦਾ ਸੀ। ਬੱਚੇ ਨੇ ਖ਼ੁਦਕੁਸ਼ੀ ਸਮੇਂ ਸਕੂਲੀ ਕਪੜੇ ਪਾਏ ਹੋਏ ਸਨ।

You must be logged in to post a comment Login