ਭਾਈਚਾਰਕ ਸਾਂਝ ਹੈ, ਖ਼ੁਦਕੁਸ਼ੀਆਂ ਦਾ ਹੱਲ

ਭਾਈਚਾਰਕ ਸਾਂਝ ਹੈ, ਖ਼ੁਦਕੁਸ਼ੀਆਂ ਦਾ ਹੱਲ

ਸਤਵਿੰਦਰ ਸਿੰਘ

ਜ਼ਿੰਦਗੀ ਤੋਂ ਹਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਰੁਝਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਕੁਝ ਲੋਕ ਕੁਦਰਤੀ ਅਤੇ ਗ਼ੈਰ-ਕੁਦਰਤੀ ਪਰੇਸ਼ਾਨੀਆਂ ਕਾਰਨ ਇਨ੍ਹਾਂ ਪਰੇਸ਼ਾਨੀਆਂ ਨਾਲ ਲੜਨ ਦੀ ਬਜਾਏ, ਇਨ੍ਹਾਂ ਤੋਂ ਹਾਰ ਕੇ ਖ਼ੁਦਕੁਸ਼ੀਆਂ ਦਾ ਗ਼ਲਤ ਰਸਤਾ ਅਪਣਾ ਲੈਂਦੇ ਹਨ। ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ। ਇਹ ਨਿਰੰਤਰ ਬਦਲਦਾ ਰਹਿੰਦਾ ਹੈ। ਖ਼ਾਸ ਕਰਕੇ ਪੰਜਾਬ ਵਿੱਚ ਕਿਸਾਨੀ ਖ਼ੁਦਕੁਸ਼ੀਆਂ ਦਾ ਰੁਝਾਨ ਬਹੁਤ ਵੱਧ ਚੁੱਕਾ ਹੈ। ਸ਼ਾਇਦ ਹੀ ਅਜਿਹਾ ਕੋਈ ਦਿਨ ਹੋਵੇਗਾ, ਜਿਸ ਦਿਨ ਕਿਸੇ ਕਿਸਾਨ ਨੇ ਖ਼ੁਦਕੁਸ਼ੀ ਨਾ ਕੀਤੀ ਹੋਵੇ। ਕਿਸਾਨੀ ਖ਼ੁਦਕੁਸ਼ੀਆਂ ਦੇ ਜਿੱਥੇ ਹੋਰ ਕਾਰਨ ਜਿਵੇਂ ਫ਼ਸਲ ਦਾ ਮਰ ਜਾਣਾ, ਕਰਜ਼ ਦਾ ਬੋਝ, ਫ਼ਸਲੀ ਘਾਟੇ ਆਦਿ ਮੰਨੇ ਜਾ ਸਕਦੇ ਹਨ, ਉੱਥੇ ਨਾਲ ਹੀ ਇੱਕ ਵਿਸ਼ੇਸ਼ ਕਾਰਨ ਭਾਈਚਾਰਕ ਸਾਂਝ, ਸਹਿਯੋਗ ਅਤੇ ਕਮਜ਼ੋਰ ਮਾਨਸਿਕਤਾ ਵੀ ਹੈ। ਆਧੁਨਿਕੀਕਰਨ ਵਿੱਚ ਅਸੀਂ ਇੰਨਾ ਉਲਝ ਗਏ ਹਾਂ ਕਿ ਸਾਡੇ ਕੋਲ ਇੱਕ ਦੂਜੇ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਰਿਹਾ। ਕਹਿੰਦੇ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ, ਪਰ ਜੇ ਇਹ ਗੱਲ ਸੱਚ ਹੋ ਜਾਵੇ ਤਾਂ ਸ਼ਾਇਦ ਖ਼ੁਦਕੁਸ਼ੀਆਂ ਦੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ।
ਅੱਜਕੱਲ੍ਹ ਪਿੰਡਾਂ ਵਿੱਚ ਭਾਈਚਾਰਕ ਸਾਂਝ ਦੀ ਬਹੁਤ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਪਹਿਲਾਂ ਦੇ ਸਮੇਂ ਵਿੱਚ ਬਹੁਤ ਘੱਟ ਲੋਕ ਖ਼ੁਦਕੁਸ਼ੀ ਕਰਦੇ ਸਨ ਕਿਉਂਕਿ ਉਨ੍ਹਾਂ ਲੋਕਾਂ ਵਿੱਚ ਭਾਈਚਾਰਕ ਸਾਂਝ ਸੀ। ਜੇਕਰ ਕਿਸੇ ਇੱਕ ’ਤੇ ਮੁਸ਼ਕਿਲ ਆਉਂਦੀ ਸੀ ਤਾਂ ਸਾਰੇ ਉਸਦੀ ਮਦਦ ਕਰਨ ਲਈ ਅੱਗੇ ਆ ਜਾਂਦੇ ਸਨ। ਕਿਸੇ ਇੱਕ ਦੀ ਫ਼ਸਲ ਦਾ ਨੁਕਸਾਨ ਹੁੰਦਾ ਸੀ ਤਾਂ ਬਾਕੀ ਦੇ ਸਾਰੇ ਆਪਣੀ ਫ਼ਸਲ ਦਾ ਥੋੜ੍ਹਾ ਥੋੜ੍ਹਾ ਹਿੱਸਾ ਦੇ ਕੇ ਉਸ ਦਾ ਘਾਟਾ ਪੂਰਾ ਕਰ ਦਿੰਦੇ ਸਨ। ਇਸ ਤਰ੍ਹਾਂ ਇੰਨੀ ਭਾਈਚਾਰਕ ਸਾਂਝ ਵਾਲੇ ਸਮਾਜ ਵਿੱਚ ਕੋਈ ਖ਼ੁਦਕੁਸ਼ੀ ਕਰਨ ਬਾਰੇ ਸੋਚਦਾ ਤਕ ਨਹੀਂ ਸੀ।
ਅੱਜਕੱਲ੍ਹ ਅਸੀਂ ਸੌੜੀ ਮਾਨਸਿਕਤਾ ਕਾਰਨ ਗ਼ਰੀਬ ਕਿਸਾਨ ਦੀ ਮਦਦ ਕਰਨ ਦੀ ਬਜਾਏ ਉਸਨੂੰ ਹੀਣਤਾ ਭਰੀਆਂ ਨਜ਼ਰਾਂ ਨਾਲ ਦੇਖਦੇ ਹਾਂ। ਚਾਰੇ ਪਾਸੇ ਪਰੇਸ਼ਾਨੀਆਂ ਨਾਲ ਘਿਰੇ ਬੰਦੇ ਨੂੰ ਜੇਕਰ ਹੱਲਾਸ਼ੇਰੀ ਦੇ ਦਿੱਤੀ ਜਾਵੇ ਤਾਂ ਉਹ ਇੱਕ ਪਲ ਲਈ ਆਪਣੀਆਂ ਪਰੇਸ਼ਾਨੀਆਂ ਭੁੱਲ ਕੇ ਸ਼ਾਂਤ ਮਹਿਸੂਸ ਕਰਨ ਲੱਗ ਪੈਂਦਾ ਹੈ। ਪਹਿਲਾਂ ਦੇ ਲੋਕ ਸੁੱਖਾਂ ਦੇ ਨਾਲ ਦੁੱਖ ਵੀ ਵੰਡਾਉਂਦੇ ਸਨ। ਸੁੱਖ ਦੇ ਸਮੇਂ ਕੋਈ ਜਾਵੇ ਜਾਂ ਨਾ, ਪਰ ਦੁੱਖ ਦੇ ਸਮੇਂ ਸਾਰੇ ਉਸ ਦੀ ਮਦਦ ਕਰਨ ਪਹੁੰਚ ਜਾਂਦੇ ਸਨ ਕਿਉਂਕਿ ਉਨ੍ਹਾਂ ਨੂੰ ਮਤਲਬ ਨਾਲੋਂ ਆਪਸੀ ਪਿਆਰ ਦੀ ਮਹੱਤਤਾ ਦਾ ਪਤਾ ਸੀ। ਅੱਜਕੱਲ੍ਹ ਤਾਂ ਦੁਖੀ ਦੀ ਮਦਦ ਤਾਂ ਕਿਸੇ ਕੀ ਕਰਨੀ, ਕੋਈ ਉਸਦੀ ਦਹਿਲੀਜ਼ ’ਤੇ ਨਹੀਂ ਜਾਂਦਾ ਕਿ ਸਾਨੂੰ ਮਦਦ ਨਾ ਕਰਨੀ ਪਵੇ। ਇਹੀ ਸਵਾਰਥਪੁਣੇ ਦੀ ਭਾਵਨਾ ਕਿਤੇ ਨਾ ਕਿਤੇ ਖ਼ੁਦਕੁਸ਼ੀਆਂ ਦੀ ਅੱਗ ਨੂੰ ਹਵਾ ਦੇ ਰਹੀ ਹੈ।
ਜੇਕਰ ਅੱਜ ਕੋਈ ਹੋਰ ਮੁਸ਼ਕਿਲ ਵਿੱਚ ਹੈ ਤਾਂ ਸਾਨੂੰ ਉਸਦੀ ਮਦਦ ਕਰਨੀ ਚਾਹੀਦੀ ਹੈ। ਕੱਲ੍ਹ ਨੂੰ ਜੇਕਰ ਅਸੀਂ ਮੁਸ਼ਕਿਲ ਵਿੱਚ ਹੋਏ ਤਾਂ ਲੋਕ ਸਾਡੀ ਮਦਦ ਕਰਨਗੇ। ਆਪਣੇ ਆਲੇ ਦੁਆਲੇ ਕੋਈ ਦੁਖੀ, ਪਰੇਸ਼ਾਨ ਦਿੱਸਦਾ ਹੈ ਤਾਂ ਪਿੱਛੇ ਨਾ ਹਟੀਏ, ਸਗੋਂ ਭੱਜ ਕੇ ਉਸਦੀ ਮਦਦ ਕਰਨ ਲਈ ਹਾਜ਼ਰ ਹੋ ਜਾਈਏ। ਜੇਕਰ ਹਰ ਪਿੰਡ ਇਹ ਫ਼ੈਸਲਾ ਕਰ ਲਵੇ ਕਿ ਉਨ੍ਹਾਂ ਦੇ ਪਿੰਡ ਵਿੱਚ ਗ਼ਰੀਬ, ਦੁਖੀ ਅਤੇ ਫ਼ਸਲੀ ਘਾਟੇ ਸਹਿ ਰਹੇ ਕਿਸਾਨ ਦੀ ਮਦਦ ਸਾਰਾ ਪਿੰਡ ਕਰੇਗਾ ਤਾਂ ਇਸ ਤਰ੍ਹਾਂ ਕਰਨ ਨਾਲ ਜਲਦੀ ਹੀ ਖ਼ੁਦਕੁਸ਼ੀਆਂ ਨੂੰ ਕਾਫ਼ੀ ਹੱਦ ਤਕ ਰੋਕਿਆ ਜਾ ਸਕੇਗਾ। ਪਿੰਡ ਹੀ ਨਹੀਂ ਸਗੋਂ ਅਸੀਂ ਇਕੱਲੇ ਵੀ ਖ਼ੁਦਕੁਸ਼ੀਆਂ ਰੋਕ ਸਕਦੇ ਹਾਂ। ਜੇਕਰ ਤੁਹਾਨੂੰ ਕੋਈ ਅਜਿਹਾ ਪਰੇਸ਼ਾਨ, ਦੁਖੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸ ਵਿਅਕਤੀ ਨਾਲ ਤੁਸੀਂ ਮਿਲਵਰਤਨ ਵਧਾ ਦਿਓ। ਖੋਜਾਂ ਇਹ ਕਹਿੰਦੀਆਂ ਹਨ ਕਿ ਜੇਕਰ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਹੇ ਵਿਅਕਤੀ ਨਾਲ ਤੁਸੀਂ ਮਿਲਵਰਤਨ ਵਧਾ ਦਿਓ, ਉਸ ਦੇ ਦੁਖ ਸੁਖ ਸੁਣੋ ਤਾਂ ਉਹ ਖ਼ੁਦਕੁਸ਼ੀ ਕਰਨ ਦਾ ਵਿਚਾਰ ਤਿਆਗ ਦੇਏਗਾ। ਜੇਕਰ ਅਸੀਂ ਕਿਸੇ ਅਨਮੋਲ ਜ਼ਿੰਦਗੀ ਨੂੰ ਬਚਾ ਸਕਦੇ ਹਾਂ ਤਾਂ ਫਿਰ ਅਸੀਂ ਪਿੱਛੇ ਕਿਉਂ ਹਟੀਏ। ਆਉਂਦੇ ਜਾਂਦੇ ਕਦੇ ਕਿਸੇ ਦੁਖੀ ਨੂੰ ਅਜਿਹੀ ਗੱਲ ਨਾ ਬੋਲੀਏ ਕਿ ਉਹ ਹੋਰ ਦੁਖੀ ਹੋ ਜਾਵੇ ਅਤੇ ਖ਼ੁਦਕੁਸ਼ੀ ਕਰਨ ਤੁਰ ਪਏ।
ਹੈਰਾਨੀ ਵਾਲੀ ਗੱਲ ਹੈ ਕਿ ਵੰਡ ਵੇਲੇ ਪਾਕਿਸਤਾਨ ਤੋਂ ਜਦੋਂ ਪੰਜਾਬੀ ਉੱਜੜ ਕੇ ਭਾਰਤ ਆਏ ਸਨ ਤਾਂ ਉਹ ਆਪਣੀਆਂ ਵੱਡੀਆਂ ਜ਼ਮੀਨਾਂ, ਭਰੇ ਭਰਾਏ ਘਰ, ਪਸ਼ੂ, ਪੈਸਾ ਆਦਿ ਛੱਡ ਕੇ ਖਾਲੀ ਹੱਥ ਹੀ ਆਏ ਸਨ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਖ਼ੁਦਕੁਸ਼ੀ ਨਹੀਂ ਕੀਤੀ ਸੀ ਕਿਉਂਕਿ ਉਨ੍ਹਾਂ ਦੀ ਮਾਨਸਿਕਤਾ ਮਜ਼ਬੂਤ ਸੀ। ਕਮਜ਼ੋਰ ਮਾਨਸਿਕਤਾ ਵੀ ਖ਼ੁਦਕੁਸ਼ੀਆਂ ਦਾ ਰਾਹ ਸੁਖਾਲਾ ਕਰ ਦਿੰਦੀ ਹੈ। ਆਪਣੀ ਮਾਨਸਿਕਤਾ ਏਨੀ ਮਜ਼ਬੂਤ ਬਣਾਈਏ ਕਿ ਮੁਸ਼ਕਿਲਾਂ ਆਉਣ ’ਤੇ ਨਾ ਘਬਰਾਈਏ, ਸਗੋਂ ਇਨ੍ਹਾਂ ਦਾ ਡਟ ਕੇ ਮੁਕਾਬਲਾ ਕਰੀਏ। ਮੁਸ਼ਕਿਲਾਂ ਤਾਂ ਸਾਡੇ ਪੁਰਖਿਆਂ ’ਤੇ ਵੀ ਬਹੁਤ ਆਈਆਂ, ਸਗੋਂ ਉਨ੍ਹਾਂ ਨੇ ਮੁਸ਼ਕਿਲਾਂ ਨਾਲ ਜੂਝਦੇ ਹੋਏ ਜਿੱਤਾਂ ਹਾਸਲ ਕੀਤੀਆਂ।
ਇਸ ਲਈ ਆਓ, ਆਪਾਂ ਸਾਰੇ ਪਹਿਲਾਂ ਤਾਂ ਆਪਣੀ ਮਾਨਸਿਕਤਾ ਨੂੰ ਇੰਨਾ ਮਜ਼ਬੂਤ ਬਣਾ ਲਈਏ ਕਿ ਲੱਖਾਂ ਮੁਸ਼ਕਿਲਾਂ ਆਉਣ ’ਤੇ ਵੀ ਹੱਸਦੇ ਹੱਸਦੇ ਜੂਝਦੇ ਰਹੀਏ। ਆਪਾਂ ਸਾਰੇ ਇੰਨੇ ਜਾਗਰੂਕ ਹੋ ਜਾਈਏ ਕਿ ਜੇਕਰ ਸਾਡੇ ਆਲੇ ਦੁਆਲੇ ਕੋਈ ਮੁਸ਼ਕਿਲਾਂ ਵਿੱਚ ਫਸਿਆ ਹੋਇਆ ਨਜ਼ਰ ਆਵੇ ਤਾਂ ਅਸੀਂ ਭੱਜਕੇ ਉਸ ਦੀ ਮਦਦ ਕਰਨ ਜਾ ਪਹੁੰਚੀਏ। ਦੁਖੀ ਬੰਦੇ ’ਤੇ ਹੱਸੀਏ ਨਾ ਸਗੋਂ ਉਸ ਨਾਲ ਹਮਦਰਦੀ ਪ੍ਰਗਟ ਕਰੀਏ। ਬਹੁਤ ਜ਼ਿਆਦਾ ਮੁਸ਼ਕਿਲ ਵਿੱਚ ਫਸੇ ਅਤੇ ਫ਼ਸਲੀ ਨੁਕਸਾਨ ਸਹਿ ਰਹੇ ਕਿਸਾਨ ਦੀ ਆਰਥਿਕ ਮਦਦ ਕਰੀਏ। ਇਸ ਤਰ੍ਹਾਂ ਅਸੀਂ ਪੰਜਾਬ ਵਿੱਚ ਵੱਧ ਰਹੀਆਂ ਖ਼ੁਦਕੁਸ਼ੀਆਂ ਨੂੰ ਰੋਕਣ ਵਿੱਚ ਰਲ ਮਿਲ ਕੇ ਹੰਭਲਾ ਮਾਰ ਕੇ ਇਸਨੂੰ ਮੁੜ ਤੋਂ ਖ਼ੁਸ਼ਹਾਲ ਬਣਾ ਸਕਦੇ ਹਾਂ।

You must be logged in to post a comment Login