ਭਾਰਤੀ ਮੂਲ ਦੇ ਪ੍ਰੋਫੈਸਰ ਅਤੇ ਪਤਨੀ ਸਣੇ ਤਿੰਨ ਨੂੰ ਅਰਥਸ਼ਾਸਤਰ ਦਾ ਨੋਬੇਲ

ਭਾਰਤੀ ਮੂਲ ਦੇ ਪ੍ਰੋਫੈਸਰ ਅਤੇ ਪਤਨੀ ਸਣੇ ਤਿੰਨ ਨੂੰ ਅਰਥਸ਼ਾਸਤਰ ਦਾ ਨੋਬੇਲ

ਸਟਾਕਹੋਮ : ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ (58), ਪਤਨੀ ਐਸਥਰ ਡੁਫਲੋ ਅਤੇ ਇਕ ਹੋਰ ਆਰਥਿਕ ਮਾਹਿਰ ਮਾਈਕਲ ਕਰੇਮਰ ਨੂੰ ਸਾਂਝੇ ਤੌਰ ’ਤੇ ਅਰਥਸ਼ਾਸਤਰ ਲਈ 2019 ਦੇ ਨੋਬੇਲ ਪੁਰਸਕਾਰ ਵਾਸਤੇ ਚੁਣਿਆ ਗਿਆ ਹੈ। ਸ੍ਰੀ ਬੈਨਰਜੀ ਇਸ ਸਮੇਂ ਅਮਰੀਕਾ ਆਧਾਰਿਤ ਮੈਸੇਚੁਐਸਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ’ਚ ਫੋਰਡ ਫਾਊਂਡੇਸ਼ਨ ਇੰਟਰਨੈਸ਼ਨਲ ’ਚ ਅਰਥਸ਼ਾਸਤਰ ਦੇ ਪ੍ਰੋਫੈਸਰ ਹਨ। ਮੁੰਬਈ ’ਚ 1961 ’ਚ ਜਨਮੇ ਸ੍ਰੀ ਬੈਨਰਜੀ ਨੂੰ ਆਲਮੀ ਪੱਧਰ ’ਤੇ ਗਰੀਬੀ ਖ਼ਤਮ ਕਰਨ ਸਬੰਧੀ ਦਿਖਾਏ ਗਏ ਰਸਤੇ ਲਈ ਵੱਕਾਰੀ ਨੋਬੇਲ ਪੁਰਸਕਾਰ ਲਈ ਚੁਣਿਆ ਗਿਆ ਹੈ। ਉਨ੍ਹਾਂ 1998 ’ਚ ਹਾਰਵਰਡ ਯੂਨੀਵਰਸਿਟੀ ਤੋਂ ਪੀਐੱਚਡੀ ਕੀਤੀ ਸੀ। ਸ੍ਰੀ ਬੈਨਰਜੀ ਨੇ ਕਲਕੱਤਾ ਯੂਨੀਵਰਸਿਟੀ ਅਤੇ ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਚਾਰ ਕਿਤਾਬਾਂ ਲਿਖੀਆਂ ਹਨ ਜਿਸ ’ਚੋਂ ‘ਪੂਅਰ ਇਕਨਾਮਿਕਸ’ ਨੇ ਗੋਲਡਮੈਨ ਸੈਸ਼ ਬਿਜ਼ਨਸ ਬੁੱਕ ਆਫ਼ ਦੀ ਯੀਅਰ ਦਾ ਪੁਰਸਕਾਰ ਜਿੱਤਿਆ ਸੀ। ਉਨ੍ਹਾਂ ਤਿੰਨ ਹੋਰ ਕਿਤਾਬਾਂ ਦਾ ਸੰਪਾਦਨ ਕੀਤਾ ਅਤੇ ਦੋ ਦਸਤਾਵੇਜ਼ੀ ਵੀ ਬਣਾਈਆਂ ਹਨ। ਪੈਰਿਸ ’ਚ 1972 ’ਚ ਜਨਮੀ ਡੁਫਲੋ ਨੇ ਐੱਮਆਈਟੀ ਤੋਂ 1999 ’ਚ ਪੀਐੱਚਡੀ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਨੇ ਸ੍ਰੀ ਬੈਨਰਜੀ ਨੂੰ ਵਧਾਈ ਦਿੱਤੀ ਹੈ।
ਭਾਰਤੀ ਅਰਥਚਾਰਾ ਡਾਵਾਂਡੋਲ ਹਾਲਤ ’ਚ: ਬੈਨਰਜੀ
ਕੋਲਕਾਤਾ : ਮੌਜੂਦਾ ਵਰ੍ਹੇ ਦਾ ਅਰਥਸ਼ਾਸਤਰ ’ਚ ਨੋਬੇਲ ਪੁਰਸਕਾਰ ਜਿੱਤਣ ਵਾਲੇ ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ ਨੇ ਕਿਹਾ ਹੈ ਕਿ ਭਾਰਤੀ ਅਰਥਚਾਰਾ ਇਸ ਸਮੇਂ ਡਾਵਾਂਡੋਲ ਹਾਲਤ ’ਚ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਅੰਕੜੇ ਦਰਸਾਉਂਦੇ ਹਨ ਕਿ ਮੁਲਕ ਦੇ ਆਰਥਿਕ ਹਾਲਾਤ ’ਚ ਨੇੜ ਭਵਿੱਖ ’ਚ ਕੋਈ ਸੁਧਾਰ ਹੋਣ ਦੀ ਸੰਭਾਵਨਾ ਦਿਖਾਈ ਨਹੀਂ ਦਿੰਦੀ ਹੈ। ਅਮਰੀਕਾ ਤੋਂ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਸ੍ਰੀ ਬੈਨਰਜੀ ਨੇ ਦੱਸਿਆ,‘‘ਪਿਛਲੇ ਪੰਜ-ਛੇ ਸਾਲਾਂ ’ਚ ਕੁਝ ਵਿਕਾਸ ਦੇਖਿਆ ਜਾ ਸਕਦਾ ਸੀ ਪਰ ਹੁਣ ਇਹ ਭਰੋਸਾ ਦੇਣਾ ਮੁਸ਼ਕਲ ਹੋ ਗਿਆ ਹੈ।’’ ਆਰਥਿਕ ਮਾਹਿਰ ਨੇ ਕਿਹਾ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਸ ਨੂੰ ਇੰਨੀ ਛੇਤੀ ਨੋਬੇਲ ਪੁਰਸਕਾਰ ਮਿਲ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 20 ਵਰ੍ਹਿਆਂ ਤੋਂ ਗਰੀਬੀ ਖ਼ਤਮ ਕਰਨ ਦੀ ਦਿਸ਼ਾ ਵੱਲ ਖੋਜ ਕਾਰਜ ਕਰ ਰਹੇ ਸਨ।

You must be logged in to post a comment Login