ਮਾਝੇ ਦੇ 3 ਸੀਨੀਅਰ ਅਕਾਲੀ ਆਗੂਆਂ ਵਲੋਂ ਰੈਲੀ ਤੋਂ ਕਿਨਾਰਾ, ਨਹੀਂ ਪੁੱਜਣਗੇ ਪਟਿਆਲਾ

ਮਾਝੇ ਦੇ 3 ਸੀਨੀਅਰ ਅਕਾਲੀ ਆਗੂਆਂ ਵਲੋਂ ਰੈਲੀ ਤੋਂ ਕਿਨਾਰਾ, ਨਹੀਂ ਪੁੱਜਣਗੇ ਪਟਿਆਲਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਤੋਂ 3 ਸੀਨੀਅਰ ਤੇ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਦੀ ਪਟਿਆਲਾ ਰੈਲੀ ਤੋਂ ਕਿਨਾਰਾ ਕਰ ਲਿਆ ਹੈ। ਰੈਲੀ ਵਾਲੇ ਦਿਨ ਉਕਤ ਤਿੰਨੇ ਆਗੂ ਪਟਿਆਲਾ ਨਹੀਂ ਪੁੱਜਣਗੇ। ਇਸ ਬਾਰੇ ਗੱਲਬਾਤ ਕਰਦਿਆਂ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਨਾਲ ਮੁੱਖ ਮੁੱਦਿਆਂ ‘ਤੇ ਅਜੇ ਤੱਕ ਵਿਚਾਰ ਨਹੀਂ ਕੀਤਾ ਗਿਆ ਹੈ। ਇਸ ਲਈ ਉਨ੍ਹਾਂ ਸਮੇਤ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਨੇ ਇਸ ਰੈਲੀ ‘ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਅਸਲ ‘ਚ ਅਕਾਲੀ ਦਲ ਵਲੋਂ ਇਕ ਤਰਫਾ ਤਰੀਕੇ ਨਾਲ ਕੁਝ ਫੈਸਲੇ ਗਏ ਗਏ, ਜਿਸ ਤੋਂ ਟਕਸਾਲੀ ਆਗੂ ਦੁਖੀ ਹਨ। ਇਨ੍ਹਾਂ ਫੈਸਲਿਆਂ ਕਾਰਨ ਹੀ ਪਾਰਟੀ ਨੂੰ ਬਾਅਦ ‘ਚ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਆਗੂਆਂ ਦਾ ਕਹਿਣਾ ਹੈ ਕਿ ਜਿਹੜੀ ਪਾਰਟੀ ਨੇ 10 ਸਾਲ ਪੰਜਾਬ ਤੇ ਰਾਜ ਕੀਤਾ ਹੋਵੇ, ਉਹ ਵਿਧਾਨ ਸਭਾ ਚੋਣਾਂ ‘ਚ ਤੀਜੇ ਸਥਾਨ ‘ਤੇ ਰਹਿ ਜਾਵੇ ਅਤੇ ਪਹਿਲੀ ਵਾਰ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਉਸ ਤੋਂ ਵੱਧ ਸੀਟਾਂ ਲੈ ਜਾਵੇ ਤਾਂ ਚਿੰਤਾ ਹੋਣੀ ਸੁਭਾਵਿਕ ਹੀ ਹੈ। ਦੱਸ ਦੇਈਏ ਕਿ ਜਦੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ, ਉਸ ਤੋਂ ਬਾਅਦ ਹੀ ਪਾਰਟੀ ਅੰਦਰ ਰੋਹ ਪੈਦਾ ਹੋ ਗਿਆ ਅਤੇ ਮਾਝੇ ਦੇ ਇਹ ਤਿੰਨੇ ਆਗੂ ਉਸ ਤੋਂ ਬਾਅਦ ਹੀ ਖੁੱਲ੍ਹ ਕੇ ਸਾਹਮਣੇ ਆਏ, ਜਿਸ ਤੋਂ ਲੋਕਾਂ ਨੂੰ ਵੀ ਸਪੱਸ਼ਟ ਹੋਣ ਲੱਗਾ ਕਿ ਅਕਾਲੀ ਦਲ ‘ਚ ਕੁਝ ਸਹੀ ਨਹੀਂ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ‘ਚ ਕਾਂਗਰਸ ਦੀ ਧੱਕੇਸ਼ਾਹੀ ਖਿਲਾਫ 7 ਅਕਤੂਬਰ ਨੂੰ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

You must be logged in to post a comment Login