ਰੁਪਿੰਦਰ ਮੁੰਡੀ ਕਾਂਗਰਸ ਛੱਡ ‘ਆਪ’ ‘ਚ ਸ਼ਾਮਲ

ਰੁਪਿੰਦਰ ਮੁੰਡੀ ਕਾਂਗਰਸ ਛੱਡ ‘ਆਪ’ ‘ਚ ਸ਼ਾਮਲ

ਮਾਛੀਵਾੜਾ ਸਾਹਿਬ : ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਕਾਂਗਰਸੀ ਆਗੂ ਰੁਪਿੰਦਰ ਸਿੰਘ ਮੁੰਡੀ ਪਾਰਟੀ ਨੂੰ ਛੱਡ ‘ਆਪ’ ਵਿਚ ਸ਼ਾਮਿਲ ਹੋ ਗਏ। ਅੱਜ ਚੰਡੀਗੜ੍ਹ ਵਿਖੇ ਵਿਰੋਧੀ ਧਿਰ ਦੇ ਆਗੂ ਤੇ ਵਿਧਾਇਕ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਰੁਪਿੰਦਰ ਸਿੰਘ ਮੁੰਡੀ ਨੇ ‘ਆਪ’ ਦਾ ਪੱਲ੍ਹਾ ਫੜਿਆ। ਇਸ ਮੌਕੇ ਹਰਪਾਲ ਚੀਮਾ ਨੇ ਰੁਪਿੰਦਰ ਸਿੰਘ ਮੁੰਡੀ ਦਾ ਸਵਾਗਤ ਕਰਦਿਆਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਪਰਿਵਾਰ ‘ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰੁਪਿੰਦਰ ਮੁੰਡੀ ਦੇ ਪਾਰਟੀ ‘ਚ ਸ਼ਾਮਿਲ ਹੋਣ ਨਾਲ ਹਲਕਾ ਸਮਰਾਲਾ ‘ਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ ਅਤੇ ਉਹ ਪਾਰਟੀ ਦੀਆਂ ਨੀਤੀਆਂ ਦਾ ਘਰ-ਘਰ ਪ੍ਰਚਾਰ ਕਰਨਗੇ। ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਆਗੂ ਬਣੇ ਰੁਪਿੰਦਰ ਸਿੰਘ ਮੁੰਡੀ ਨੇ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਛੱਡਣ ਦਾ ਮੁੱਖ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਨਾ ਨਿਭਾਉਣਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਪ੍ਰਫੁਲਿੱਤ ਕਰਨ ਦਾ ਯਤਨ ਕਰਨਗੇ ਅਤੇ ਸਭ ਤੋਂ ਵੱਡੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਈਆਂ ਜਾਣਗੀਆਂ ਪਰ ਕਾਂਗਰਸ ਦਾ ਮੁੱਖ ਮੰਤਰੀ ਲੋਕਾਂ ਦੀਆਂ ਆਸਾਂ ‘ਤੇ ਖ਼ਰਾ ਨਾ ਉਤਰਿਆ ਜਿਸ ਕਾਰਨ ਕਈ ਸੀਨੀਅਰ ਕਾਂਗਰਸੀ ਆਗੂਆਂ ਦਾ ਹੁਣ ਪਾਰਟੀ ‘ਚ ਦਮ ਘੁੱਟ ਰਿਹਾ ਹੈ। ਰੁਪਿੰਦਰ ਸਿੰਘ ਮੁੰਡੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ ਕਿਉਂਕਿ ਉਨ੍ਹਾਂ ਦਿੱਲੀ ‘ਚ ਜੋ ਵੀ ਵਾਅਦੇ ਕੀਤੇ ਉਹ ਪੂਰੀ ਤਰ੍ਹਾਂ ਨਿਭਾਏ, ਇਸ ਲਈ ਉਹ ਪਾਰਟੀ ‘ਚ ਸ਼ਾਮਿਲ ਹੋ ਕੇ ਕੇਜਰੀਵਾਲ ਦੀ ਅਗਵਾਈ ਹੇਠ ਪੰਜਾਬ ‘ਚ ਡੱਟ ਕੇ ਪਾਰਟੀ ਦਾ ਪ੍ਰਚਾਰ ਕਰਨਗੇ। ਇਸ ਮੌਕੇ ਆਪ ਪਾਰਟੀ ਦੇ ਕਈ ਵਿਧਾਇਕਾਂ ਤੇ ਆਗੂਆਂ ਨੇ ਰੁਪਿੰਦਰ ਸਿੰਘ ਮੁੰਡੀ ਦਾ ਪਾਰਟੀ ਵਿਚ ਸ਼ਾਮਿਲ ਹੋਣ ‘ਤੇ ਸਵਾਗਤ ਕੀਤਾ। ਇਸ ਮੌਕੇ ਨਰਿੰਦਰਪਾਲ ਸਿੰਘ ਬਾਜਵਾ ਤੇ ਹੋਰ ਵੀ ਕਈ ਆਗੂ ਮੌਜੂਦ ਸਨ।

You must be logged in to post a comment Login