ਭੁੱਲ ਜਾਉ ਦਾ ਮੰਤਰ ਦ੍ਰਿੜ੍ਹ ਕਰਵਾਉਣ ਲਈ ‘ਨਾਨਕਸ਼ਾਹੀ ਕੈਲੰਡਰ’ ਰੱਦ ਕੀਤਾ : ਪ੍ਰਿੰ: ਸੁਰਿੰਦਰ ਸਿੰਘ

ਭੁੱਲ ਜਾਉ ਦਾ ਮੰਤਰ ਦ੍ਰਿੜ੍ਹ ਕਰਵਾਉਣ ਲਈ ‘ਨਾਨਕਸ਼ਾਹੀ ਕੈਲੰਡਰ’ ਰੱਦ ਕੀਤਾ : ਪ੍ਰਿੰ: ਸੁਰਿੰਦਰ ਸਿੰਘ

ਸ੍ਰੀ ਅਨੰਦਪੁਰ ਸਾਹਿਬ : ਜੂਨ ਤੇ ਨਵੰਬਰ 1984 ਵਿਚ ‘ਸਿੱਖ ਨਸਲਕੁਸ਼ੀ ਹਮਲੇ’ ਤੋਂ ਬਾਅਦ ਦੇਸ਼ ਦੇ ਆਗੂਆਂ ਨੇ ਸਿੱਖਾਂ ਨੂੰ ਇਸ ਸਾਕੇ ਨੂੰ ‘ਭੁੱਲ ਜਾਉ’ ਦਾ ਮੰਤਰ ਦ੍ਰਿੜ੍ਹ ਕਰਵਾਉਣਾ ਸ਼ੁਰੂ ਕਰ ਦਿਤਾ ਸੀ। ਪਰ ਅਣੱਖ, ਇੱਜ਼ਤ, ਅਜ਼ਾਦੀ ਤੇ ਗ਼ੈਰਤ ਨੂੰ ਪਿਆਰ ਕਰਨ ਵਾਲਾ ਜਿਹੜਾ ‘ਖ਼ਾਲਸਾ ਪੰਥ’ ਹੁਣ ਤਕ ਸਾਕਾ ਸਰਹੰਦ, ਸਾਕਾ ਚਮਕੌਰ, ਛੋਟੇ ਅਤੇ ਵੱਡੇ ਘੱਲੂਘਾਰਿਆਂ ਦੇ ਦੋਸ਼ੀ, ਅਬਦਾਲੀ ਤੇ ਦੁਰਾਨੀ ਵਰਗੇ ਪਾਪੀਆਂ ਨੂੰ ਨਹੀਂ ਭੁੱਲ ਸਕਿਆ, ਉਹ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕਿਵੇਂ ਭੁੱਲ ਸਕਦਾ ਹੈ।
ਸੋ ਪੰਥ ਵਿਰੋਧੀ ਤਾਕਤਾਂ ਨੇ ਹੀ ‘ਭੁੱਲ ਜਾਉ’ ਦਾ ਮੰਤਰ ਦ੍ਰਿੜ੍ਹ ਕਰਵਾਉਣ ਲਈ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਵਾਇਆ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ ਮੈਂਬਰ ਸ਼੍ਰੋ: ਗੁ: ਪ੍ਰੰ: ਕਮੇਟੀ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰ ਕੇ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ, ਬੀਬੀਆਂ, ਬੱਚਿਆਂ ਅਤੇ ਸ਼ਰਧਾਲੂਆਂ ਦਾ ਕਤਲ ਕੀਤਾ ਗਿਆ। ਇਸ ਲਈ ਸਿੱਖਾਂ ਨੂੰ ਇਹ ਗੁਰਪੁਰਬ ਅਤੇ ਸਾਕਾ ਬਲੂ ਸਟਾਰ ਭੁਲਾਉਣ ਅਤੇ ਗੌਰਵਮਈ ਸਿੱਖ ਵਿਰਸੇ ਨਾਲੋਂ ਤੋੜਣ ਲਈ ਆਦਿ ਕਾਲ ਤੋਂ ਸਿੱਖ ਇਤਿਹਾਸ ਨੂੰ ਤੋੜਨ ਮਰੋੜਣ ਦਾ ਕੰਮ ਅਰੰਭਿਆ ਤੇ ਫਿਰ ਇਸੇ ਮਕਸਦ ਲਈ ‘ਪੰਥ ਪ੍ਰਵਾਨਤ ਨਾਨਕਸ਼ਾਹੀ ਕੈਲੰਡਰ’ ਨੂੰ ਰੱਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਵੱਡੀਆਂ ਅਤੇ ਛੋਟੀਆਂ ਸਮੂਹ ਗੁ: ਪ੍ਰੰ: ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਨੂੰ ‘ਨਾਨਕਸ਼ਾਹੀ ਕੈਲੰਡਰ’ ਮੁਤਾਬਕ ਅਪਣੇ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਮਨਾਉਣੇ ਚਾਹੀਦੇ ਹਨ ਤਾਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਪੰਥ ਏਕਤਾ ਕਾਇਮ ਰਹਿ ਸਕੇ।

You must be logged in to post a comment Login