ਭਗਵੰਤ ਮਾਨ ਮੁੜ ਸੰਭਾਲਣਗੇ ਪੰਜਾਬ ਦੀ ਪ੍ਰਧਾਨਗੀ

ਭਗਵੰਤ ਮਾਨ ਮੁੜ ਸੰਭਾਲਣਗੇ ਪੰਜਾਬ ਦੀ ਪ੍ਰਧਾਨਗੀ

ਸੰਗਰੂਰ : ਪੰਜਾਬ ‘ਚ ਦੋਫਾੜ ਹੋਣ ਦੇ ਕੰਢੇ ‘ਤੇ ਪਹੁੰਚੀ ‘ਆਪ’ ਦਾ ਖਿਲਾਰਾ ਸਮੇਟਣ ਲਈ ਹੁਣ ਪਾਰਟੀ ਹਾਈਕਮਾਨ ਨੇ ਭਗਵੰਤ ਮਾਨ ਦੇ ਹੱਥ ਪੰਜਾਬ ‘ਆਪ’ ਦੀ ਕਮਾਨ ਮੁੜ ਸੌਂਪਣ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਦਿੱਲੀ ਦੇ ਹਸਪਤਾਲ ਵਿਚ ਦਾਖਲ ਮਾਨ ਦਾ ਹਾਲ-ਚਾਲ ਪੁੱਛਣ ਬਹਾਨੇ ਕੇਜਰੀਵਾਲ, ਸਿਸੋਦੀਆ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਉਨ੍ਹਾਂ ਨੂੰ ‘ਆਪ’ ਦੀ ਪੰਜਾਬ ਇਕਾਈ ਦੀ ਅਗਵਾਈ ਕਰਨ ਲਈ ਕਿਹਾ ਅਤੇ ਜਿਸ ਲਈ ਮਾਨ ਨੇ ਹਾਮੀ ਵੀ ਭਰ ਦਿੱਤੀ ਹੈ। ਜਗਰਾਓਂ ਤੋਂ ‘ਆਪ’ ਵਿਧਾਇਕ ਅਤੇ ਵਿਰੋਧੀ ਧਿਰ ਦੀ ਡਿਪਟੀ ਲੀਡਰ ਸਰਬਜੀਤ ਕੌਰ ਮਾਣੂੰਕੇ ਨੇ ਵੀ ਬੀਤੇ ਦਿਨੀਂ ਇਸ ਵੱਲ ਇਸ਼ਾਰਾ ਕੀਤਾ ਸੀ।
ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਹੇ ਜਾਣ ਤੋਂ ਬਾਅਦ ‘ਆਪ’ ‘ਚ ਅਜਿਹਾ ਖਿਲਾਰਾ ਪਿਆ ਕਿ ਹਾਈਕਮਾਨ ਨੂੰ ਹੁਣ ਡੈਮੇਜ਼ ਕੰਟਰੋਲ ਕਰਨਾ ਪੈ ਰਿਹਾ ਹੈ। ਇਕ ਪਾਸੇ ਖਹਿਰਾ ਧੜਾ ਤੇ ਦੂਜੇ ਪਾਸੇ ਹਾਈਕਮਾਨ ਦੇ ਸਮਰਥਕ ਵਿਧਾਇਕ। ਦੋਵੇਂ ਧੜੇ ਇਕ-ਦੂਜੇ ‘ਤੇ ਦੋਸ਼ ਲਗਾ ਕੇ ਇਕ-ਦੂਜੇ ਨੂੰ ਨੀਂਵਾਂ ਦਿਖਾਉਣ ‘ਤੇ ਲੱਗੇ ਹੋਏ ਹਨ ਪਰ ਇਸ ਵਿਚਕਾਰ ਭਗਵੰਤ ਮਾਨ ਹੀ ਇਕ ਅਜਿਹਾ ਸਖਸ਼ ਹੈ, ਜਿਸ ਬਾਰੇ ਲੋਕਾਂ ਨੇ ਚਾਹੇ ਜੋ ਮਰਜ਼ੀ ਕਿਹਾ ਪਰ ਦੋਹਾਂ ਧੜਿਆਂ ‘ਚੋਂ ਕਿਸੇ ਨੇ ਵੀ ਉਨ੍ਹਾਂ ਬਾਰੇ ਵਿਰੋਧ ਦਾ ਇਕ ਸ਼ਬਦ ਨਹੀਂ ਕਿਹਾ। ਲਿਹਾਜ਼ਾ ਭਗਵੰਤ ਮਾਨ ਹੀ ਅਜਿਹੇ ਇਕਲੌਤੇ ਵਿਅਕਤੀ ਹਨ, ਜੋ ਡੁੱਬਦੀ ਹੋਈ ‘ਆਪ’ ਦੀ ਬੇੜੀ ਪਾਰ ਲਗਾ ਸਕਦੇ ਹਨ। ਹਾਲਾਂਕਿ ਭਗਵੰਤ ਮਾਨ ਨੇ ਆਪਣਾ ਸਟੈਂਡ ਕਦੇ ਸਪੱਸ਼ਟ ਨਹੀਂ ਕੀਤਾ ਪਰ ਹੁਣ ਲੱਗਦਾ ਹੈ ਕਿ ਜਨਾਬ ਖਹਿਰਾ ਨਾਲ ਸਾਹਮਣਾ ਕਰਨ ਲਈ ਤਿਆਰ ਹਨ। ਇੱਥੇ ਦੱਸ ਦੇਈਏ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੁਆਫੀ ਮੰਗੇ ਜਾਣ ਤੋਂ ਬਾਅਦ ਮਾਨ ਨੇ ਪੰਜਾਬ ਇਕਾਈ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਉਨ੍ਹਾਂ ਦਾ ਅਸਤੀਫਾ ਕਦੇ ਮਨਜ਼ੂਰ ਨਹੀਂ ਹੋਇਆ ਹਾਲਾਂਕਿ ਡਾ. ਬਲਬੀਰ ਸਿੰਘ ਨੂੰ ਪਾਰਟੀ ਨੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ ਪਰ ਭਗਵੰਤ ‘ਤੇ ਭਰੋਸਾ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਹਾਈਕਮਾਨ ਵੱਲੋਂ ਦੁਬਾਰਾ ਇਹ ‘ਮਾਣ’ ਬਖਸ਼ਿਆ ਜਾ ਰਿਹਾ ਹੈ।

You must be logged in to post a comment Login