ਮਜੀਠੀਆ ਅਕਾਲੀਆਂ ਦੇ ਰਾਜ ‘ਚ ਡੇਰਾ ਬਾਬਾ ਨਾਨਕ ਲਈ ਕੀਤਾ ਇਕ ਵੀ ਕੰਮ ਗਿਣਾਏ : ਰੰਧਾਵਾ

ਮਜੀਠੀਆ ਅਕਾਲੀਆਂ ਦੇ ਰਾਜ ‘ਚ ਡੇਰਾ ਬਾਬਾ ਨਾਨਕ ਲਈ ਕੀਤਾ ਇਕ ਵੀ ਕੰਮ ਗਿਣਾਏ : ਰੰਧਾਵਾ

ਚੰਡੀਗੜ੍ਹ : ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਅਕਾਲੀ ਦਲ ਦੇ 10 ਸਾਲਾਂ ਦੇ ਰਾਜ ‘ਚ ਡੇਰਾ ਬਾਬਾ ਨਾਨਕ ਲਈ ਕੀਤਾ ਇਕ ਵੀ ਕੰਮ ਗਿਣਵਾ ਕੇ ਦਿਖਾਉਣ। ਰੰਧਾਵਾ ਨੇ ਇਹ ਗੱਲ ਅਕਾਲੀ ਆਗੂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਡੇਰਾ ਬਾਬਾ ਨਾਨਕ ਫੇਰੀ ਬਾਰੇ ਕੀਤੀਆਂ ਟਿੱਪਣੀਆਂ ਦੇ ਜਵਾਬ ਵਿਚ ਕਹੀ।ਇਕ ਪ੍ਰੈਸ ਬਿਆਨ ‘ਚ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਅਤੇ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸਕ ਥਾਂਵਾਂ ਦੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ਦੇ ਕੰਮ ਦਾ ਜਾਇਜ਼ਾ ਲੈਣ ਦੇ ਸਿਲਸਿਲੇ ਵਜੋਂ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਰੱਖੀ ਸੀ ਜਿਸ ਨਾਲ ਪੂਰੇ ਹਲਕੇ ਵਿਚ ਖ਼ੁਸ਼ੀ ਤੇ ਉਤਸ਼ਾਹ ਦਾ ਮਾਹੌਲ ਹੈ।ਕਾਂਗਰਸੀ ਆਗੂ ਨੇ ਅਕਾਲੀ ਆਗੂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਸਿਆਸੀ ਰੋਟੀ ਸੇਕਣ ਲਈ ਸੌੜੇ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਟਿੱਪਣੀਆਂ ਕਰਨ ਦੀ ਬਜਾਏ ਆਪਣੀ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਕੀਤੇ ਕੰਮਾਂ ਨੂੰ ਗਿਣਾਵੇ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਡੇਰਾ ਬਾਬਾ ਨਾਨਕ ਵਿਖੇ ਸੜਕਾਂ ਦੀ ਮਜ਼ਬੂਤੀ ਅਤੇ ਚੌੜਾ ਕਰਨ ਲਈ 75.23 ਕਰੋੜ ਰੁਪਏ ਅਤੇ ਹੈਰੀਟੇਜ਼ ਸਟਰੀਟ ਤੇ ਫੂਡ ਸਟਰੀਟ, ਹੈਰੀਟੇਜ਼ ਹਵੇਲੀ ਦੀ ਉਸਾਰੀ ਲਈ 3.70 ਕਰੋੜ ਰੁਪਏ ਮਨਜ਼ੂਰ ਕੀਤੇ। ਉਨਾਂ ਕਿਹਾ ਕਿ ਇਸ ਨਗਰ ਦੇ ਸਰਬਪੱਖੀ ਵਿਕਾਸ ਲਈ ਸੂਬਾ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਬਣਾਈ ਹੋਈ ਹੈ ਜਿਸ ਦੀ ਮੀਟਿੰਗ ਖੁਦ ਮੁੱਖ ਮੰਤਰੀ ਲੈ ਕੇ ਕੰਮਾਂ ਦਾ ਜਾਇਜ਼ਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਇਤਿਹਾਸਕ ਕਸਬੇ ਕਲਾਨੌਰ ਨੂੰ ਕਾਂਗਰਸ ਸਰਕਾਰ ਨੇ ਸੈਰ ਸਪਾਟਾ ਸਰਕਟ ਅਧੀਨ ਲਿਆਂਦਾ। ਕਲਾਨੌਰ ਵਿਖੇ ਸਰਕਾਰੀ ਡਿਗਰੀ ਕਾਲਜ ਤੇ ਗੰਨਾ ਖੋਜ ਕੇਂਦਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ।

You must be logged in to post a comment Login