ਭਾਰਤ ਵਿਚ ਚਾਰ ਦਹਾਕਿਆਂ ਵਿਚ ਮੌਸਮੀ ਮੀਂਹ ਘਟੇ, ਮਾਨਸੂਨ ਵਿਗੜੀ

ਭਾਰਤ ਵਿਚ ਚਾਰ ਦਹਾਕਿਆਂ ਵਿਚ ਮੌਸਮੀ ਮੀਂਹ ਘਟੇ, ਮਾਨਸੂਨ ਵਿਗੜੀ

ਨਵੀਂ ਦਿੱਲੀ : ਵਾਤਾਵਰਣ, ਵਣ ਅਤੇ ਜਲਵਾਯੂ ਮੰਤਰਾਲੇ ਨੇ ਮੰਨਿਆ ਹੈ ਕਿ ਭਾਰਤ ਵਿਚ ਪਿਛਲੇ ਚਾਰ ਦਹਾਕਿਆਂ ਦੌਰਾਨ ਨਾ ਸਿਰਫ਼ ਮੌਸਮੀ ਮੀਂਹ ਦੀ ਔਸਤ ਮਿਕਦਾਰ ਕੌਮੀ ਪੱਧਰ ‘ਤੇ ਘਟੀ ਹੈ ਸਗੋਂ ਪਿਛਲੇ ਇਕ ਦਹਾਕੇ ਵਿਚ ਮਾਨਸੂਨ ਦੀ ਖੇਤਰੀ ਵੰਡ ਦਾ ਅਸੰਤੁਲਨ ਵੀ ਵਧਿਆ ਹੈ। ਮੌਸਮ ਵਿਭਾਗ ਦੀ ਵਿਸ਼ਲੇਸ਼ਣ ਰੀਪੋਰਟ ਕਹਿੰਦੀ ਹੈ ਕਿ ਸਾਲ ਚੱਕਰ ਵਿਚ ਤਬਦੀਲੀ ਦਾ ਸਿੱਧਾ ਅਸਰ ਮੀਂਹ ਦੀ ਬਹੁਤਾਤ ਵਾਲੇ ਉੱਤਰ ਪੂਰਬ ਰਾਜਾਂ ਵਿਚ ਮੀਂਹ ਦੀ ਕਮੀ ਅਤੇ ਘੱਟ ਮੀਂਹ ਵਾਲੇ ਰਾਜਸਥਾਨ ਜਿਹੇ ਇਲਾਕਿਆਂ ਵਿਚ ਮੀਂਹ ਦੀ ਬਹੁਤਾਤ ਵਜੋਂ ਵੇਖਿਆ ਗਿਆ ਹੈ।ਮੰਤਰਾਲੇ ਨੇ ਹਾਲ ਹੀ ਵਿਚ ਮਾਨਸੂਨ ਸਬੰਧੀ ਮੌਸਮ ਵਿਭਾਗ ਦੀ ਰੀਪੋਰਟ ਦੇ ਆਧਾਰ ‘ਤੇ ਦੇਸ਼ ਵਿਚ ਮੀਂਹ ਚੱਕਰ ਵਿਚ ਤਬਦੀਲੀ ਦਾ ਵੇਰਵਾ ਸੰਸਦ ਵਿਚ ਪੇਸ਼ ਕਰਦਿਆਂ ਦਸਿਆ, ‘ਉੱਤਰ ਪਛਮੀ ਭਾਰਤ ਵਿਚ 2010 ਤੋਂ 2019 ਦੌਰਾਨ ਕਈ ਸਾਲਾਂ ਦੀ ਤੁਲਨਾ ਵਿਚ ਘੱਟ ਮੀਂਹ ਪਿਆ। ਉਧਰ, ਉੱਤਰ ਭਾਰਤ ਦੇ ਬਹੁਤੇ ਇਲਾਕਿਆਂ ਵਿਚ ਪਿਛਲੇ ਸਾਲਾਂ ਵਿਚ ਘੱਟ ਮੀਂਹ ਪਿਆ।’ ਮਾਨਸੂਨ ਦੀ ਅਸਾਵੀਂ ਵੰਡ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਕ ਪਾਸੇ ਉੱਤਰ ਅਤੇ ਉੱਤਰ ਪੂਰਬੀ ਰਾਜਾਂ ਵਿਚ ਮੀਂਹ ਦੀ ਬਹੁਤਾਤ ਵਾਲੇ ਇਲਾਕਿਆਂ ਵਿਚ ਘੱਟ ਮੀਂਹ ਪਿਆ ਜਦਕਿ ਘੱਟ ਮੀਂਹ ਵਾਲੇ ਰਾਜਸਥਾਨ ਵਿਚ ਬੀਤੇ ਇਕ ਦਹਾਕੇ ਦੌਰਾਨ ਕਈ ਸਾਲਾਂ ਵਿਚ ਆਮ ਮਾਤਰਾ ਦੀ ਤੁਲਨਾ ਵਿਚ ਜ਼ਿਆਦਾ ਮੀਂਹ ਪਿਆ।ਮੰਤਰਾਲੇ ਨੇ ਦਸਿਆ ਕਿ ਸਾਲ ਚੱਕਰ ਵਿਚ ਤਬਦੀਲੀ ਮੁਤਾਬਕ ਫ਼ਸਲੀ ਚੱਕਰ ਵਿਚ ਤਬਦੀਲੀ ਦੀ ਲੋੜ ਨੂੰ ਵੇਖਦਿਆਂ ਭਾਰਤੀ ਖੇਤੀ ਖੋਜ ਪਰਿਸ਼ਦ ਨੇ ਘੱਟ ਮੀਂਹ ਅਤੇ ਘੱਟ ਸਮੇਂ ਵਿਚ ਤਿਆਰ ਹੋਣ ਵਾਲੀਆਂ ਤੇ ਹੜ੍ਹਾਂ ਤੇ ਸੋਕੇ ਦੇ ਅਨੁਕੂਲ ਫ਼ਸਲਾਂ ਦੀ ਨਵੀਂ ਕਿਸਮ ਵੀ ਵਿਕਸਿਤ ਕਰ ਲਈ ਹੈ। ਇਨ੍ਹਾਂ ਫ਼ਸਲਾਂ ਦਾ ਪਸਾਰ ਆਈਸੀਏਆਰ ਦੇ ਦੇਸ਼ ਭਰjਵਿਚ ਮੌਜੂਦ 121 ਖੇਤੀ ਵਿਗਿਆਨ ਕੇਂਦਰਾਂ ਰਾਹੀਂ ਕੀਤਾ ਜਾ ਰਿਹਾ ਹੈ।

You must be logged in to post a comment Login