ਰਾਜਸੀ ਪੱਖ ਤੋਂ ਨਵਾਂ ਸਾਲ ਕਿਸੇ ਨਵੀਂ ਪਿਰਤ ਦੀ ਆਸ ਬੰਨ੍ਹਾਉਂਦਾ ਨਹੀਂ ਲੱਗਦਾ

ਰਾਜਸੀ ਪੱਖ ਤੋਂ ਨਵਾਂ ਸਾਲ ਕਿਸੇ ਨਵੀਂ ਪਿਰਤ ਦੀ ਆਸ ਬੰਨ੍ਹਾਉਂਦਾ ਨਹੀਂ ਲੱਗਦਾ

jatinder-pannu

-ਜਤਿੰਦਰ ਪਨੂੰ

ਚਲੰਤ ਸਦੀ ਦਾ ਸੋਲ੍ਹਵਾਂ ਸਾਲ ਚੜ੍ਹਨਾ ਕਿਸੇ ਮਨੁੱਖ ਦੀ ਜ਼ਿੰਦਗੀ ਵਿਚ ਜਵਾਨੀ ਦੀ ਚੜ੍ਹਤ ਸ਼ੁਰੂ ਕਰਨ ਵਾਲੇ ਸੋਲ੍ਹਵੇਂ ਸਾਲ ਵਰਗਾ ਨਹੀਂ ਹੋ ਸਕਦਾ। ਕੌਮਾਂ ਦੇ ਇਤਿਹਾਸ ਵਿਚ ਹਰ ਸਾਲ ਇੱਕ ਖਾਸ ਮਹੱਤਵ ਰੱਖਦਾ ਹੈ ਤੇ ਇਸ ਦੌਰਾਨ ਵਾਪਰੇ ਦਾ ਲੇਖਾ-ਜੋਖਾ ਵੀ ਹਰ ਵਾਰੀ ਆਪਣੇ ਆਪ ਵਿਚ ਹੋਰਨਾਂ ਤੋਂ ਵੱਖਰਾ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਕਤ ਜਦੋਂ ਵਿਧਾਨ ਸਭਾ ਚੋਣਾਂ ਹੋਣੀਆਂ ਸਨ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਇਸ ਵਾਰੀ ਸਾਡੀ ਜਿੱਤ ਇਸ ਲਈ ਯਕੀਨੀ ਹੈ ਕਿ ਜਦੋਂ ਵੀ ‘ਸੱਤ’ ਵਾਲਾ ਸਾਲ ਆਵੇ, ਸੱਤਾ ਦਾ ਰੁਖ ਸਾਡੇ ਪੱਖ ਵਿਚ ਹੀ ਝੁਕਦਾ ਹੁੰਦਾ ਹੈ। ਅਗਲੀ ਵਾਰੀ 2012 ਵਿਚ ਜਦੋਂ ਵਿਧਾਨ ਸਭਾ ਚੋਣ ਹੋਣ ਵਾਲੀ ਸੀ, ਓਸੇ ਪੱਤਰਕਾਰ ਨੇ ਇਹ ਪੁੱਛਣ ਦੀ ਹਿੰਮਤ ਕਰ ਲਈ ਕਿ ਇਸ ਵਾਰੀ ਤੁਹਾਨੂੰ ਜਿੱਤ ਦੀ ਆਸ ਨਹੀਂ ਹੋ ਸਕਦੀ, ਕਿਉਂਕਿ ਤੁਸੀਂ ਸਿਰਫ ਸੱਤ ਵਾਲੇ ਸਾਲ ਵਿਚ ਸੱਤਾ ਪ੍ਰਾਪਤ ਕਰਦੇ ਹੁੰਦੇ ਹੋ। ਬਾਦਲ ਸਾਹਿਬ ਦੇ ਚਿਹਰੇ ਉਤੇ ਘਬਰਾਹਟ ਜਿਹੀ ਆ ਗਈ। ਫਿਰ ਸੰਭਲ ਕੇ ਉਨ੍ਹਾਂ ਕਿਹਾ ਕਿ ਸਾਲਾਂ ਦੇ ਹਿੰਦਸਿਆਂ ਨਾਲ ਕੌਮਾਂ ਦੀ ਤਕਦੀਰ ਨਹੀਂ ਬੱਝ ਸਕਦੀ। ਉਦੋਂ ਸੱਤ ਦਾ ਸਾਲ ਨਾ ਹੋਣ ਦੇ ਬਾਵਜੂਦ ਉਹ ਜਿੱਤ ਗਏ ਸਨ, ਪਰ ਜਦੋਂ ਸੋਲਾਂ ਵਾਲਾ ਸਾਲ ਮੁੱਕੇਗਾ, ਅਗਲੀ ਚੋਣ ਮੌਕੇ ਉਹ ਫਿਰ ਸੱਤ ਵਾਲੀ ਗੱਲ ਕਹਿ ਦੇਣਗੇ। ਬਾਕੀ ਰਾਜਾਂ ਵਿਚ ਰਾਜ ਕਰਨ ਜਾਂ ਰਾਜ ਦੀ ਪ੍ਰਾਪਤੀ ਲਈ ਜ਼ੋਰ ਲਾਉਣ ਦੇ ਚਾਹਵਾਨ ਵੀ ਆਪਣੇ ਪੱਖ ਨੂੰ ਮਜ਼ਬੂਤ ਕਰਨ ਲਈ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਹਨ ਤੇ ਹੁਣ ਵੀ ਕਹਿਣਗੇ।
ਸਿਰਫ ਭਾਰਤ ਵਿਚ ਨਹੀਂ, ਇਸ ਤਰ੍ਹਾਂ ਦੇ ਸ਼ਗੂਫੇ ਛੱਡਣ ਦਾ ਕੰਮ ਅਮਰੀਕਾ ਵਿਚ ਵੀ ਹੋ ਸਕਦਾ ਹੈ ਤੇ ਇਸ ਦੀ ਇੱਕ ਵੰਨਗੀ ਸਾਹਮਣੇ ਆ ਚੁੱਕੀ ਹੈ। ਪਿਛਲੇ ਦਿਨੀਂ ਇੱਕ ਬਹਿਸ ਵਿਚ ਰਿਪਬਲਿਕਨ ਪਾਰਟੀ ਦੇ ਇੱਕ ਬੁਲਾਰੇ ਨੇ ਇਹ ਗੱਲ ਕਹਿ ਦਿੱਤੀ ਕਿ ਬਿੱਲ ਕਲਿੰਟਨ ਦੀ ਪ੍ਰਧਾਨਗੀ ਦੇ ਵਕਤ ਅਮਰੀਕੀ ਲੋਕ ਇਹ ਧਾਰ ਚੁੱਕੇ ਹਨ ਕਿ ਹਰ ਪਾਰਟੀ ਨੂੰ ਲਗਾਤਾਰ ਦੋ ਵਾਰੀਆਂ ਦੇਣੀਆਂ ਹਨ ਅਤੇ ਸਿਰਫ ਦੋ ਹੀ ਦੇਣੀਆਂ ਹਨ, ਤੀਸਰੀ ਵਾਰੀ ਬਦਲ ਕੇ ਪਾਰਟੀ ਜਿਤਾਉਣੀ ਹੈ, ਇਸ ਲਈ ਇਸ ਵਾਰੀ ਸਾਡੀ ਜਿੱਤ ਹੋਵੇਗੀ। ਸਾਹਮਣੇ ਬੈਠਾ ਡੈਮੋਕਰੇਟ ਪ੍ਰਤੀਨਿਧ ਤੁਰੰਤ ਬੋਲ ਪਿਆ ਕਿ ਇਹੋ ਗੱਲ ਚਾਰ ਸਾਲ ਪਹਿਲਾਂ ਸਾਡੇ ਇੱਕ ਪ੍ਰਤੀਨਿਧ ਨੇ ਬਰਾਕ ਓਬਾਮਾ ਦੀ ਜਿੱਤ ਦੇ ਪੱਖ ਵਿਚ ਜਦੋਂ ਕਹੀ ਸੀ, ਤੂੰ ਹੀ ਇਸ ਨੂੰ ਕੱਟ ਕੇ ਕਿਹਾ ਸੀ ਕਿ ਇਹੋ ਜਿਹੀ ਕੋਈ ਪੱਕੀ ਧਾਰਨਾ ਨਹੀਂ ਹੋ ਸਕਦੀ। ਰਿਪਬਲਿਕਨ ਨੇ ਇਸ ਗੱਲ ਦੀ ਸ਼ਰਮ ਕਰਨ ਦੀ ਥਾਂ ਅੱਗੋਂ ਮੋੜ ਕੇ ਕਿਹਾ ਕਿ ਇਹੋ ਤਾਂ ਅਸਲੀ ਗੱਲ ਹੈ, ਉਦੋਂ ਲੋਕਾਂ ਨੇ ਸਾਡੇ ਪੱਖ ਵਿਚ ਵੋਟ ਨਾ ਦੇ ਕੇ ਇਹ ਗੱਲ ਸਾਬਤ ਕਰ ਦਿੱਤੀ ਸੀ ਕਿ ਜਿਹੜਾ ਵੀ ਸਾਹਮਣੇ ਆ ਗਿਆ, ਉਸ ਨੂੰ ਦੋ ਵਾਰੀਆਂ ਦੇ ਦੇਣੀਆਂ ਹਨ ਤੇ ਸਿਰਫ ਦੋ ਹੀ ਦੇਣੀਆਂ ਹਨ। ਏਦਾਂ ਦੀ ਦਲੀਲਬਾਜ਼ੀ ਭਾਰਤੀ ਲੀਡਰ ਵੀ ਬਥੇਰੀ ਕਰ ਸਕਦੇ ਹਨ।
ਸਦੀ ਦਾ ਸੋਲ੍ਹਵਾਂ ਸਾਲ ਸਾਡੇ ਭਾਰਤ ਵਿਚ ਕੁਝ ਮਹੱਤਵਪੂਰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਅਖਾੜਾ ਬਣਨ ਵਾਲਾ ਹੈ। ਇਸ ਵਿਚ ਪਾਰਲੀਮੈਂਟ ਦੀਆਂ ਬਤਾਲੀ ਸੀਟਾਂ ਵਾਲੇ ਪੱਛਮੀ ਬੰਗਾਲ ਦੀ ਸਰਕਾਰ ਦਾਅ ਉਤੇ ਲੱਗੀ ਹੋਈ ਹੈ, 39 ਸੀਟਾਂ ਵਾਲੇ ਤਾਮਿਲਨਾਡੂ ਦੀ ਵੀ ਅਤੇ ਕੇਰਲਾ ਤੇ ਆਸਾਮ ਵਰਗੇ ਰਾਜਨੀਤਕ ਪੱਖੋਂ ਵੱਖਰਾ ਮਹੱਤਵ ਰੱਖਦੇ ਰਾਜਾਂ ਦੀ ਵੀ। ਉਂਜ ਭਾਵੇਂ ਛੋਟੇ ਜਿਹੇ ਕੇਂਦਰੀ ਸ਼ਾਸਤ ਰਾਜ ਪੁੱਦੁਚੇਰੀ, ਜਿਸ ਨੂੰ ਹੁਣ ਤੱਕ ਪਾਂਡੀਚਰੀ ਕਿਹਾ ਜਾਂਦਾ ਸੀ, ਵਿਚ ਵੀ ਵਿਧਾਨ ਸਭਾ ਚੋਣ ਹੋਵੇਗੀ, ਪਰ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਉਸ ਵਿਚ ਬਹੁਤੀ ਦਿਲਚਸਪੀ ਨਹੀਂ, ਮੁੱਖ ਜ਼ੋਰ ਚਾਰ ਰਾਜਾਂ ਉਤੇ ਕਬਜ਼ੇ ਲਈ ਲੱਗੇਗਾ। ਇਨ੍ਹਾਂ ਵਿਚੋਂ ਤਾਮਿਲਨਾਡੂ ਦੇ ਵਿਚ ਭਾਰਤੀ ਜਨਤਾ ਪਾਰਟੀ ਆਪਣੇ ਸਿਰ ਕੁਝ ਕਰਨ ਜੋਗੀ ਨਹੀਂ ਤੇ ਦੋਵਾਂ ਵੱਡੀਆਂ ਧਿਰਾਂ ਵਿਚੋਂ ਜਿਹੜੀ ਵੀ ਨਾਲ ਲੈਣਾ ਮੰਨੇਗੀ, ਓਸੇ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਪਣੇ ਭਾਸ਼ਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਵੱਡੇ-ਵੱਡੇ ਅਸੂਲਾਂ ਦੀ ਗੱਲ ਕਰਦੇ ਰਹਿੰਦੇ ਹਨ, ਅਮਲ ਵਿਚ ਉਨ੍ਹਾਂ ਦਾ ਚੇਤਾ ਕਰਨ ਦੀ ਲੋੜ ਨਹੀਂ ਸਮਝਦੇ। ਏਸੇ ਲਈ ਭ੍ਰਿਸ਼ਟਾਚਾਰ ਦੀਆਂ ਦਾਗੀ ਦੋਵਾਂ ਧਿਰਾਂ ਵੱਲ ਸਾਂਝ ਦੀ ਕੁੰਡੀ ਤਾਮਿਲਨਾਡੂ ਵਿਚ ਹੁਣੇ ਸੁੱਟ ਰੱਖੀ ਹੈ।
ਪੱਛਮੀ ਬੰਗਾਲ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਵਾਰੀ ਪਹਿਲਾਂ ਜਿੰਨੀ ਮਜ਼ਬੂਤ ਨਹੀਂ, ਪਰ ਆਪਣੇ ਕਿਲ੍ਹੇ ਦੀ ਰਾਖੀ ਲਈ ਜੋੜ-ਤੋੜ ਕਰਨ ਦੀ ਮੁਹਾਰਤ ਉਹ ਕਾਫੀ ਸਿੱਖ ਚੁੱਕੀ ਹੈ। ਕਾਂਗਰਸ ਪਾਰਟੀ ਨੂੰ ਵੀ ਉਹ ਚੋਗਾ ਸੁੱਟ ਰਹੀ ਹੈ ਤੇ ਮੁੱਖ ਧਾਰਾ ਦੀਆਂ ਦੋਵਾਂ ਪਾਰਟੀਆਂ, ਭਾਜਪਾ ਅਤੇ ਕਾਂਗਰਸ, ਤੋਂ ਹਟਵੇਂ ਤੀਸਰੇ ਪੱਖ ਵਾਲਿਆਂ ਨਾਲ ਵੀ ਗੱਲ ਚਲਾਈ ਜਾਂਦੀ ਹੈ। ਇਸ ਦੌਰਾਨ ਦਿੱਲੀ ਤੋਂ ਏਦਾਂ ਦੀਆਂ ਖਬਰਾਂ ਮਿਲਦੀਆਂ ਹਨ ਕਿ ਉਥੇ ਕਾਂਗਰਸ ਤੇ ਖੱਬੀ ਧਿਰ ਦੇ ਕੁਝ ਆਗੂਆਂ ਦੀ ਗੱਲਬਾਤ ਚੱਲ ਰਹੀ ਹੈ। ਮਮਤਾ ਬੈਨਰਜੀ ਇਸ ਤੋਂ ਉਪਰਾਮ ਹੋ ਕੇ ਹੁਣ ਭਾਜਪਾ ਨਾਲ ਵੀ ਲੁਕਵੀਂ ਗੱਲ ਸ਼ੁਰੂ ਕਰ ਰਹੀ ਸੁਣੀਂਦੀ ਹੈ। ਭਾਜਪਾ ਉਸ ਰਾਜ ਵਿਚ ਕੁਝ ਪੈਰ-ਧਰਾਵਾ ਕਰਨ ਵਿਚ ਸਫਲ ਹੋਈ ਹੈ, ਪਰ ਅਜੇ ਆਪਣੇ ਸਿਰ ਜਿੱਤਣ ਦਾ ਦਾਅਵਾ ਕਰਨ ਜੋਗੀ ਨਹੀਂ ਹੋ ਸਕੀ। ਇਸ ਲਈ ਉਸ ਕੋਲ ਇੱਕੋ ਟੇਕ ਮਮਤਾ ਬੈਨਰਜੀ ਰਹਿ ਜਾਂਦੀ ਹੈ ਤੇ ਸੁਣਿਆ ਹੈ ਕਿ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਦੇ ਅਧਿਕਾਰੀਆਂ ਨੇ ਪਿਛਲੇ ਦਿਨਾਂ ਵਿਚ ਜਿਵੇਂ ਇੱਕ ਵਾਰ ਫਿਰ ਸ਼ਾਰਧਾ ਚਿੱਟ ਫੰਡ ਘੋਟਾਲੇ ਹੇਠ ਵਿਧਾਇਕਾਂ ਦੀ ਜਾਂਚ ਤੇਜ਼ ਕਰ ਲਈ ਹੈ, ਪੱਛਮੀ ਬੰਗਾਲ ਵਿਚ ਇਹ ਭਾਜਪਾ ਦੇ ਸਿਆਸੀ ਨਿਸ਼ਾਨੇ ਦੀ ਪ੍ਰਾਪਤੀ ਦੇ ਯਤਨਾਂ ਦਾ ਹਿੱਸਾ ਹੋ ਸਕਦਾ ਹੈ। ਬਹੁਜਨ ਸਮਾਜ ਪਾਰਟੀ ਦੀ ਮੁਖੀ ਬੀਬੀ ਮਾਇਆਵਤੀ ਜਦੋਂ ਇਹ ਕਹਿੰਦੀ ਹੈ ਕਿ ਸੀ ਬੀ ਆਈ ਨੂੰ ਸਿਆਸੀ ਨਿਸ਼ਾਨੇ ਫੁੰਡਣ ਵਾਸਤੇ ਵਰਤਿਆ ਜਾਂਦਾ ਹੈ ਤਾਂ ਉਹ ਚੋਣ ਰਾਜਨੀਤੀ ਦੇ ਤਜਰਬੇ ਤੋਂ ਬੋਲਦੀ ਹੈ, ਗਲਤ ਨਹੀਂ ਕਹਿ ਰਹੀ ਹੁੰਦੀ।
ਆਸਾਮ ਵਿਚ ਭਾਜਪਾ ਨੂੰ ਸੱਤਾ ਹਾਸਲ ਕਰਨ ਦੀ ਇਸ ਵਾਰੀ ਚੋਖੀ ਆਸ ਜਾਪਦੀ ਹੈ। ਉਥੇ ਸਿਆਸੀ ਸੰਕਟ ਵੀ ਇਸ ਵਕਤ ਹੈ ਤੇ ਇਹ ਸੰਕਟ ਭਾਜਪਾ ਦੇ ਇਸ਼ਾਰੇ ਉਤੇ ਗਵਰਨਰ ਵੱਲੋਂ ਪੈਦਾ ਕੀਤਾ ਦਸਿਆ ਜਾਂਦਾ ਹੈ। ਕਾਂਗਰਸ ਦਾ ਮੁੱਖ ਮੰਤਰੀ ਤਰੁਣ ਗੋਗੋਈ ਪਹਿਲਾ ਆਗੂ ਹੈ, ਜਿਸ ਨੇ ਉਥੇ ਲਗਾਤਾਰ ਤਿੰਨ ਵਾਰੀ ਰਾਜ ਕੀਤਾ ਤੇ ਤਿੰਨੇ ਵਾਰੀ ਪੰਜ ਸਾਲ ਦੀ ਮਿਆਦ ਪੂਰੀ ਕੀਤੀ ਹੈ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਰਾਜ ਵੇਲੇ ਆਸਾਮ ਦੀ ਕਮਾਨ ਸਾਂਭਣ ਪਿੱਛੋਂ ਮਨਮੋਹਨ ਸਿੰਘ ਦੇ ਦਸ ਸਾਲ ਵੀ ਲੰਘਾ ਕੇ ਹੁਣ ਨਰਿੰਦਰ ਮੋਦੀ ਦੇ ਗਲਬੇ ਵਾਲੀ ਸਰਕਾਰ ਦੇ ਸਮੇਂ ਵੀ ਉਹ ਸਿਰ ਉਚਾ ਕਰੀ ਖੜਾ ਹੈ। ਉਸ ਦੇ ਸਾਹਮਣੇ ਮੁਸ਼ਕਲਾਂ ਓਨੀਆਂ ਵਿਰੋਧੀ ਧਿਰ ਤੇ ਇਸ ਵਿਚੋਂ ਵੀ ਖਾਸ ਕਰ ਕੇ ਭਾਜਪਾ ਵੱਲੋਂ ਨਹੀਂ, ਜਿੰਨੀਆਂ ਉਸ ਦੀ ਆਪਣੀ ਪਾਰਟੀ ਕਾਂਗਰਸ ਦੀ ਹਾਈ ਕਮਾਨ ਨੇ ਪੇਸ਼ ਕੀਤੀਆਂ ਹਨ। ਸੋਨੀਆ ਗਾਂਧੀ ਤੇ ਉਸ ਦੇ ਪੁੱਤਰ ਨੂੰ ਕੋਈ ਵੀ ਉਹ ਆਗੂ ਚੰਗਾ ਨਹੀਂ ਲੱਗਦਾ, ਜਿਸ ਦੇ ਲੋਕਾਂ ਅੰਦਰ ਪੈਰ ਪੱਕੇ ਜੰਮੇ ਹੋਏ ਹੋਣ। ਇਹੋ ਜਿਹੇ ਆਗੂ ਕੋਲ ਖੜੋ ਕੇ ਉਨ੍ਹਾਂ ਨੂੰ ਆਪਣਾ ਕੱਦ ਬੌਣਾ ਲੱਗਦਾ ਹੈ। ਏਸੇ ਲਈ ਆਸਾਮ ਕਾਂਗਰਸ ਦੇ ਜਿਸ ਵੀ ਆਗੂ ਨੇ ਬਗਾਵਤ ਲਈ ਸਿਰ ਚੁੱਕਿਆ, ਹਾਈ ਕਮਾਨ ਤੋਂ ਉਸ ਨੂੰ ਮਿਲਦੀ ਸ਼ਹਿ ਦੀ ਚਰਚਾ ਨਾਲ ਹੀ ਹੋਈ ਹੈ। ਵਿਧਾਨ ਸਭਾ ਚੋਣਾਂ ਦੌਰਾਨ ਵੀ ਇਸ ਵਾਰ ਓਨਾ ਆਢਾ ਭਾਜਪਾ ਨਾਲ ਲੱਗਾ ਦਿਖਾਈ ਨਹੀਂ ਦੇ ਰਿਹਾ, ਜਿੰਨਾ ਕਾਂਗਰਸ ਦੀ ਅੰਦਰੂਨੀ ਗੁੱਟਬੰਦੀ ਕਾਰਨ ਲੀਡਰਾਂ ਦਾ ਆਪੋ ਵਿਚ ਲੱਗਦਾ ਦਿਖਾਈ ਦੇਂਦਾ ਹੈ। ਹਰ ਛਿਮਾਹੀ ਜਿਸ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਉਸ ਦੀ ਪਾਰਟੀ ਦੇ ਅੰਦਰੋਂ ਉਠਦੀ ਹੋਵੇ, ਅਤੇ ਕਾਂਗਰਸ ਹਾਈ ਕਮਾਨ ਦਾ ਇੱਕ ਧੜਾ ਦਿੱਲੀ ਵਿਚੋਂ ਇਸ ਮੰਗ ਨੂੰ ਸ਼ਹਿ ਦੇ ਰਿਹਾ ਹੋਵੇ, ਉਹ ਉਸ ਰਾਜ ਵਿਚ ਔਖੀ ਸਥਿਤੀ ਵਿਚ ਤਾਂ ਹੋਵੇਗਾ ਹੀ।
ਸਾਰਿਆਂ ਤੋਂ ਵੱਡੀ ਯਲਗਾਰ ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਕੇਰਲਾ ਵਿਚ ਪੇਸ਼ ਕਰਨ ਦਾ ਪ੍ਰਭਾਵ ਮਿਲਦਾ ਹੈ। ਉਥੇ ਕਾਂਗਰਸੀ ਅਗਵਾਈ ਵਾਲਾ ਮੋਰਚਾ ਸਰਕਾਰ ਚਲਾ ਰਿਹਾ ਹੈ। ਖੱਬੇ ਪੱਖੀਆਂ ਦਾ ਮੋਰਚਾ ਪਿਛਲੀ ਵਾਰੀ ਮਾਮੂਲੀ ਫਰਕ ਨਾਲ ਚੋਣਾਂ ਵਿਚ ਹਾਰ ਗਿਆ ਸੀ। ਭਾਰਤੀ ਜਨਤਾ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਸੀ ਮਿਲ ਸਕੀ। ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦੇ ਨਾਲ ਜਦੋਂ ਆਰ ਐਸ ਐਸ ਨੇ ਸਾਰੀ ਤਾਕਤ ਝੋਕ ਦਿੱਤੀ ਤੇ ਹਿੰਦੂ ਧਰਮ ਦੀ ਬਾਕੀ ਧਰਮਾਂ ਉਤੇ ਸਰਦਾਰੀ ਦਾ ਸੁਫਨਾ ਲੈਣ ਵਾਲਿਆਂ ਨੇ ਧੂੰਆਂਧਾਰ ਪ੍ਰਚਾਰ ਕੀਤਾ ਸੀ ਤਾਂ ਲੋਕ ਸਭਾ ਚੋਣਾਂ ਮੌਕੇ ਕੇਰਲਾ ਦੀ ਰਾਜਨੀਤੀ ਵਿਚ ਭਾਜਪਾ ਪਹਿਲੀ ਵਾਰ ਗਿਣਨ ਜੋਗੀ ਸ਼ਕਤੀ ਬਣ ਸਕੀ ਸੀ। ਉਦੋਂ ਇਸ ਨੇ ਪਾਰਲੀਮੈਂਟ ਲਈ ਭਾਵੇਂ ਕੋਈ ਸੀਟ ਨਹੀਂ ਸੀ ਜਿੱਤੀ, ਪਰ ਉਨ੍ਹਾਂ ਚੋਣਾਂ ਵਿਚ ਤਿੰਨ ਵਿਧਾਨ ਸਭਾ ਖੇਤਰਾਂ ਵਿਚ ਇਹ ਕਾਂਗਰਸ ਅਤੇ ਸੀ ਪੀ ਆਈ ਦੇ ਉਮੀਦਵਾਰਾਂ ਨੂੰ ਪਛਾੜ ਕੇ ਪਹਿਲੇ ਥਾਂ ਪਹੁੰਚ ਗਈ ਸੀ। ਇਹ ਤਿੰਨੇ ਸ਼ਹਿਰੀ ਸੀਟਾਂ ਸਨ। ਵਿਧਾਨ ਸਭਾ ਦੇ ਦੋ ਹੋਰ ਖੇਤਰਾਂ ਤੋਂ ਇਸ ਦਾ ਪਾਰਲੀਮੈਂਟ ਲਈ ਉਮੀਦਵਾਰ ਦੂਸਰੇ ਨੰਬਰ ਉਤੇ ਆਇਆ, ਜਿੱਥੇ ਕਾਂਗਰਸ ਦਾ ਉਮੀਦਵਾਰ ਪਹਿਲੇ ਨੰਬਰ ਉਤੇ ਅਤੇ ਸੀ ਪੀ ਆਈ ਐਮ ਦਾ ਤੀਸਰੇ ਥਾਂ ਚਲਾ ਗਿਆ ਸੀ। ਇਸ ਸਥਿਤੀ ਤੋਂ ਭਾਜਪਾ ਆਗੂ ਇਹ ਸੁਫਨੇ ਲੈਣ ਜੋਗੇ ਹੋ ਗਏ ਹਨ ਕਿ ਉਹ ਇਸ ਸਾਲ ਦੀਆਂ ਚੋਣਾਂ ਵਿਚ ਕੇਰਲਾ ਵਿਚ ਕੁਝ ਹਾਸਲ ਕਰ ਸਕਦੇ ਹਨ।
ਰਾਜਨੀਤੀ ਹੈ, ਹਰ ਕਿਸੇ ਨੂੰ ਦਾਅ ਖੇਡਣ ਦੀ ਖੁੱਲ੍ਹ ਹੈ, ਪਰ ਬੁਰੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਸਿਆਸੀ ਦਾਅ ਖੇਡਦਿਆਂ ਹਵਾਈ ਕਲਪਨਾ ਦੇ ਕਬੂਤਰ ਛੱਡਣ ਦਾ ਚਸਕਾ ਨਹੀਂ ਹਟਦਾ। ਪਿਛਲੇ ਦਿਨੀਂ ਜਦੋਂ ਇੱਕ ਦਿਨ ਉਹ ਕੇਰਲਾ ਦਾ ਦੌਰਾ ਕਰਨ ਗਿਆ ਤਾਂ ਉਥੇ ਕਾਂਗਰਸ ਅਤੇ ਖੱਬੇ ਪੱਖੀਆਂ ਉਤੇ ਇਸ ਰਾਜ ਵਿਚ ਵਿਕਾਸ ਦੀ ਦਰ ਮੱਠੀ ਕਰਨ ਅਤੇ ਗਰੀਬੀ ਨੂੰ ਨੱਥ ਨਾ ਪਾਉਣ ਦਾ ਦੋਸ਼ ਵੀ ਲਾ ਆਇਆ। ਉਸ ਨੂੰ ਇਹ ਗੱਲ ਭੁੱਲ ਗਈ ਕਿ ਬੀਤੀ ਪੰਦਰਾਂ ਮਾਰਚ ਨੂੰ ਆਰਥਿਕਤਾ ਲਈ ਪ੍ਰਮੁੱਖ ਭਾਰਤੀ ਜਥੇਬੰਦੀ ਐਸੋਚੈਮ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਰੇ ਪੱਖ ਵੇਖਦਿਆਂ ਬਹੁਤ ਸਾਰੇ ਭ੍ਰਿਸ਼ਟਾਚਾਰ ਦੇ ਬਾਵਜੂਦ ਤਾਮਿਲ ਨਾਡੂ ਦਾ ਪਹਿਲਾ ਨੰਬਰ ਸੀ ਤੇ ਦੂਸਰਾ ਕੇਰਲਾ ਦੇ ਹਿੱਸੇ ਆਉਣ ਪਿੱਛੋਂ ਤੀਸਰਾ ਨਰਿੰਦਰ ਮੋਦੀ ਦੇ ਗੁਜਰਾਤ ਦਾ ਸੀ। ਭਾਜਪਾ ਦੀ ਸਰਕਾਰ ਵਾਲੇ ਦੋ ਰਾਜ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਕਿਸੇ ਖਾਤੇ ਵਿਚ ਨਹੀਂ ਸੀ ਲੱਭਦੇ। ਪਿਛਲੇ ਦਿਨੀਂ ਗਊ ਮਾਸ ਵਾਲੇ ਮੁੱਦੇ ਨਾਲ ਵੀ ਕੇਰਲਾ ਨੂੰ ਜਾਣ-ਬੁੱਝ ਕੇ ਬੱਦੂ ਕਰਨ ਦਾ ਯਤਨ ਕੀਤਾ ਗਿਆ ਤੇ ਦਿੱਲੀ ਦੇ ਕੇਰਲਾ ਭਵਨ ਦੀ ਕੰਟੀਨ ਉਤੇ ਬਿਨਾ ਕਾਨੂੰਨੀ ਅਧਿਕਾਰ ਤੋਂ ਦਿੱਲੀ ਪੁਲਿਸ ਦਾ ਛਾਪਾ ਵੀ ਏਸੇ ਲਈ ਮਰਵਾਇਆ ਗਿਆ ਸੀ। ਕੇਰਲਾ ਵਿਚ ਖੱਬੇ ਪੱਖ ਦੀ ਮਜ਼ਬੂਤੀ ਦਾ ਕਾਰਨ ਹੈ ਕਿ ਜਦੋਂ ਖੱਬੇ ਪੱਖੀਆਂ ਦੀ ਥਾਂ ਕਾਂਗਰਸੀ ਅਗਵਾਈ ਹੇਠ ਵੀ ਸਰਕਾਰ ਹੋਵੇ ਤਾਂ ਸਭ ਤੋਂ ਵੱਧ ਪੜ੍ਹੇ-ਲਿਖੇ ਲੋਕਾਂ ਵਾਲੇ ਉਸ ਰਾਜ ਵਿਚ ਕਾਂਗਰਸੀ ਵੀ ਆਪਣੇ ਮੂੰਹ ਨੂੰ ਸ਼ਰਮ ਦਾ ਛਿੱਕਾ ਬੰਨ੍ਹ ਕੇ ਚੱਲਦੇ ਹਨ ਅਤੇ ਭ੍ਰਿਸ਼ਟਾਚਾਰ ਉਸ ਰਾਜ ਵਿਚ ਓਨਾ ਨਹੀਂ, ਜਿੰਨਾ ਬਾਕੀ ਸਾਰੇ ਦੇਸ਼ ਵਿਚ ਹੈ। ਇਸ ਦੇ ਬਾਵਜੂਦ ਆਪਣੀ ਨੀਤੀ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਉਸ ਰਾਜ ਨੂੰ ਭੰਡਣ ਲਈ ਕਈ ਕੁਝ ਕਹਿ ਧਰਿਆ ਸੀ।
ਪੰਜਾਬ ਵਿਚ ਕਈ ਲੋਕ ਕਹਿ ਦੇਂਦੇ ਹਨ ਕਿ ਆਮ ਚੋਣਾਂ ਹੋਣੀਆਂ ਹੋਣ ਜਾਂ ਕੋਈ ਉਪ ਚੋਣ ਹੋਵੇ, ਸਾਡੇ ਰਾਜ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਿਆਹ ਵੇਖਣ ਤੋਂ ਵੱਧ ਚਾਅ ਚੜ੍ਹ ਜਾਂਦਾ ਹੈ। ਇਹੋ ਗੱਲ ਨਰਿੰਦਰ ਮੋਦੀ ਦੇ ਸੁਭਾਅ ਬਾਰੇ ਕਹੀ ਜਾ ਸਕਦੀ ਹੈ। ਉਹ ਵੀ ਹਰ ਵਕਤ ਚੋਣਾਂ ਦੇ ਗੇਅਰ ਵਿਚ ਰਹਿੰਦਾ ਹੈ। ਪਾਰਲੀਮੈਂਟ ਦੇ ਅੰਦਰ ਬੋਲਦਾ ਹੋਵੇ ਜਾਂ ਕਿਸੇ ਥਾਂ ਨੀਂਹ-ਪੱਥਰ ਰੱਖਣਾ ਹੋਵੇ ਜਾਂ ਫਿਰ ਕਿਸੇ ਯੋਗਾ ਕੈਂਪ ਵਿਚ ਵੀ ਚਲਾ ਜਾਵੇ, ਬਾਂਹਾਂ ਉਲਾਰ ਕੇ ਤਕਰੀਰ ਏਦਾਂ ਕਰਦਾ ਹੈ, ਜਿਵੇਂ ਵੋਟਾਂ ਮੰਗਣ ਦੀ ਰੈਲੀ ਵਿਚ ਬੋਲ ਰਿਹਾ ਹੋਵੇ। ਇਸੇ ਲਈ ਕੇਰਲਾ ਦੇ ਦੌਰੇ ਮੌਕੇ ਵੀ ਉਹ ਵਲਾਵਾਂ ਪਾ ਕੇ ਆਪਣੀ ਸਿਆਸਤ ਦਾ ਪ੍ਰਸ਼ਾਦ ਵੰਡ ਆਇਆ ਹੈ, ਪਰ ਪੱਲੇ ਖਾਸ ਕੁਝ ਨਹੀਂ ਪੈਂਦਾ ਜਾਪਦਾ।
ਸਾਡੇ ਇਹ ਪ੍ਰਭਾਵ ਉਸ ਵਕਤ ਦੇ ਹਨ, ਜਦੋਂ ਹਾਲੇ ਨਵਾਂ ਸਾਲ ਸ਼ੁਰੂ ਹੋਇਆ ਹੈ। ਆਗਾਜ਼ ਤੋਂ ਅਗਲੇ ਸਫਰ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਨਵਾਂ ਸਾਲ ਕਿਸੇ ਨਵੀਂ ਪਿਰਤ ਦੀ ਆਸ ਬੰਨ੍ਹਾਉਂਦਾ ਨਜ਼ਰ ਨਹੀਂ ਆ ਰਿਹਾ।

You must be logged in to post a comment Login