ਮੈਲਬੌਰਨ ‘ਚ ਹੋਣਗੀਆਂ ਸਿੱਖ ਖੇਡਾਂ, ਸੂਬਾ ਸਰਕਾਰ ਵਲੋਂ ਦਿੱਤੀ ਜਾਵੇਗੀ 1 ਲੱਖ ਡਾਲਰ ਦੀ ਵਿੱਤੀ ਮਦਦ

ਮੈਲਬੌਰਨ ‘ਚ ਹੋਣਗੀਆਂ ਸਿੱਖ ਖੇਡਾਂ, ਸੂਬਾ ਸਰਕਾਰ ਵਲੋਂ ਦਿੱਤੀ ਜਾਵੇਗੀ 1 ਲੱਖ ਡਾਲਰ ਦੀ ਵਿੱਤੀ ਮਦਦ

ਮੈਲਬੌਰਨ – ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਵਿਕਟੋਰੀਆ ਦੀ ਸੂਬਾ ਸਰਕਾਰ ਨੇ ਆਗਾਮੀ ਸਿੱਖ ਖੇਡਾਂ ਲਈ 1 ਲੱਖ ਡਾਲਰ ਦੀ ਵਿੱਤੀ ਮਦਦ ਦੇਣ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆਈ ਸ਼ਹਿਰ ਮੈਲਬੌਰਨ ਵਿਖੇ ਅਗਲੇ ਵਰ੍ਹੇ ਅਪ੍ਰੈਲ ‘ਚ ਹੋਣ ਜਾ ਰਹੀਆਂ 32 ਵੀਆਂ ‘ਸਿੱਖ ਖੇਡਾਂ’ ਦੇ ਸਬੰਧ ‘ਚ ਮੈਲਬੌਰਨ ਦੇ ਕੇਸੀ ਸਟੇਡੀਅਮ ਵਿਚ ਇਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਵਿਕਟੋਰੀਆ ਸੂਬੇ ਦੇ ਖੇਡ ਮੰਤਰੀ ਮਾਨਯੋਗ ਜੌਹਨ ਏਰਨ ਨੇ ਮੈਲਬੌਰਨ ਖੇਡ ਕਮੇਟੀ ਦੇ ਪ੍ਰਧਾਨ ਦਲਵਿੰਦਰ ਸਿੰਘ ਗਰਚਾ ਅਤੇ ਸਹਿਯੋਗੀ ਮੈਂਬਰਾਂ ਨਾਲ ਹੋਈ ਰਸਮੀ ਬੈਠਕ ਤੋਂ ਬਾਅਦ ਇਸ ਰਾਸ਼ੀ ਦਾ ਐਲਾਨ ਕੀਤਾ। ਇਸ ਮੌਕੇ ਖੇਡ ਮੰਤਰੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਖੇਡਾਂ ਸੱਭਿਆਚਾਰਕ ਰੀਤੀ-ਰਿਵਾਜ਼ਾਂ ਨੂੰ ਨਿੱਘਰ ਬਣਾਉਣ ਵਿਚ ਖਾਸ ਭੂਮਿਕਾ ਨਿਭਾਉਂਦੀਆਂ ਹਨ ਅਤੇ ਸੂਬੇ ਦੇ ਵਸਨੀਕਾਂ ਲਈ ਸਿੱਖ ਭਾਈਚਾਰੇ ਨਾਲ ਸਾਂਝ ਵਧਾਉਣ ਦਾ ਇਹ ਖਾਸ ਮੌਕਾ ਹੈ। ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਰੌਬਿਨ ਸਕਾਟ ਨੇ ਦੱਸਿਆ ਕਿ ਵਿਕਟੋਰੀਆ ਸੂਬੇ ਦੇ ਸੱਭਿਆਚਾਰਕ ਅਤੇ ਸਮਾਜਿਕ ਪਹਿਲੂਆਂ ਨੂੰ ਉੱਚਾ ਚੁੱਕਣ ‘ਚ ਸਿੱਖ ਭਾਈਚਾਰੇ ਦਾ ਖਾਸ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਹਰ ਖੇਡ ਪ੍ਰੇਮੀ ਨੂੰ ਇਸ ਖੇਡ ਮਹਾਕੁੰਭ ਦਾ ਹਿੱਸਾ ਬਣਕੇ ਖਿਡਾਰੀਆਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਦੱਸਣਯੋਗ ਹੈ ਕਿ ਕੇਸੀ ਕੌਂਸਲ ਵੱਲੋਂ ਵੀ ਸਿੱਖ ਖੇਡਾਂ ਲਈ 50 ਹਜ਼ਾਰ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੌਮੀ ਪੱਧਰ ‘ਤੇ ਕਰਵਾਈਆਂ ਜਾਂਦੀਆਂ ਇਨ੍ਹਾਂ ਸਿੱਖ ਖੇਡਾਂ ‘ਚ ਇਸ ਵਾਰ 3000 ਦੇ ਕਰੀਬ ਖਿਡਾਰੀਆਂ ਅਤੇ 90 ਹਜ਼ਾਰ ਤੋਂ ਵੱਧ ਖੇਡ ਪ੍ਰੇਮੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸਿੱਖ ਖੇਡ ਕਮੇਟੀ ਦੇ ਕੌਮੀ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਨੇ ਮੈਲਬੌਰਨ ਖੇਡ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪ੍ਰੀਮੀਅਰ ਡੇਨੀਅਲ ਐਂਡਰਿਊ ਦੀ ਲੇਬਰ ਸਰਕਾਰ ਦਾ ਧੰਨਵਾਦ ਕੀਤਾ ਹੈ।

You must be logged in to post a comment Login