ਮਹਿਲਾ ਏਐੱਸਆਈ ਕੋਲੋਂ 50 ਗਰਾਮ ਹੈਰੋਇਨ ਬਰਾਮਦ

ਮਹਿਲਾ ਏਐੱਸਆਈ ਕੋਲੋਂ 50 ਗਰਾਮ ਹੈਰੋਇਨ ਬਰਾਮਦ

ਤਰਨ ਤਾਰਨ : ਜ਼ਿਲ੍ਹਾ ਪੁਲੀਸ ਨੇ ਮਹਿਲਾ ਏਐੱਸਆਈ ਰੇਣੂ ਬਾਲਾ ਤੇ ਉਸ ਦੇ ਸਾਥੀ ਨੂੰ ਅੱਜ ਪੱਟੀ ਬੱਸ ਅੱਡੇ ਤੋਂ 50 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ| ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਐਸਪੀ (ਜਾਂਚ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਰੇਣੂ ਬਾਲਾ ਬਾਰੇ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਅਧਾਰ ’ਤੇ ਨਾਰਕੋਟਿਕ ਸੈੱਲ ਦੀ ਟੀਮ ਸਵੇਰੇ ਤੋਂ ਹੀ ਬੱਸ ਅੱਡੇ ’ਤੇ ਤਾਇਨਾਤ ਸੀ। ਜਿਵੇਂ ਹੀ ਰੇਣੂ ਬੱਸ ਤੋਂ ਉਤਰੀ ਤਾਂ ਮਹਿਲਾ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਘੇਰੇ ਲਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਰੇਣੂ ਬਾਲਾ ਕੋਲੋਂ ਇਕ ਕੰਪਿਊਟਰ ਕੰਡਾ ਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ| ਜਾਣਕਾਰੀ ਅਨੁਸਾਰ ਰੇਣੂ ਬਾਲਾ ਦਾ ਪਤੀ ਸੁਰਿੰਦਰ ਸਿੰਘ ਵੀ ਪੁਲੀਸ ਵਿਚ ਏਐਸਆਈ ਹੈ| ਇਕ ਵੇਲੇ ਸੁਰਿੰਦਰ ਸਿੰਘ ਇਸ ਇਲਾਕੇ ਅੰਦਰ ਡਿਉੂਟੀ ਕਰਦਾ ਸੀ ਤੇ ਉਦੋਂ ਉਸ ਦੀ ਦੋਸਤੀ ਨਿਸ਼ਾਨ ਸਿੰਘ ਨਾਲ ਹੋ ਗਈ| ਨਿਸ਼ਾਨ ਸਿੰਘ ਇਸ ਦੌਰਾਨ ਰੇਣੂ ਬਾਲਾ ਨਾਲ ਜ਼ਿਆਦਾ ਘੁਲ ਮਿਲ ਗਿਆ| ਐਸ ਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਰੇਣੂ ਇਸ ਤੋਂ ਪਹਿਲਾਂ ਵੀ ਤਿੰਨ-ਚਾਰ ਵਾਰ ਹੈਰੋਇਨ ਆਦਿ ਲੈ ਕੇ ਇਲਾਕੇ ਅੰਦਰ ਚੱਕਰ ਮਾਰ ਚੁੱਕੀ ਹੈ| ਨਿਸ਼ਾਨ ਸਿੰਘ ਦੋਹਾ ਕਤਰ ਤੋਂ ਹੋ ਕੇ ਆਇਆ ਹੈ| ਵੱਖਰੀ ਜਾਣਕਾਰੀ ਅਨੁਸਾਰ ਰੇਣੂ ਬਾਲਾ ਦੀ ਪਟਿਆਲਾ ਦੀ ਪੌਸ਼ ਕਲੋਨੀ ਨਿਊ ਰਣਜੀਤ ਐਵੇਨਿਊ, ਸੁਹਾਵਾ ਰੋਡ ’ਤੇ ਆਲੀਸ਼ਾਨ ਕੋਠੀ (ਨੰ.555) ਹੈ| ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸਐਸਪੀ ਧੁਰਵ ਦਹੀਆ ਨੇ ਪੱਟੀ ਜਾ ਕੇ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ।
ਅਰਬਨ ਅਸਟੇਟ ਦੇ ਥਾਣਾ ਮੁਖੀ ਖਿਲਾਫ਼ ਵਿਭਾਗੀ ਜਾਂਚ ਦੇ ਆਦੇਸ਼ : ਪਟਿਆਲਾ ਦੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਇਸ ਮਾਮਲੇ ਵਿੱਚ ਥਾਣਾ ਅਰਬਨ ਅਸਟੇਟ ਪਟਿਆਲਾ ਦੇ ਮੁਖੀ ਦੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਰੇਣੂ ਬਾਲਾ ਦੀ ਚਾਰ ਮਹੀਨੇ ਪਹਿਲਾਂ ਹੀ ਥਾਣਾ ਅਰਬਨ ਅਸਟੇਟ ਵਿੱਚ ਤਾਇਨਾਤੀ ਹੋਈ ਸੀ। ਉਹ 10 ਅਕਤੂਬਰ ਤੋਂ ਤਿੰਨ ਹਫਤਿਆਂ ਦੀ ਮੈਡੀਕਲ ਲੀਵ ’ਤੇ ਸੀ। ਸੰਪਰਕ ਕਰਨ ’ਤੇ ਡੀਐਸਪੀ ਸਿਟੀ-2 ਸੌਰਵ ਜਿੰਦਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰੇਣੂ ਬਾਲਾ ਦਾ ਪਤੀ ਵੀ ਪੰਜਾਬ ਪੁਲੀਸ ’ਚ ਏ.ਐੱਸ.ਆਈ ਵਜੋਂ ਕਾਰਜਸ਼ੀਲ ਹੈ ਤੇ ਪਟਿਆਲਾ ਵਿੱਚ ਹੀ ਤਾਇਨਾਤ ਹੈ।

You must be logged in to post a comment Login