ਭਾਰਤ ’ਚ ਕਿਸਾਨ ਨਹੀਂ, ਬੇਰੁਜ਼ਗਾਰ ਕਰ ਰਹੇ ਵਧੇਰੇ ਖ਼ੁਦਕੁਸ਼ੀਆਂ

ਭਾਰਤ ’ਚ ਕਿਸਾਨ ਨਹੀਂ, ਬੇਰੁਜ਼ਗਾਰ ਕਰ ਰਹੇ ਵਧੇਰੇ ਖ਼ੁਦਕੁਸ਼ੀਆਂ

ਚੰਡੀਗੜ੍ਹ- ਇੱਕ ਦੇਸ਼ ਦਾ ਅੰਨ ਦਾਤਾ ਤੇ ਦੂਜਾ ਦੇਸ਼ ਦਾ ਭਵਿੱਖ। ਜੇਕਰ ਇਹ ਦੋਵੇ ਹੀ ਨਾ ਹੋਣ ਤਾਂ ਕੀ ਅਸੀਂ ਤਰੱਕੀ ਕਰ ਸਕਾਂਗੇ। ਅਜਿਹਾ ਸੋਚਣਾ ਵੀ ਇਕ ਤਰਾਂ ਨਾਲ ਗੁਨਾਹ ਹੀ ਹੋਵੇਗਾ ਕਿਓਂਕਿ ਜੇਕਰ ਅੰਨ ਦਾਤਾ ਤੇ ਦੂਜਾ ਦੇਸ਼ ਦਾ ਭਵਿੱਖ ਉਸਾਰੀਏ ਨਹੀਂ ਹੋਣਗੇ ਤਾਂ ਤਰੱਕੀ ਤਾਂ ਦੂਰ ਅਸੀਂ ਤਾਂ ਆਪਣੇ ਪਾਲਣ ਪੋਸ਼ਣ ਕਰਨ ਤੇ ਢਿੱਡ ਵੀ ਨੀ ਪਾਲ ਸਕਾਂਗੇ।ਸਾਡੇ ਦੇਸ਼ ਵਿਚ ਕਿਸਾਨ ਨਹੀਂ ਸਗੋਂ ਬੇਰੁਜ਼ਗਾਰ ਵਧੇਰੇ ਖੁਦਕੁਸ਼ੀਆਂ ਕਰ ਰਹੇ ਹਨ ਜੀ ਬਿਲਕੁਲ ਕਿਸਾਨਾਂ ਨਾਲੋਂ ਵੱਧ ਕੇ ਸਾਡੇ ਦੇਸ਼ ਵਿਚ ਬੇਰੁਜ਼ਗਾਰ ਖੁਦਕੁਸ਼ੀਆਂ ਦੇ ਰਾਹ ਤੇ ਤੁਰ ਰਹੇ ਹਨ। ਜਦੋਂ ਦਾ ਭਾਰਤ ਲੋਕਤੰਤਰ ਦੇਸ਼ ਬਣਿਆ ਹੈ ਓਦੋ ਤੋਂ ਹੀ ਸਾਡੇ ਰਾਜਨੀਤਿਕ ਆਗੂਆਂ ਵਲੋਂ ਦੇਸ਼ ਦੇ ਵਿਕਾਸ ਦੇ ਦਾਅਵਿਆਂ ਦੇ ਬਿਆਨ ਆਸਮਾਨ ਦੀਆਂ ਚੋਟੀਆਂ ਨੂੰ ਛੁਹ ਰਹੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਹ ਬਿਆਨ ਸਿਰਫ਼ ਜੁਬਾਨ ਦੇ ਬਿਆਨਾਂ ਤਕ ਹੀ ਸੀਮਿਤ ਨੇ।
ਹਕੀਕਤ ਤਾਂ ਇਹ ਹੈ ਕਿ ਨਾ ਤਾਂ ਸਾਡੇ ਆਗੂ ਆਪਣੀ ਜੁਬਾਨ ਤੇ ਖਰੇ ਉੱਤਰ ਸਕੇ ਤੇ ਨਾ ਹੀ ਦੇਸ਼ ਦੇ ਭਵਿੱਖ ਉਸਾਰੀਏ ਨੌਜਵਾਨਾਂ ਦਾ ਵਿਕਾਸ ਹੋ ਸਕਿਆ। ਪਲ ਪਲ ਆਪਣਾ ਤੇ ਆਪਣੇ ਪਰਿਵਾਰ ਦਾ ਵਧੀਆ ਜੀਵਨ ਨਿਰਬਾਹ ਕਰਨ ਦੀਆਂ ਸੋਚਾਂ ਨੌਜਵਾਨਾਂ ਨੂੰ ਲੱਕੜ ਤੇ ਲੱਗੀ ਘੁਣ ਵਾਂਗ ਅੰਦਰੋਂ ਅੰਦਰੀ ਖਾਈ ਜਾਂਦੀਆਂ ਹਨ। ਕਿਓਂਕਿ ਡਿਗਰੀ ਦੇ 1 ਕਾਗਜ ਪਿੱਛੇ ਕਈ ਸਾਲਾਂ ਦੀ ਪੜ੍ਹਾਈ ਤੇ ਲੱਖਾਂ ਰੁਪਏ ਲਗਦੇ ਹਨ।
ਕਈ ਮਾਪਿਆਂ ਦੀਆਂ ਤਾਂ ਜਮੀਨਾਂ ਵੀ ਵਿਕ ਜਾਂਦੀਆਂ ਹਨ ਆਪਣੇ ਬੱਚਿਆਂ ਨੂੰ ਪੜਾਉਣ ਦੇ ਪਿੱਛੇ। ਪਰ ਹੱਥ ਸਿਰਫ ਇਕ ਟੁਕੜਾ ਡਿਗਰੀ ਦਾ ਆ ਜਾਂਦਾ। ਸਰਕਾਰੀ ਨੌਕਰੀਆਂ ਤਾਂ ਦੂਰ ਸਾਡੇ ਦੇਸ਼ ਵਿਚ ਅਜੇ ਪ੍ਰਾਈਵੇਟ ਨੌਕਰੀਆਂ ਵੀ ਨੌਜਵਾਨਾਂ ਨੂੰ ਨਸੀਬ ਨਹੀਂ ਹੋ ਰਹੀਆਂ। ਚਾਰੇ ਪਾਸਿਓਂ ਤੰਗ ਪ੍ਰੇਸ਼ਾਨ ਨੌਜਵਾਨ ਦਰ ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਅਖੀਰ ਖ਼ੁਦਕੁਸ਼ੀ ਦਾ ਰਾਹ ਅਪਣਾਉਂਦੇ ਹਨ। ਇਸ ਰਾਹ ਤੇ ਇੱਕ ਨਹੀਂ ਆਏ ਦਿਨ ਅਨੇਕਾਂ ਹੀ ਨੌਜਵਾਨ ਤੁਰ ਰਹੇ ਹਨ ਤੇ ਜਿਸਦਾ ਖੁਲਾਸਾ ਇਕ ਰਿਪੋਰਟ ਵਿਚ ਹੋਇਆ ਹੈ। ਇਸ ਰਿਪੋਰਟ ਵਿਚ ਬੇਰੁਜ਼ਗਾਰੀ ਬਾਰੇ ਕੁਝ ਅਜਿਹੇ ਹੈਰਾਨੀਜਨਕ ਆਂਕੜੇ ਦਿੱਤੇ ਗਏ ਹਨ ਕਿ ਤੁਸੀਂ ਵੀ ਸੁਣ ਕੇ ਸੋਚਾਂ ਵਿਚ ਪੈ ਜਾਓਗੇ। ਜੀ ਹਾਂ ਸਾਲ 2017–18 ਦੌਰਾਨ ਕਿਸਾਨਾਂ ਤੋਂ ਵੱਧ ਬੇਰੁਜ਼ਗਾਰਾਂ ਨੇ ਖ਼ੁਦਕੁਸ਼ੀ ਕੀਤੀ ਹੈ ਜਿਸਦਾ ਦਾਅਵਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਕੀਤਾ ਹੈ। NCRB ਦੇ ਅੰਕੜਿਆਂ ਮੁਤਾਬਕ ਬੇਕਾਰੀ ਤੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਤੋਂ ਵੱਧ ਹੈ। ਸਾਲ 2018 ਦੌਰਾਨ 12,936 ਵਿਅਕਤੀਆਂ ਨੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ; ਜਦ ਕਿ ਇਸੇ ਸਮੇਂ ਦੌਰਾਨ ਖੇਤੀਬਾੜੀ ਤੇ ਕਿਸਾਨੀ ਨਾਲ ਜੁੜੇ 10,349 ਲੋਕਾਂ ਨੇ ਖ਼ੁਦਕੁਸ਼ੀ ਕੀਤੀ। NCRB ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਸਾਲ 2018 ਦੌਰਾਨ ਦੇਸ਼ ਵਿੱਚ ਖ਼ੁਦਕੁਸ਼ੀ ਦੇ ਮਾਮਲਿਆਂ ਵਿੱਚ ‘ਚ 3.6 ਫ਼ੀ ਸਦੀ ਵਾਧਾ ਹੋਇਆ ਹੈ।
ਸਾਲ 2018 ਦੌਰਾਨ ਖ਼ੁਦਕੁਸ਼ੀ ਦੇ 1 ਲੱਖ 34 ਹਜ਼ਾਰ 516 ਮਾਮਲੇ ਦਰਜ ਹੋਏ, ਜਦ ਕਿ ਸਾਲ 2017 ਦੌਰਾਨ 1 ਲੱਖ 29 ਹਜ਼ਾਰ 887 ਲੋਕਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਸਨ। ਸਾਲ 2017 ਦੌਰਾਨ 12 ਹਜ਼ਾਰ 241 ਵਿਅਕਤੀਆਂ ਨੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਸੀ, ਜਦ ਕਿ ਖੇਤੀਬਾੜੀ ਤੇ ਕਿਰਸਾਣੀ ਨਾਲ ਜੁੜੇ 10,655 ਵਿਅਕਤੀਆਂ ਨੇ ਖ਼ੁਦਕੁਸ਼ੀ ਕੀਤੀ ਸੀ ਪਰ ਸਾਲ 2016 ਦੌਰਾਨ ਬੇਰੁਜ਼ਗਾਰਾਂ ਦੇ ਮੁਕਾਬਲੇ ਕਿਸਾਨਾਂ ਨੇ ਵਧੇਰੇ ਖ਼ੁਦਕੁਸ਼ੀਆਂ ਕੀਤੀਆਂ ਸਨ। ਜਦਕਿ ਸਾਲ 2016 ’ਚ 11 ਹਜ਼ਾਰ 379 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਸੀ, ਜਦ ਕਿ ਇਸੇ ਮਿਆਦ ਦੌਰਾਨ 11,173 ਬੇਰੁਜ਼ਗਾਰਾਂ ਨੇ ਖ਼ੁਦਕੁਸ਼ੀ ਕੀਤੀ ਸੀ, ਭਾਵੇਂ ਇਹ ਫ਼ਰਕ ਕਾਫ਼ੀ ਘੱਟ ਸੀ। ਦਰਅਸਲ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਗ੍ਰਹਿ ਮੰਤਰਾਲੇ ਅਧੀਨ ਆਉਣ ਵਾਲੀ ਸੰਸਥਾ ਹੈ ਤੇ ਇਹ ਸੰਸਥਾ ਦੇਸ਼ ਭਰ ’ਚ ਅਪਰਾਧ ਨਾਲ ਜੁੜੇ ਅੰਕੜੇ ਤੇ ਰੁਝਾਨ ਜਾਰੀ ਕਰਦੀ ਹੈ।
ਤੇ ਇਸ ਦੀ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿਸਾਨਾਂ ਨਾਲੋਂ ਵੱਧ ਬੇਰੁਜਗਰ ਵੱਧ ਖੁਦਕੁਸ਼ੀਆਂ ਦੇ ਰਾਹ ਤੇ ਤੁਰ ਰਹੇ ਹਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿਓਂਕਿ ਜੇਕਰ ਇਹ ਆਂਕੜਾ ਇਸੇ ਤਰਾਂ ਹੀ ਵਧਦਾ ਗਿਆ ਤਾਂ ਉਹ ਦਿਨ ਦੂਰ ਨਹੀਂ ਹੋਣਗੇ ਕਿ ਨੌਜਵਾਨਾਂ ਦੀ ਗਿਣਤੀ ਘਟ ਜਾਵੇਗੀ ਤਾਂ ਸਾਡੇ ਆਗੂ ਆਪਣੀਆਂ ਸਪੀਚਾਂ ਵਿੱਚ ਦਾਅਵੇ ਕਿਹਨਾਂ ਲਈ ਕਰਨਗੇ ਇਸ ਲਈ ਅੱਜ ਆਗੂਆਂ ਨੂੰ ਬੇਰੁਜ਼ਗਾਰ ਨੌਜਵਾਨਾਂ ਲਈ ਨਿਵੇਕਲੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਖ਼ੁਦਕੁਸ਼ੀ ਦੇ ਰਾਹਾਂ ਤੋਂ ਰੋਕਿਆ ਜਾ ਸਕੇ।

You must be logged in to post a comment Login