ਮੈਲਬੌਰਨ ‘ਚ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ‘ਚ 3 ਗ੍ਰਿਫਤਾਰ

ਮੈਲਬੌਰਨ – ਮੈਲਬੌਰਨ ਵਿਚ ਅੱਤਵਾਦੀ ਹਮਲਿਆਂ ਦੀ ਕਥਿਤ ਸਾਜਿਸ਼ ਰਚਣ ਦੇ ਦੋਸ਼ ਵਿਚ 3 ਲੋਕਾਂ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਅਜਿਹੇ ਸਮੇਂ ਵਿਚ ਕੀਤੀ ਗਈ ਹੈ ਜਦੋਂ ਇਸਲਾਮਿਕ ਸਟੇਟ ਤੋਂ ਪ੍ਰਭਾਵਿਤ ਹੋ ਕੇ ਕਰੀਬ 2 ਹਫਤੇ ਪਹਿਲਾਂ 9 ਨਵੰਬਰ ਨੂੰ ਮੈਲਬੌਰਨ ਵਿਚ ਦੋ ਲੋਕਾਂ ਦੀ ਤੇਜ਼ ਨੁਕੀਲੇ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਮੁਤਾਬਕ ਤੁਰਕੀ ਮੂਲ ਦੇ ਤਿੰਨਾਂ ਲੋਕਾਂ ਨੂੰ ਰਾਤ ਭਰ ਦੀ ਛਾਪੇਮਾਰੀ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ। ਉਹ ਮੈਲਬੌਰਨ ਵਿਚ ਭੀੜ ਭਰੇ ਇਲਾਕਿਆਂ ਵਿਚ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਮੁੱਖ ਕਮਿਸ਼ਨਰ ਗ੍ਰਾਹਮ ਏਸ਼ਟਨ ਨੇ ਦੱਸਿਆ ਕਿ ਤਿੰਨੇ ਵਿਅਕਤੀ ਨਿਸ਼ਚਿਤ ਰੂਪ ਨਾਲ ਆਈ. ਐੱਸ. ਆਈ. ਐੱਸ. ਤੋਂ ਪ੍ਰੇਰਿਤ ਸਨ ਪਰ ਉਨ੍ਹਾਂ ਦਾ ਖਾਸ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਕਿਹਾ,”ਸਾਨੂੰ ਵਿਸ਼ਵਾਸ ਹੈ ਕਿ ਅੱਜ ਸਵੇਰੇ ਚੁੱਕੇ ਗਏ ਸਾਡੇ ਕਦਮ ਨੇ ਇਸ ਸਮੂਹ ਤੋਂ ਭਾਈਚਾਰੇ ਨੂੰ ਹੋਣ ਵਾਲੇ ਕਿਸੇ ਵੀ ਖਤਰੇ ਨੂੰ ਖਤਮ ਕਰ ਦਿੱਤਾ ਹੈ।” ਉਨ੍ਹਾਂ ਨੇ ਕਿਹਾ ਸਾਨੂੰ ਨਹੀਂ ਲੱਗਦਾ ਕਿ ਸਮੂਹ ਦੇ ਇਲਾਵਾ ਕੋਈ ਹੋਰ ਖਤਰਾ ਵੀ ਮੌਜੂਦ ਹੈ। ਗ੍ਰਿਫਤਾਰ ਕੀਤੇ ਗਏ ਤਿੰਨਾਂ ਲੋਕਾਂ ਦੇ ਨਾਮ ਜਾਰੀ ਨਹੀਂ ਕੀਤੇ ਗਏ ਹਨ। ਮਾਰਚ ਮਹੀਨੇ ਤੋਂ ਹੀ ਇਨ੍ਹਾਂ ਤਿੰਨਾਂ ‘ਤੇ ਨਜ਼ਰ ਰੱਖੀ ਜਾ ਰਹੀ ਸੀ ਪਰ 9 ਨਵੰਬਰ ਨੂੰ ਮੈਲਬੌਰਨ ਹਮਲੇ ਦੇ ਬਾਅਦ ਇਹ ਹੋਰ ਸਰਗਰਮ ਹੋ ਗਏ ਸਨ।

You must be logged in to post a comment Login