ਮੁੜ ਵਾਰਾਣਸੀ ਤੋਂ ਚੋਣ ਲੜਨਗੇ ਮੋਦੀ

ਮੁੜ ਵਾਰਾਣਸੀ ਤੋਂ ਚੋਣ ਲੜਨਗੇ ਮੋਦੀ

ਨਵੀਂ ਦਿੱਲੀ : ਕਾਂਗਰਸ ਵੱਲੋਂ ਪ੍ਰਿਯੰਕਾ ਗਾਂਧੀ ਨੂੰ ਪੂਰਬੀ ਉੱਤਰ ਪ੍ਰਦੇਸ਼ ਦਾ ਇੰਚਾਰਜ ਲਗਾਏ ਜਾਣ ਤੋਂ ਇਕ ਦਿਨ ਬਾਅਦ ਅੱਜ ਭਾਜਪਾ ਦੇ ਸਿਖ਼ਰਲੇ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਗਾਮੀ ਲੋਕ ਸਭਾ ਚੋਣਾਂ ’ਚ ਵੀ ਵਾਰਾਣਸੀ ਤੋਂ ਚੋਣ ਲੜਨਗੇ, ਜਿਥੋਂ ਉਹ ਪਿਛਲੀ ਲੋਕ ਸਭਾ ਚੋਣ ਜਿੱਤੇ ਸਨ। ਪਾਰਟੀ ਵੱਲੋਂ ਅਜੇ ਇਹ ਫ਼ੈਸਲਾ ਕੀਤਾ ਜਾਣਾ ਬਾਕੀ ਹੈ ਕਿ ਪ੍ਰਧਾਨ ਮੰਤਰੀ ਨੂੰ ਹੋਰ ਕਿਸੇ ਸੀਟ ਤੋਂ ਵੀ ਚੋਣ ਲੜਾਉਣੀ ਹੈ ਜਾਂ ਨਹੀਂ, ਜਿਵੇਂ ਕਿ 2014 ’ਚ ਉਨ੍ਹਾਂ ਨੇ ਵਾਰਾਣਸੀ ਦੇ ਨਾਲ ਗੁਜਰਾਤ ’ਚ ਪੈਂਦੀ ਵਡੋਦਰਾ ਲੋਕ ਸਭਾ ਸੀਟ ਤੋਂ ਵੀ ਚੋਣ ਲੜੀ ਸੀ। ਬਾਅਦ ਵਿੱਚ ਉਹ ਉੱਤਰ ਪ੍ਰਦੇਸ਼ ’ਚ ਵਾਰਾਣਸੀ ਦੀ ਸੀਟ ਤੋਂ ਜਿੱਤ ਗਏ ਸਨ। ਇਹ ਪੁੱਛੇ ਜਾਣ ’ਤੇ ਕਿ ਕੀ ਸ੍ਰੀ ਮੋਦੀ ਉੜੀਸਾ ’ਚ ਪ੍ਰਭਾਵ ਬਣਾਉਣ ਲਈ ਮੰਦਿਰਾਂ ਦੇ ਇਕ ਹੋਰ ਸ਼ਹਿਰ ਪੁਰੀ ਤੋਂ ਚੋਣ ਲੜ ਸਕਦੇ ਹਨ, ਭਾਜਪਾ ਦੇ ਇਕ ਆਗੂ ਨੇ ਕਿਹਾ ਕਿ ਪ੍ਰਚਾਰ ਕੀ ਰੂਪ ਲੈਂਦਾ ਹੈ, ਪਾਰਟੀ ਨੂੰ ਕਿੱਥੋਂ ਫਾਇਦਾ ਹੁੰਦਾ ਹੈ, ਇਹ ਉਸ ਉੱਤੇ ਨਿਰਭਰ ਕਰੇਗਾ।
ਇਕ ਹੀ ਸੀਟ ਤੋਂ ਚੋਣ ਲੜਨ ਪ੍ਰਧਾਨ ਮੰਤਰੀ: ਤਿਵਾੜੀ
ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਕ ਹੀ ਸੀਟ ਤੋਂ ਲੋਕ ਸਭਾ ਚੋਣ ਲੜ ਕੇ ਦਿਖਾਉਣ। ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨੇ ਮੁੜ ਵਾਰਾਣਸੀ ਤੋਂ ਚੋਣ ਲੜਨ ਦਾ ਫ਼ੈਸਲਾ ਕਰ ਲਿਆ ਹੈ ਤਾਂ ਇਕ ਹੀ ਸੀਟ ਤੋਂ ਚੋਣ ਲੜਨ ਨਾ ਕਿ ਸਾਲ 2014 ਦੀਆਂ ਚੋਣਾਂ ਵਾਂਗ ਦੋ ਸੀਟਾਂ ਤੋਂ। ਜੇਕਰ ਉਨ੍ਹਾਂ ਨੂੰ ਆਪਣੀ ਕਾਰਗੁਜ਼ਾਰੀ ’ਤੇ ਭਰੋਸਾ ਹੈ ਤਾਂ ਉਹ ਦੋ ਸੀਟਾਂ ਦੀ ਬਜਾਏ ਇਕ ਹੀ ਸੀਟ ਤੋਂ ਚੋਣ ਕਿਉਂ ਨਹੀਂ ਲੜਦੇ।

You must be logged in to post a comment Login