ਭਾਰਤੀ ‘ਲੋਕਤੰਤਰ’ ਮਜ਼ਾਕ ਹੈ ਅਸਲੀ ਲੋਕਤੰਤਰ ਦਾ

ਭਾਰਤੀ ‘ਲੋਕਤੰਤਰ’ ਮਜ਼ਾਕ ਹੈ ਅਸਲੀ ਲੋਕਤੰਤਰ ਦਾ

ਸਿਰਫ ਦੋ ਹਫਤੇ ਪਹਿਲਾਂ ਅਸੀਂ ਇੱਕ ਦੇਸੀ ਜਿਹੇ ਬੰਦੇ ਵੱਲੋਂ ਆਮ ਆਦਮੀ ਪਾਰਟੀ ਬਾਰੇ ਆਖੀ ਗਈ ਕਹਾਵਤ ਦਰਜ ਕੀਤੀ ਸੀ ਕਿ ‘ਬੇਵਕੂਫ ਦੀ ਬਰਾਤੇ ਜਾਣ ਨਾਲੋਂ ਅਕਲਮੰਦ ਦੀ ਅਰਥੀ ਪਿੱਛੇ ਜਾਣਾ ਵੀ ਚੰਗਾ ਹੁੰਦਾ ਹੈ।’ ਮੌਜੂਦਾ ਰਾਜ ਪ੍ਰਬੰਧ ਤੋਂ ਅੱਕੇ ਜਿਹੜੇ ਬਹੁਤ ਸਾਰੇ ਲੋਕ ਇਸ ਵੇਲੇ ਕਿਸੇ ਵੀ ਨਵੀਂ ਧਿਰ ਲਈ ਹੁੰਗਾਰਾ ਭਰਨ ਨੂੰ ਤਿਆਰ ਬੈਠੇ ਹਨ, ਉਨ੍ਹਾਂ ਵਿਚੋਂ ਕਈ ਲੋਕਾਂ ਨੇ ਇਸ ਉਤੇ ਇਤਰਾਜ਼ ਕੀਤਾ ਸੀ। ਅਮਰੀਕਾ ਵਿਚੋਂ ਇੱਕ ਸੱਜਣ ਨੇ ਤਾਂ ਆਪਣੇ ਆਪ ਨੂੰ ‘ਗੱਲਬਾਤ ਜੋਗਾ’ ਕਰਨ ਦੇ ਬਾਅਦ ਫੋਨ ਕਰ ਕੇ ਦੇਸੀ ਕਿਸਮ ਦੀਆਂ ਗਾਲ੍ਹਾਂ ਵੀ ਕੱਢ ਦਿੱਤੀਆਂ ਸਨ ਕਿ ‘ਨਵੀਂ ਹਵਾ ਰੁਮਕਣ ਲੱਗੀ ਹੈ, ਤੂੰ ਵਿਰੋਧ ਕਰਨ ਤੁਰ ਪਿਐਂ।’
ਅਸੀਂ ਕਿਸੇ ਦਾ ਵਿਰੋਧ ਅਤੇ ਹਮਾਇਤ ਨਹੀਂ ਸੀ ਕੀਤੀ, ਸਿਰਫ ਹਾਲਾਤ ਦੀ ਸਮੀਖਿਆ ਕੀਤੀ ਸੀ, ਪਰ ਜਿਹੜੀ ਗੱਲ ਉਦੋਂ ਕਈ ਲੋਕਾਂ ਦੀ ਨਜ਼ਰ ਵਿਚ ‘ਨਵੀਂ ਰੁਮਕਦੀ ਹਵਾ ਦਾ ਵਿਰੋਧ’ ਜਾਪਦੀ ਸੀ, ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਦੀ ਤਾਜ਼ਾ ਹਰਕਤ ਪਿੱਛੋਂ ਉਨ੍ਹਾਂ ਨੂੰ ‘ਬੇਵਕੂਫਾਂ ਦੀ ਬਰਾਤ’ ਦੇ ਅਰਥ ਮੁੜ ਕੇ ਸੋਚਣ ਦੀ ਲੋੜ ਹੈ। ਪਾਰਟੀ ਨੂੰ ਯੂਥ ਮੈਨੀਫੈਸਟੋ ਵਾਲੀ ਗਲਤੀ ਪਿਛੋਂ ਜਿੱਦਾਂ ਸੰਭਲ ਕੇ ਚੱਲਣ ਦੀ ਲੋੜ ਸੀ, ਇਹ ਸੰਭਲ ਨਹੀਂ ਰਹੀ।
ਪਾਰਲੀਮੈਂਟ ਭਵਨ ਦੀ ਵੀਡੀਓਗਰਾਫੀ ਕਰਨਾ ਅਤੇ ਫਿਰ ਨਾਲੋ-ਨਾਲ ਸੋਸ਼ਲ ਮੀਡੀਆ ਉਤੇ ਅਪਲੋਡ ਕਰਨ ਤੁਰ ਪੈਣਾ, ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ, ਪਰ ਉਸ ਮਾਮਲੇ ਦੀ ਹੋਰ ਚੀਰ-ਪਾੜ ਵਿਚ ਉਲਝਣ ਦੀ ਬਜਾਏ ਇਸ ਪਾਰਟੀ ਦੀ ਲੀਡਰਸ਼ਿਪ ਦੇ ਗੈਰ-ਸੰਜੀਦਾ ਵਿਹਾਰ ਨੂੰ ਵੇਖਣ ਦੀ ਲੋੜ ਹੈ। ਪਾਰਟੀ ਦਾ ਮੁਖੀ ਆਪ ਵੀ ਅਜੇ ਤੱਕ ਲੋੜ ਜੋਗੀ ਗੰਭੀਰਤਾ ਵਿਖਾਉਣ ਨੂੰ ਤਿਆਰ ਨਹੀਂ ਅਤੇ ਭਗਵੰਤ ਮਾਨ ਦੇ ਅੰਦਰੋਂ ਪੁਰਾਣਾ ਕਾਮੇਡੀਅਨ ਵਾਰ-ਵਾਰ ਬਾਹਰ ਆਉਣ ਨੂੰ ਉਛਲਦਾ ਹੈ। ਤਾਜ਼ਾ ਗਲਤੀ ਵੀ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਦੇ ਅੰਦਰੋਂ ਉਛਲਦੇ ਕਾਮੇਡੀਅਨ ਨੇ ਕਰਵਾਈ ਲੱਗਦੀ ਹੈ।
ਉਂਜ ਇਸ ਪਾਰਟੀ ਵਿਚ ਇਹੋ ਜਿਹੇ ਕਈ ਲੋਕ ਹਨ। ਮਿਸਾਲ ਦੇ ਤੌਰ ਉਤੇ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਿੱਲੀ ਵਿਚ ਇੱਕ ਕੇਸ ਚੱਲਦਾ ਹੈ ਕਿ ਉਸ ਨੇ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਲਈ ‘ਠੁੱਲਾ’ ਸ਼ਬਦ ਵਰਤਿਆ ਹੈ। ਅਦਾਲਤ ਨੇ ਉਸ ਤੋਂ ਇਸ ਸ਼ਬਦ ਦੇ ਅਰਥ ਪੁੱਛੇ ਹਨ। ਪੁੱਛਣ ਦਾ ਕਾਰਨ ਇਹ ਹੈ ਕਿ ਇਹ ਸ਼ਬਦ ਕਿਸੇ ਡਿਕਸ਼ਨਰੀ ਵਿਚ ਨਹੀਂ ਮਿਲਦਾ। ਇਹ ਗੱਲ ਬਿਲਕੁਲ ਠੀਕ ਹੈ। ਬਾਹਲੀ ਠੇਠ ਬੋਲੀ ਵਿਚ ਮੰਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਂਦੇ ਸ਼ਬਦ ਡਿਕਸ਼ਨਰੀਆਂ ਵਿਚੋਂ ਕਦੇ ਵੀ ਨਹੀਂ ਮਿਲਦੇ ਹੁੰਦੇ।
ਕੇਜਰੀਵਾਲ ਅਤੇ ਉਸ ਦੀ ਪਾਰਟੀ ਲਈ ‘ਬੇਵਕੂਫਾਂ ਦੀ ਬਰਾਤ’ ਵਾਲੇ ਸ਼ਬਦ ਵਰਤਣ ਦਾ ਇਹ ਅਰਥ ਨਹੀਂ ਕਿ ਬਾਕੀ ਪਾਰਟੀਆਂ ਵਿਚ ਸਭ ਕੁਝ ਠੀਕ ਹੈ। ਏਦੂੰ ਵੱਧ ਬੇਵਕੂਫੀਆਂ ਕਰਨ ਵਾਲੇ ਵੀ ਉਥੇ ਮਿਲ ਜਾਣਗੇ। ਮਿਸਾਲ ਦੇ ਤੌਰ ਉਤੇ ਹੁਣੇ ਜਿਹੇ ਭਾਰਤ ਦੇ ਸਭ ਤੋਂ ਵੱਡੇ ਰਾਜ ਉਤਰ ਪ੍ਰਦੇਸ਼ ਦੀ ਸੱਤਾ ਸੰਭਾਲਣ ਨੂੰ ਕਾਹਲੀ ਭਾਰਤੀ ਜਨਤਾ ਪਾਰਟੀ ਦੇ ਇੱਕ ਮੀਤ ਪ੍ਰਧਾਨ ਨੇ ਜਿਹੜਾ ਦੇਸ਼ ਵਿਆਪੀ ਪੁਆੜਾ ਪਾ ਦਿੱਤਾ ਹੈ, ਉਹ ਵੀ ਬਦ-ਜ਼ਬਾਨੀ ਦੀ ਹਰ ਹੱਦ ਟੱਪ ਜਾਣ ਦੀ ਮਿਸਾਲ ਹੈ। ਉਸ ਨੇ ਆਪਣੇ ਰਾਜ ਦੀ ਚਾਰ ਵਾਰੀ ਮੁੱਖ ਮੰਤਰੀ ਰਹੀ ਅਤੇ ਪਾਰਲੀਮੈਂਟ ਦੀ ਮੌਜੂਦਾ ਮੈਂਬਰ ਬਹੁਜਨ ਸਮਾਜ ਪਾਰਟੀ ਦੀ ਮੁਖੀ ਬੀਬੀ ਮਾਇਆਵਤੀ ਵਾਸਤੇ ਇਖਲਾਕ ਤੋਂ ਗਿਰੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਜਵਾਬ ਵਿਚ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਉਸ ਆਗੂ ਦਾ ਵਿਰੋਧ ਕਰਨ ਤੱਕ ਸੀਮਤ ਨਾ ਰਹਿ ਕੇ ਉਸ ਦੇ ਪਰਿਵਾਰ ਦੀਆਂ ਔਰਤਾਂ, ਉਸ ਦੀ ਮਾਂ, ਪਤਨੀ ਤੇ ਸਿਰਫ ਬਾਰਾਂ ਸਾਲ ਦੀ ਧੀ ਵਾਸਤੇ ਅਜਿਹੇ ਸ਼ਬਦ ਵਰਤੇ ਹਨ, ਜਿਹੜੇ ਸੁਣਨੇ ਮੁਸ਼ਕਲ ਹਨ।
ਅਗਲੇ ਸਾਲ ਪੰਜਾਬ ਦੇ ਨਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਾਸਤੇ ਭਾਜਪਾ ਤੇ ਬਹੁਜਨ ਸਮਾਜ ਪਾਰਟੀ ਦੋਵੇਂ ਹੀ ਗੱਦੀ ਸੰਭਾਲਣ ਨੂੰ ਦੌੜ ਰਹੀਆਂ ਹਨ, ਪਰ ਰਾਜਨੀਤੀ ਵਿਚ ਦੌੜ ਵਾਅਦਿਆਂ, ਦਾਅਵਿਆਂ ਅਤੇ ਕੀਤੇ ਹੋਏ ਕੰਮਾਂ ਦੀ ਨਹੀਂ, ਬਦ-ਜ਼ਬਾਨੀ ਦੀ ਹੋਣ ਲੱਗੀ ਹੈ। ਜਿਹੜੇ ਭਾਜਪਾ ਆਗੂ ਪਹਿਲੇ ਦਿਨ ਆਪਣੇ ਮੀਤ ਪ੍ਰਧਾਨ ਦਾ ਬਚਾਅ ਕਰਦੇ ਰਹੇ, ਸ਼ਾਮ ਨੂੰ ਦਬਾਅ ਹੇਠ ਸਿਰਫ ਸਸਪੈਂਡ ਕਰਨ ਨਾਲ ਬੁੱਤਾ ਸਾਰਿਆ ਤੇ ਅਗਲੇ ਦਿਨ ਦਬਾਅ ਵਧਦਾ ਵੇਖ ਕੇ ਉਸ ਨੂੰ ‘ਛੇ ਸਾਲ ਲਈ ਪਾਰਟੀ ਤੋਂ ਬਾਹਰ’ ਕਰ ਦੇਣ ਦਾ ਐਲਾਨ ਕਰਨ ਤੱਕ ਸੀਮਤ ਸਨ, ਹੁਣ ਆਪਣੇ ਉਸੇ ਬੰਦੇ ਦੀ ਢਾਲ ਬਣ ਕੇ ਸਾਹਮਣੇ ਆ ਗਏ ਹਨ। ਉਨ੍ਹਾਂ ਇਹ ਮੁੱਦਾ ਚੁੱਕ ਲਿਆ ਹੈ ਕਿ ਗਲਤੀ ਉਸ ਨੇ ਕੀਤੀ ਸੀ, ਉਸ ਦੀ ਮਾਂ, ਪਤਨੀ ਤੇ ਧੀ ਨੂੰ ਨਿਸ਼ਾਨਾ ਬਣਾ ਕੇ ਬਸਪਾ ਵਾਲਿਆਂ ਨੇ ਵੀ ਅਪਰਾਧ ਕੀਤਾ ਹੈ। ਕਾਨੂੰਨ ਦੇ ਪੱਖੋਂ ਉਸ ਭਾਜਪਾ ਆਗੂ ਦੀ ਮਦਦ ਲਈ ਚੁੱਕਿਆ ਇਨ੍ਹਾਂ ਦਾ ਮੁੱਦਾ ਵੀ ਗਲਤ ਨਹੀਂ।
ਸਾਡੇ ਸਾਹਮਣੇ ਇਸ ਤੋਂ ਅਗਲਾ ਸਵਾਲ ਇਹ ਹੈ ਕਿ ਕੀ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਲੋਕਤੰਤਰ ਵਿਕਸਤ ਹੋਵੇਗਾ ਜਾਂ ਰਹਿੰਦਾ ਵੀ ਬੇੜਾ ਗਰਕ ਜਾਵੇਗਾ? ਇਸ ਵਕਤ ਇਹੋ ਜਿਹੇ ਹਾਲਤ ਹੀ ਦਿਸਦੇ ਹਨ।
ਹੁਣੇ ਬੀਤੇ ਹਫਤੇ ਰਾਜਸਥਾਨ ਤੋਂ ਭਾਜਪਾ ਦੇ ਇੱਕ ਵਿਧਾਇਕ ਨੇ ਇਹ ਬਿਆਨ ਦਾਗ ਦਿੱਤਾ ਕਿ ਜੰਮੂ ਅਤੇ ਕਸ਼ਮੀਰ ਦੀ ਸਮੱਸਿਆ ਹੱਲ ਹੋ ਜਾਣੀ ਸੀ, ਜਵਾਹਰ ਲਾਲ ਨਹਿਰੂ ਨੇ ਇਸ ਲਈ ਨਹੀਂ ਹੋਣ ਦਿੱਤੀ ਕਿ ਅਗਲੇ ਪਾਸੇ ਜ਼ਿਦ ਕਰੀ ਬੈਠਾ ਸ਼ੇਖ ਅਬਦੁੱਲਾ ਅਸਲ ਵਿਚ ਪੰਡਿਤ ਨਹਿਰੂ ਦਾ ‘ਮਤਰੇਆ ਭਰਾ’ ਸੀ। ਉਹ ਸਿਰਫ ਇਸ ਹੱਦ ਨੂੰ ਛੋਹ ਕੇ ਨਹੀਂ ਰੁਕਿਆ, ਅੱਗੋਂ ‘ਮਤਰੇਆ’ ਹੋਣ ਦੇ ਅਰਥ ਵੀ ਦੱਸਣ ਲੱਗ ਪਿਆ। ਰਾਜਸਥਾਨ ਦੇ ਆਪਣੇ ਉਸ ਵਿਧਾਇਕ ਨੂੰ ਭਾਜਪਾ ਨੇ ਇਸ ਤਰ੍ਹਾਂ ਕਰਨੋਂ ਡਾਂਟਿਆ ਨਹੀਂ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦਿੱਲੀ ਦੀਆਂ ਚੋਣਾਂ ਦੌਰਾਨ ਇੱਕ ਕੇਂਦਰੀ ਮੰਤਰੀ ਬੀਬੀ ਨੇ ਕਿਹਾ ਸੀ ਕਿ ਰਾਮ ਨੂੰ ਮੰਨਣ ਵਾਲੇ ‘ਰਾਮਜ਼ਾਦੇ’ ਹਨ ਅਤੇ ਜਿਹੜੇ ਰਾਮ ਨੂੰ ਨਹੀਂ ਮੰਨਦੇ, ਉਨ੍ਹਾਂ ਦੇ ਨਾਂ ਨਾਲ ‘ਰਾਮਜ਼ਾਦੇ’ ਦੇ ਸ਼ੁਰੂ ਵਿਚ ਉਸ ਬੀਬੀ ਨੇ ‘ਹ’ ਜੋੜ ਕੇ ਬਹੁਤ ਗੰਦੀ ਗਾਲ੍ਹ ਕੱਢ ਦਿੱਤੀ ਸੀ। ਉਦੋਂ ਵੀ ਭਾਜਪਾ ਆਪਣੀ ਉਸ ਮੰਤਰੀ ਬੀਬੀ ਦਾ ਬਚਾਅ ਕਰਦੀ ਰਹੀ ਸੀ। ਜਦੋਂ ਪਾਰਲੀਮੈਂਟ ਵਿਚ ਇਸ ਗੱਲ ਤੋਂ ਬੜਾ ਵੱਡਾ ਉਬਾਲ ਆ ਗਿਆ ਤਾਂ ਉਸ ਨੂੰ ਮੁਆਫੀ ਮੰਗਣ ਨੂੰ ਆਖਿਆ ਸੀ, ਪਰ ਉਸ ਤੋਂ ਬਾਅਦ ਵੀ ਇਹ ਸਿਲਸਿਲਾ ਰੁਕਿਆ ਨਹੀਂ ਸੀ। ਕਈ ਸਾਧ ਤੇ ਸਾਧਵੀਆਂ ਹੁਣ ਤੱਕ ਇਹੋ ਕੁਝ ਕਰੀ ਜਾਂਦੇ ਹਨ।
ਅਸੀਂ ਭਾਰਤੀ ਲੋਕਤੰਤਰ ਦਾ ‘ਮੰਦਿਰ’ ਕਹਾਉਂਦੀ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਵਿਚ ਏਦਾਂ ਦੀ ਬੇਹੂਦਗੀ ਦੇ ਕਈ ਨਮੂਨੇ ਵੇਖਣ ਦੀ ਬਦਕਿਸਮਤੀ ਹੰਢਾਈ ਹੋਈ ਹੈ। ਇੱਕ ਮੌਕੇ ਉਤਰ ਪ੍ਰਦੇਸ਼ ਵਿਚ ਜਦੋਂ ਬਸਪਾ ਤੇ ਭਾਜਪਾ ਵਿਚ ਸੱਤਾ ਸੰਘਰਸ਼ ਹੋਇਆ ਤੇ ਵਿਧਾਨ ਸਭਾ ਵਿਚ ਕੁਰਸੀਆਂ ਚੱਲੀਆਂ ਸਨ, ਮੇਜ਼-ਕੁਰਸੀਆਂ ਹੇਠੋਂ ਬਾਹਰ ਖਿੱਚ ਕੇ ਮਾਈਕਰੋਫੋਨ ਤੇ ਛਿੱਤਰਾਂ ਨਾਲ ਇੱਕ-ਦੂਸਰੇ ਨੂੰ ਕੁੱਟਿਆ ਗਿਆ ਸੀ, ਉਦੋਂ ਇੱਕ ਵਿਧਾਇਕ ਬੀਬੀ ਦੇ ਬੋਲ ਜਿਸ ਵੀ ਮੀਡੀਆ ਚੈਨਲ ਨੇ ਪੇਸ਼ ਕੀਤੇ, ਉਨ੍ਹਾਂ ਵਿਚ ਇੱਕ ਜਗ੍ਹਾ ਕੱਟ ਕੇ ਬੀਪ ਦੀ ਸੀਟੀ ਵਜਾਈ ਜਾਂਦੀ ਸੀ। ਕਿਹਾ ਜਾਂਦਾ ਸੀ ਕਿ ਉਸ ਬੀਬੀ ਨੇ ਉਥੇ ਏਦਾਂ ਦੀ ‘ਸੁਲੱਖਣੀ’ ਭਾਸ਼ਾ ਵਰਤੀ ਹੋਈ ਸੀ, ਜਿਹੜੀ ਸੁਣਾ ਸਕਣੀ ਔਖੀ ਸੀ।
ਸਾਡੀ ਆਪਣੀ ਪੰਜਾਬ ਵਿਧਾਨ ਸਭਾ ਵਿਚ ਵੀ ਘੱਟੋ-ਘੱਟ ਦੋ ਵਾਰ ਗਾਲ੍ਹਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਤੇ ਦੂਸਰੇ ਰਾਜਾਂ ਵਿਚ ਵੀ ਵਿਧਾਨ ਸਭਾਵਾਂ ਵਿਚ ਏਦਾਂ ਦਾ ਕਈ ਕੁਝ ਵਾਪਰ ਚੁੱਕਾ ਹੈ। ਇੱਕ ਦੱਖਣੀ ਰਾਜ ਵਿਚ ਜਦੋਂ ਰਾਜ ਕਰਦੀ ਧਿਰ ਤੇ ਵਿਰੋਧੀ ਧਿਰ ਦੀ ਲੜਾਈ ਗੁੱਥਮ-ਗੁੱਥਾ ਤੱਕ ਪਹੁੰਚ ਗਈ ਤਾਂ ਵਿਰੋਧੀ ਧਿਰ ਦੀ ਲੀਡਰ ਨੇ ਬਾਹਰ ਆ ਕੇ ਸਾੜ੍ਹੀ ਦਾ ਪਾਟਾ ਹੋਇਆ ਪੱਲਾ ਪੱਤਰਕਾਰਾਂ ਨੂੰ ਵਿਖਾ ਕੇ ਕਿਹਾ ਸੀ ਕਿ ਹਾਊਸ ਵਿਚ ਮੇਰੀ ਇੱਜ਼ਤ ਲੁੱਟਣ ਲਈ ਯਤਨ ਕੀਤਾ ਗਿਆ ਹੈ। ਡਾæ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਏਦਾਂ ਦਾ ਇੱਕ ਬਦਕਿਸਮਤ ਦ੍ਰਿਸ਼ ਪਾਰਲੀਮੈਂਟ ਵਿਚ ਵੀ ਵੇਖਿਆ ਜਾ ਚੁੱਕਾ ਹੈ। ਉਥੇ ਵੀ ਮੈਂਬਰਾਂ ਨੇ ਹੱਥੋ-ਪਾਈ ਲਈ ਬਾਂਹਾਂ ਟੰਗੀਆਂ ਤੇ ਬਦ-ਜ਼ਬਾਨੀ ਕੀਤੀ ਸੀ। ਗੀਤ ਤਾਂ ਗੀਤ ਹੁੰਦਾ ਹੈ ਤੇ ਉਸ ਦੀ ਇੱਕ ਸੁਰ ਵੀ ਹੁੰਦੀ ਹੈ, ਪਰ ਜਦੋਂ ਅਸਲ ਦੀ ਥਾਂ ਉਸ ਦੀ ਨਕਲ ਵਾਲੀ ਪੈਰੋਡੀ ਪੇਸ਼ ਹੁੰਦੀ ਹੈ, ਉਦੋਂ ਵੇਖਣ ਤੇ ਸੁਣਨ ਵਾਲਿਆਂ ਨੂੰ ਹੱਸਣ ਦਾ ਮੌਕਾ ਬੇਸ਼ੱਕ ਮਿਲ ਜਾਵੇ, ਹਕੀਕਤ ਤੋਂ ਮਿਲਣ ਵਾਲਾ ਮਜ਼ਾ ਨਹੀਂ ਮਿਲ ਸਕਦਾ। ਭਾਰਤ ਦਾ ਲੋਕਤੰਤਰ ਵੀ ਅਸਲੀ ਅਰਥਾਂ ਵਿਚ ਲੋਕਤੰਤਰ ਨਹੀਂ ਬਣ ਸਕਿਆ ਅਤੇ ਸਮਾਜ ਦੇ ਸਾਹਮਣੇ ਆਪਣੇ ਤੋਂ ਪਹਿਲਾਂ ਆਏ ਲੋਕਤੰਤਰ ਦੇ ਪ੍ਰਤੀਕਾਂ ਦੀ ਬੜੇ ਘਟੀਆ ਰੰਗ ਦੀ ਪੈਰੋਡੀ ਬਣ ਗਿਆ ਹੈ। ਪੈਰੋਡੀ ਵੀ ਅਜਿਹੀ ਹੈ, ਜਿਸ ਵਿਚ ਹੱਸਣ ਦੇ ਮੌਕੇ ਘੱਟ ਅਤੇ ਮੱਥੇ ਉਤੇ ਹੱਥ ਮਾਰਨ ਵਾਲੇ ਵੱਧ ਪੇਸ਼ ਹੁੰਦੇ ਹਨ। ਇਸ ਪੈਰੋਡੀ ਨੇ ਕਈ ਮਸਖਰਿਆਂ ਨੂੰ ਦੇਸ਼ ਦੀ ਲੀਡਰੀ ਦੇ ਮੌਕੇ ਦਿੱਤੇ ਹੋਏ ਹਨ। ਪੰਦਰਾਂ ਸਾਲ ਪਹਿਲਾਂ ਬਿਹਾਰ ਤੋਂ ਕੇਂਦਰ ਦਾ ਇੱਕ ਮੰਤਰੀ ਹੁੰਦਾ ਸੀ, ਜਿਹੜਾ ਖਾਨਦਾਨੀ ਓਝਾ ਸੀ ਅਤੇ ਮੰਤਰੀ ਬਣਨ ਤੋਂ ਪਹਿਲਾਂ ਝਾੜ-ਫੂਕ ਨਾਲ ਲੋਕਾਂ ਦੇ ਰੋਗਾਂ ਦਾ ਇਲਾਜ ਕਰਨ ਦਾ ਦਾਅਵਾ ਕਰਦਾ ਸੀ। ਉਸ ਨੇ ਬਿਹਾਰ ਵਿਚ ਭਾਰਤ ਦਾ ਓਝਾ ਸੰਮੇਲਨ ਕਰਵਾ ਦਿੱਤਾ ਤੇ ਭਾਰਤੀ ਲੋਕਤੰਤਰ ਦਾ ਕੇਂਦਰੀ ਮੰਤਰੀ ਕਾਲਾ ਤੇਲ ਸਰੀਰ ਉਤੇ ਮਲ਼ ਕੇ ਸਿਰਫ ਇੱਕ ਕੱਛੇ ਨਾਲ ਲੋਕਾਂ ਦੇ ਸਾਹਮਣੇ ਇੱਕ ਗੰਡਾਸੇ ਵਰਗੇ ਹਥਿਆਰ ਨਾਲ ਨਾਚ ਕਰਦਾ ਰਿਹਾ ਸੀ। ਹੁਣ ਮੱਧ ਪ੍ਰਦੇਸ਼ ਤੋਂ ਬੜੀ ਭੱਦੀ ਗੱਲ ਸੁਣੀ ਹੈ। ਉਥੇ ਇੱਕ ਮੰਤਰੀ ਨੇ ਆਰਥਿਕ ਸੰਕਟ ਦੀ ਮਾਰ ਨਾਲ ਮਰ ਗਏ ਕਿਸਾਨਾਂ ਦੇ ਅੰਕੜੇ ਪੇਸ਼ ਕੀਤੇ ਤਾਂ ਕੁਝ ਵੇਰਵੇ ਦੱਸਣ ਦੇ ਬਾਅਦ ਕਹਿ ਦਿੱਤਾ ਕਿ ‘ਐਨੇ ਕਿਸਾਨ ਭੂਤ-ਪ੍ਰੇਤਾਂ ਕਾਰਨ ਵੀ ਮਾਰੇ ਗਏ।’ ਮੰਤਰੀ ਦੀ ਇਸ ਰਿਪੋਰਟ ਤੋਂ ਰੌਲਾ ਪੈ ਗਿਆ ਕਿ ਉਹ ਅੰਧ-ਵਿਸ਼ਵਾਸੀ ਹੈ ਤੇ ਵਿਧਾਨ ਸਭਾ ਵਿਚ ਇਸ ਸੋਚ ਦਾ ਪ੍ਰਚਾਰ ਕਰਦਾ ਹੈ। ਸਰਕਾਰ ਦੇ ਮੁਖੀ ਨੇ ਸਫਾਈ ਦਿੱਤੀ ਕਿ ਇਸ ਤਰ੍ਹਾਂ ਕਹਿਣ ਦਾ ਅਰਥ ਇਹ ਨਹੀਂ ਕਿ ਮੰਤਰੀ ਅੰਧ-ਵਿਸ਼ਵਾਸੀ ਹੈ, ਅਸਲ ਵਿਚ ਉਸ ਨੇ ਇਹ ਦੱਸਿਆ ਹੈ ਕਿ ਐਨੇ ਕਿਸਾਨਾਂ ਦੇ ਪਰਿਵਾਰ ਕਹਿੰਦੇ ਹਨ ਕਿ ਉਹ ਭੂਤਾਂ-ਪ੍ਰੇਤਾਂ ਵਾਲੀ ਕਸਰ ਨਾਲ ਮਾਰੇ ਗਏ ਹਨ। ਇਹ ਤਸਵੀਰ ਉਸ ਭਾਰਤ ਦੇਸ਼ ਦੀ ਹੈ, ਜਿਸ ਦਾ ਇੱਕ ਉਪ-ਗ੍ਰਹਿ ਇਸ ਵੇਲੇ ਬੜਾ ਖੂੰਖਾਰ ਮੰਨੇ ਜਾਂਦੇ ‘ਮੰਗਲ’ ਗ੍ਰਹਿ ਦੀ ਖੋਜ ਕਰਨ ਲਈ ਉਸ ਦੇ ਦੁਆਲੇ ਕਬੱਡੀ ਪਾਉਂਦਾ ਫਿਰਦਾ ਹੈ। ਇਸ ਤਰ੍ਹਾਂ ਦੇ ਹਾਲਾਤ ਭਾਰਤ ਦੇ ਲੋਕਾਂ ਦੇ ਪੱਲੇ ਇਸ ਲਈ ਪਏ ਹਨ ਕਿ ਸਾਡੇ ਲੋਕ ਅਸਲ ਵਿਚ ਲੋਕਤੰਤਰ ਦੀ ਪੈਰੋਡੀ ਨੂੰ ਹੀ ਲੋਕਤੰਤਰ ਮੰਨ ਕੇ ਤਸੱਲੀ ਕਰੀ ਜਾ ਰਹੇ ਹਨ। ਲੋਕਤੰਤਰ ਤਾਂ ਉਦੋਂ ਬਣਦਾ ਹੈ, ਜਦੋਂ ਬੁਨਿਆਦੀ ਅਧਿਕਾਰਾਂ ਦੀ ਗਾਰੰਟੀ ਦੇ ਨਾਲ ਬੁਨਿਆਦੀ ਫਰਜ਼ਾਂ ਦੀ ਪੂਰਤੀ ਦੀ ਭਾਵਨਾ ਵਿਕਸਤ ਕਰਦੇ ਹੋਏ ਏਦਾਂ ਦੇ ਆਗੂ ਵੀ ਸਮੇਂ ਦੀਆਂ ਸੱਟਾਂ ਨਾਲ ਘੜੇ ਜਾਣ, ਜਿਹੜੇ ਅਗਵਾਈ ਕਰ ਸਕਣ। ਇਥੇ ਏਦਾਂ ਦਾ ਕੁਝ ਵੀ ਨਹੀਂ। ਉਘੇ ਪੱਤਰਕਾਰ ਵਿਨੋਦ ਦੂਆ ਨੇ ਇੱਕ ਵਾਰ ਮਜ਼ਾਕ ਨਾਲ ਕਿਹਾ ਸੀ ਕਿ ਭਾਰਤ ਵਿਚ ਵਿਕਦੇ ਮਨਚੂਰੀਅਨ ਦਾ ਪਤਾ ਚੀਨ ਦੇ ਲੋਕਾਂ ਨੂੰ ਲੱਗ ਜਾਵੇ ਤਾਂ ਚੀਨ ਵਿਚ ਵਿਕਦੇ ਅਸਲ ਮਨਚੂਰੀਅਨ ਨੂੰ ਆਪਣੇ ਨਾਂ ਤੋਂ ਸ਼ਰਮ ਆਉਣ ਲੱਗ ਪਵੇਗੀ। ਭਾਰਤ ਵਿਚ ਜਿਹੜਾ ਰਾਜ ਪ੍ਰਬੰਧ ਸਾਡੇ ਕੋਲ ਹੈ, ਜੇ ਉਸ ਨੂੰ ਅਸਲੀ ਲੋਕਤੰਤਰ ਮੰਨ ਲਿਆ ਤਾਂ ਜਿੱਥੇ ਕਿਧਰੇ ਸੱਚਮੁੱਚ ਦਾ ਲੋਕਤੰਤਰ ਮੌਜੂਦ ਹੋਇਆ, ਉਸ ਨੂੰ ਵੀ ਆਪਣੇ ਆਪ ਉਤੇ ਸ਼ਰਮ ਆਉਣ ਲੱਗ ਪਵੇਗੀ।

-ਜਤਿੰਦਰ ਪਨੂੰ

You must be logged in to post a comment Login