ਲਿਬੀਆ ਦੇ ਸਮੁੰਦਰ ‘ਚ ਜਹਾਜ਼ ਡੁੱਬਿਆ, 700 ਪ੍ਰਵਾਸੀਆਂ ਦੀ ਮੌਤ

ਲਿਬੀਆ ਦੇ ਸਮੁੰਦਰ ‘ਚ ਜਹਾਜ਼ ਡੁੱਬਿਆ, 700 ਪ੍ਰਵਾਸੀਆਂ ਦੀ ਮੌਤ

ਤ੍ਰਿਪੋਲੀ, 19 ਅਪ੍ਰੈਲ : ਲੀਬੀਆ ਦੇ ਸਮੁੰਦਰੀ ਤੱਟ ਨਜ਼ਦੀਕ ਭੂ ਮੱਧ ਸਾਗਰ ਵਿਚ ਇਕ ਮੁਸਾਫਿਰ ਜਹਾਜ਼ ਦੇ ਡੁੱਬਣ ਨਾਲ 700 ਦੇ ਕਰੀਬ ਪ੍ਰਵਾਸੀ ਮਾਰੇ ਗਏ ਹਨ। ਜਹਾਜ਼ ਉੱਤੇ 700 ਤੋਂ ਵੱਧ ਲੋਕ ਸਵਾਰ ਸਨ। ਹੁਣ ਤੱਕ ਮਿਲ ਰਹੀ ਜਾਣਕਾਰੀ ਮੁਤਾਬਕ ਕੁਝ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਫਿਲਹਾਲ ਰਾਹਤ ਮੁਹਿੰਮ ਜਾਰੀ ਹੈ। ਇਸ ਜਹਾਜ਼ ਹਾਦਸੇ ਨੂੰ ਭੂ ਮੱਧ ਸਾਗਰ ਵਿਚ ਅੱਜ ਤੱਕ ਦਾ ਸਭ ਤੋਂ ਵੱਡਾ ਹਾਦਸਾ ਮੰਨਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ 2015 ਚਿਵ ਹੁਣ ਤੱਕ ਇੱਥੇ 1500 ਤੋਂ ਵੱਧ ਵਿਦੇਸ਼ੀਆਂ ਦੀ ਸਮੁੰਦਰ ਵਿਚ ਡੁੱਬਣ ਨਾਲ ਮੌਤ ਹੋ ਚੁੱਕੀ ਹੈ। ਮੀਡੀਆ ਰਿਪੋਰਟ ਮੁਤਾਬਕ ਹਾਦਸਾ ਇਟਲੀ ਦੀਪ ਲਾਮਪੇਦੂਸਾ ਤੋਂ ਕਰੀਬ 180 ਕਿਲੋਮੀਟਰ ਦੂਰ ਦੱਖਣ ਵਿਚ ਸ਼ਨਿੱਚਰਵਾਰ ਦੇਰ ਰਾਤ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਉੱਤੇ ਸਵਾਰ ਸਾਰੇ ਪ੍ਰਵਾਸੀ ਜਹਾਜ਼ ਦੇ ਇਕ ਹਿੱਸੇ ਵਿਚ ਜਮਾ ਹੋਣ ਲੱਗੇ ਤਾਂ ਇਹ ਹਾਦਸਾ ਵਾਪਰਿਆ। ਹਾਲਾਂਕਿ ਮਾਲਟਾ ਦੇ ਪ੍ਰਧਾਨ ਮੰਤਰੀ ਜੋਸਫ ਮਸਕਟ ਨੇ ਟਵੀਟ ਕਰਕੇ 650 ਪ੍ਰਵਾਸੀਆਂ ਦੇ ਡੁੱਬਣ ਦੀ ਗੱਲ ਕਹੀ ਹੈ। ਨਾਲ ਹੀ ਹਾਦਸੇ ਉੱਤੇ ਡੂੰਘਾ ਦੁੱਖ ਵੀ ਪ੍ਰਗਟ ਕੀਤਾ ਹੈ। ਇੱਥੇ ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਹਫਤੇ ਲਿਬੀਆ ਤੋਂ ਇਟਲੀ ਜਾ ਰਹੇ ਇਕ ਮੁਸਾਫਿਰ ਜਹਾਜ਼ ਦੇ ਡੁੱਬਣ ਨਾਲ 400 ਲੋਕ ਮਾਰੇ ਗਏ ਸਨ। ਇਟਲੀ ਦੇ ਕੋਸਟ ਗਾਰਡ ਦੇ ਬੁਲਾਰੇ ਫਰੈਂਸੇਕਾ ਕਾਰੂਸੋ ਨੇ ਦੱਸਿਆ ਕਿ ਜਹਾਜ਼ ਕਾਫੀ ਵੱਡਾ ਸੀ। ਉਸ ਦੀਆਂ ਕਈ ਮੰਜ਼ਿਲਾਂ ਸਨ। ਉੱਧਰ ਇਟਲੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨਿੱਚਰਵਾਰ ਦੇਰ ਰਾਤ ਜਹਾਜ਼ ਤੋਂ ਫੋਨ ਆਇਆ ਸੀ। ਮਤਲਬ ਰਾਹਤ ਟੀਮ ਦੇ ਪਹੁੰਚਣ ਤੱਕ ਮੁਸਾਫਿਰਾਂ ਨੂੰ ਕਈ ਘੰਟਿਆਂ ਤੱਕ ਠੰਡੇ ਪਾਣੀ ਨਾਲ ਜੂਝਣਾ ਪਿਆ ਹੋਵੇਗਾ। ਇਟਲੀ ਦੇ ਅਧਿਕਾਰੀ ਨੇ ਦੱਸਿਆਂ ਕਿ ਰਾਹਤ ਆਪਰੇਸ਼ਨ ਲਈ ਇਟਲੀ ਤੱਟ ਰੱਖਿਅਕ ਫੌਜ ਅਤੇ ਜਹਾਜ਼ਾਂ ਨੂੰ ਭੇਜ ਦਿੱਤਾ ਗਿਆ ਹੈ।

You must be logged in to post a comment Login