ਰਵਿਦਾਸ ਮੰਦਰ ਢਾਹੇ ਜਾਣ ਵਿਰੁਧ ਦਿੱਲੀ ਧਰਨੇ ‘ਚ ਸ਼ਾਮਲ ਹੋਏ ‘ਆਪ’ ਆਗੂ

ਰਵਿਦਾਸ ਮੰਦਰ ਢਾਹੇ ਜਾਣ ਵਿਰੁਧ ਦਿੱਲੀ ਧਰਨੇ ‘ਚ ਸ਼ਾਮਲ ਹੋਏ ‘ਆਪ’ ਆਗੂ

ਚੰਡੀਗੜ੍ਹ : ਕੇਂਦਰ ਦੀ ਭਾਜਪਾ ਸਰਕਾਰ ਦੇ ਕੰਟਰੋਲ ਵਾਲੀ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਵਲੋਂ ਕੌਮੀ ਰਾਜਧਾਨੀ ਦਿੱਲੀ ਦੇ ਤੁਗਲਕਾਬਾਦ ਸਥਿਤ ਸਾਢੇ 5 ਸਦੀਆਂ ਪੁਰਾਣਾ ਇਤਿਹਾਸਕ ਰਵੀਦਾਸ ਮੰਦਰ ਢਾਹੇ ਜਾਣ ਦੇ ਵਿਰੋਧ ‘ਚ ਮੋਦੀ ਸਰਕਾਰ ਵਿਰੁਧ ਬੁਧਵਾਰ ਨੂੰ ਰਾਮਲੀਲਾ ਮੈਦਾਨ ‘ਚ ਆਯੋਜਿਤ ਰੋਸ ਧਰਨੇ ‘ਚ ਆਮ ਆਦਮੀ ਪਾਰਟੀ ਦੇ ਪੰਜਾਬ ਅਤੇ ਦਿੱਲੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਸਮਰਥਕਾਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ ਅਤੇ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਉਸੇ ਜਗ੍ਹਾ ‘ਤੇ ਮੰਦਰ ਦੀ ਪੁਨਰ-ਉਸਾਰੀ ਦੀ ਮੰਗ ਕੀਤੀ। ‘ਆਪ’ ਦੇ ਸੀਨੀਅਰ ਲੀਡਰਾਂ ‘ਚ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਰਜਿੰਦਰਪਾਲ ਗੌਤਮ, ਪੰਜਾਬ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਦਿੱਲੀ ਦੀ ਡਿਪਟੀ ਸਪੀਕਰ ਰਾਖੀ ਬਿੜਲਾ, ਵਿਧਾਇਕ ਅਜੈ ਦੱਤ, ਮਨੋਜ ਕੁਮਾਰ, ਪੰਜਾਬ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ ਅਤੇ ਯੂਥ ਆਗੂ ਸੰਦੀਪ ਸਿੰਗਲਾ ਪ੍ਰਮੁੱਖ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਤਿਹਾਸਕ ਮੰਦਰ ਢਾਹੇ ਜਾਣ ਲਈ ਕੇਂਦਰ ਦੀ ਭਾਜਪਾ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ, ਕਿਉਂਕਿ ਡੀਡੀਏ ਸਿੱਧੇ ਰੂਪ ‘ਚ ਕੇਂਦਰ ਸਰਕਾਰ ਅਧੀਨ ਹੈ। ਚੀਮਾ ਨੇ ਕਿਹਾ ਕਿ ਮੰਦਰ ਢਾਹੇ ਜਾਣ ਦੀ ਕਾਰਵਾਈ ਨੇ ਭਾਜਪਾ ਦੀ ਦਲਿਤ ਅਤੇ ਦੱਬੇ-ਕੁਚਲੇ ਵਰਗਾਂ ਵਿਰੋਧੀ ਸੋਚ ਨੂੰ ਨੰਗਾ ਕਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਆਮ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਆਗੂ ਵੀ ਰੋਸ ਧਰਨੇ ‘ਚ ਸ਼ਾਮਲ ਹੋਣ ਦਾ ਦਿਖਾਵਾ ਕਰ ਰਹੇ ਹਨ, ਜਦਕਿ ਮੰਦਰ ਢਾਹੇ ਜਾਣ ਲਈ ਇਹ ਖ਼ੁਦ ਹੀ ਜ਼ਿੰਮੇਵਾਰ ਹਨ।

You must be logged in to post a comment Login