ਰੈਲੀਆਂ ਤਕ ਹੀ ਸਿਮਟੀਆਂ ਰਾਜਨੀਤਕ ਪਾਰਟੀਆਂ

ਰੈਲੀਆਂ ਤਕ ਹੀ ਸਿਮਟੀਆਂ ਰਾਜਨੀਤਕ ਪਾਰਟੀਆਂ
  • ਕੁਲਦੀਪ ਸਿੰਘ ਧਨੌਲਾ

ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਰੇਤ ਮਾਫ਼ੀਆ, ਕੇਬਲ ਮਾਫ਼ੀਆ, ਨਸ਼ਾ ਮਾਫ਼ੀਆ ਦੀ ਝੰਬੀ ਪੰਜਾਬ ਦੀ ਜਨਤਾ ਨੂੰ ਆਸ ਬੱਝੀ ਸੀ ਕਿ ਕੈਪਟਨ ਸਰਕਾਰ ਆਉਣ ’ਤੇ ਇਨ੍ਹਾਂ ਅਲਾਮਤਾਂ ਤੋਂ ਛੁਟਕਾਰਾ ਮਿਲੇਗਾ, ਪਰ ਅਜਿਹਾ ਕੁਝ ਨਹੀਂ ਹੋਇਆ, ਸਭ ਕੁਝ ਜਿਉਂ ਦੀ ਤਿਉਂ ਚੱਲ ਰਿਹਾ ਹੈ। ਜੇ ਕੁਝ ਬਦਲਿਆ ਹੈ ਤਾਂ ਸਿਰਫ਼ ਰਾਜ ਕਰਨ ਵਾਲਿਆਂ ਦੀਆਂ ਪੱਗਾਂ ਦੇ ਰੰਗ। ਬਾਕੀ ਧੰਦੇ-ਡੰਡੇ ਓਹੀ ਹਨ। ਸੱਤਾ ਦੇ ਅਖੀਰਲੇ ਦਿਨਾਂ ਵਿੱਚ ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਬਠਿੰਡਾ ਵਿਖੇ ਰੈਲੀ ਕੀਤੀ ਸੀ ਤਾਂ ਉਸ ਵਿਚਲੇ ਇਕੱਠ ਤੋਂ ਗੱਦ-ਗੱਦ ਹੋਏ ਸੁਖਬੀਰ ਬਾਦਲ ਨੇ ਕਿਹਾ ਸੀ, ‘ਜੇ ਹਿੰਮਤ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਇਸੇ ਥਾਂ ਇੰਨੀ ਵੱਡੀ ਰੈਲੀ ਕਰਕੇ ਦਿਖਾਵੇ।’
ਓਧਰੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਖੇ ਉਸੇ ਥਾਂ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਤਾਂ ਸੁਖਬੀਰ ਬਾਦਲ ਨੇ ਵੀ ਉਸੇ ਦਿਨ ਪਟਿਆਲਾ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ। ਹੁਣ ਫੇਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਫ਼ਰੀਦਕੋਟ ਵਾਲੀ ਰੈਲੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੇ ਗੜ੍ਹ ਲੰਬੀ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਤਾਂ ਸੁਖਬੀਰ ਬਾਦਲ ਨੇ ਉਸੇ ਦਿਨ ਪਟਿਆਲਾ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ, ਦਿਨ ਮਿੱਥਣਾ ਅਜੇ ਬਾਕੀ ਹੈ। ਹੁਣ ਤਾਂ ਲੋਕ ਖੁੰਢ ਚਰਚਾ ਕਰਨ ਲੱਗੇ ਹਨ ਕਿ ਕੈਪਟਨ ਅਤੇ ਬਾਦਲ ਆਪਸ ਵਿੱਚ ਮਿਲੇ ਹੋਏ ਹਨ। ਇਨ੍ਹਾਂ ਦੇ ਮਿਲੇ ਹੋਣ ਕਾਰਨ ਤੇ ਕੁਝ ਆਪਣੀਆਂ ਗ਼ਲਤੀਆਂ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣ ਸਕੀ ਕਿਉਂਕਿ ਦੋਵਾਂ ਨੂੰ ਪਤਾ ਸੀ ਕਿ ਜੇ ਤੀਜੀ ਧਿਰ ਆ ਗਈ ਤਾਂ ਸਭ ਦੇ ਪੋਤੜੇ ਫਰੋਲਣਗੇ। ਲੋਕਾਂ ਦੀ ਦਲੀਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਦੀਆਂ ਵੋਟਾਂ ਵੇਲੇ ਪਿਓ-ਪੁੱਤ ਬਾਦਲਾਂ ਨੂੰ ਜਿਤਾਉਣ ਲਈ ਆਪ ਪਟਿਆਲੇ ਦੇ ਨਾਲ-ਨਾਲ ਲੰਬੀ ਤੋਂ ਵੀ ਖੜ੍ਹ ਗਿਆ ਸੀ ਅਤੇ ਰਵਨੀਤ ਬਿੱਟੂ ਨੂੰ ਜਲਾਲਾਬਾਦ ਤੋਂ ਖੜ੍ਹਾ ਦਿੱਤਾ ਸੀ। ਸਤੰਬਰ ਦੇ ਆਖਰ ਵਿੱਚ ਹੋਣ ਵਾਲੀਆਂ ਰੈਲੀਆਂ ਦੌਰਾਨ ਫੇਰ ਇੱਕ-ਦੂਜੇ ਨੂੰ ਮਠਿਆਈਆਂ ਅਤੇ ਫ਼ਲਾਂ ਦੇ ਟੋਕਰੇ ਦੇਣਗੇ। ਦੂਜਾ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ’ਤੇ ਬਹਿਸ ਦੌਰਾਨ ਜਿੰਨਾ ਜ਼ੋਰ ਕਾਂਗਰਸ ਦੇ ਮੰਤਰੀਆਂ, ਵਿਧਾਇਕਾਂ ਅਤੇ ਆਪ ਦੇ ਮੈਂਬਰਾਂ ਦਾ ਲੱਗਿਆ ਉਸਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਬਹੁਤਾ ਬੋਲੇ ਹੀ ਨਹੀਂ, ਫਿਰ ਕਾਰਵਾਈ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ? ਇਹ ਰੈਲੀਆਂ, ਮੁਜ਼ਾਹਰੇ ਸਭ ਲੋਕ ਦਿਖਾਵਾ ਹਨ। ਅੰਦਰੋਂ ਅੰਦਰੀ ਸਾਰੇ ਘਿਓ ਖਿਚੜੀ ਹਨ। ਓਧਰ, ਵਿਰੋਧੀ ਧਿਰ ਦੀ ਕੁਰਸੀ ਖੁੱਸਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਵੱਲੋਂ ਰੈਲੀਆਂ ਆਰੰਭੀਆਂ ਹੋਈਆਂ ਹਨ। ਉਨ੍ਹਾਂ ਦੇ ਮਗਰ-ਮਗਰ ਹੀ ਇਸ ਪਾਰਟੀ ਦਾ ਦੂਜਾ ਧੜਾ ਵੀ ਇਹੀ ਰਾਹ ਅਪਣਾ ਰਿਹਾ ਹੈ। ਕੀ ਪੰਜਾਬੀਆਂ ਨੇ ਇਨ੍ਹਾਂ ਨੁਮਾਇੰਦਿਆਂ ਨੂੰ ਰੈਲੀਆਂ ਕਰਨ ਲਈ ਵੋਟਾਂ ਪਾਈਆਂ ਸਨ। ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਜਿਉਂ ਦਾ ਤਿਉਂ ਹੈ, ਉਸ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ। ਰੇਤ ਦੇ ਰੇਟ ਅਸਮਾਨੀਂ ਚੜ੍ਹਨ ਕਾਰਨ ਉਸਾਰੀ ਦੇ ਕੰਮ ਪ੍ਰਭਾਵਿਤ ਹੋਣ ਕਾਰਨ ਮਿਸਤਰੀ, ਮਜ਼ਦੂਰ ਸਭ ਹੱਥ ’ਤੇ ਹੱਥ ਧਰੀ ਬੈਠੇ ਹਨ, ਉਨ੍ਹਾਂ ਵੱਲ ਕੋਈ ਨਹੀਂ ਦੇਖਦਾ। ਅਬੋਹਰ-ਫਾਜ਼ਿਲਕਾ ਤੋਂ ਲੈ ਕੇ ਜ਼ੀਰਕਪੁਰ ਤਕ ਕੋਈ ਸਰਕਾਰੀ ਹਸਤਪਾਲ ਅਜਿਹਾ ਨਹੀਂ ਜਿੱਥੇ ਐਕਸੀਡੈਂਟ ਵਿੱਚ ਹੋਏ ਜ਼ਖਮੀਆਂ ਨੂੰ ਦਾਖ਼ਲ ਕਰਵਾਇਆ ਜਾ ਸਕੇ, ਹੂਟਰ ਵਜਾਉਂਦੀਆਂ ਐਂਬੂਲੈਂਸ ਦੀਆਂ ਗੱਡੀਆਂ ਚੰਡੀਗੜ੍ਹ ਨੂੰ ਭੱਜੀਆਂ ਆਉਂਦੀਆਂ ਹਨ। ਸਰਕਾਰੀ ਹਸਪਤਾਲਾਂ ਦਾ ‘ਭੋਗ’ ਪਾ ਕੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਹਵਾਲੇ ਕਰ ਦਿੱਤਾ ਹੈ।
ਇਸ ਤੋਂ ਬਿਨਾਂ ਬਰਗਾੜੀ ਵਿੱਚ ਧਿਆਨ ਸਿੰਘ ਮੰਡ ਅਤੇ ਦਾਦੂਵਾਲ ਵੱਲੋਂ ਕਈ ਮਹੀਨਿਆਂ ਤੋਂ ਧਰਨਾ ਲਾਇਆ ਹੋਇਆ ਹੈ, ਪਰ ਸਰਕਾਰ ਕੁਝ ਨਹੀਂ ਕਰ ਰਹੀ। ਅਕਾਲੀ ਦਲ ਤਾਂ ਸੱਤਾ ਤੋਂ ਬਾਹਰ ਹੋਣ ਕਾਰਨ ਤਰਲੋਮੱਛੀ ਹੋ ਰਿਹਾ ਹੈ, ਪਰ ਕੈਪਟਨ ਸਰਕਾਰ ਲੰਬੀ ’ਚ ਕਿਉਂ ਰੈਲੀ ਕਰਨ ਜਾ ਰਹੀ ਹੈ? ਉਸ ਨੂੰ ਤਾਂ ਲੋਕਾਂ ਦੇ ਕੰਮ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਰੈਲੀਆਂ ’ਤੇ ਪਾਣੀ ਵਾਂਗ ਵਾਹਿਆ ਜਾ ਰਿਹਾ ਪੈਸਾ ਲੋਕ ਹਿੱਤਾਂ ਲਈ ਵਰਤਿਆ ਜਾਣਾ ਚਾਹੀਦਾ ਹੈ।

You must be logged in to post a comment Login