ਵਿਦੇਸ਼ਾਂ ਵਿੱਚ ਬਾਸਮਤੀ ਦੇ ਸੈਂਪਲ ਫੇਲ੍ਹ

ਵਿਦੇਸ਼ਾਂ ਵਿੱਚ ਬਾਸਮਤੀ ਦੇ ਸੈਂਪਲ ਫੇਲ੍ਹ

ਚੰਡੀਗੜ੍ਹ- ਪੰਜਾਬ ਦੇ ਕਿਸਾਨਾਂ ਲਈ ਬੁਰੀ ਖ਼ਬਰ ਹੈ। ਵਿਦੇਸ਼ਾਂ ਵਿੱਚ ਬਾਸਮਤੀ ਦੇ ਸੈਂਪਲ ਫੇਲ੍ਹ ਹੋ ਗਏ ਹਨ। ਭਾਰਤੀ ਬਾਸਮਤੀ ਵਿੱਚ ਤੈਅ ਮਾਪਦੰਡਾਂ ਤੋਂ ਕਿਤੇ ਵੱਧ ਮਾਤਰਾ ਵਿੱਚ ਕੀਟਨਾਸ਼ਕ ਦਵਾਈਆਂ ਪਾਈਆਂ ਜਾਂਦੀਆਂ ਹਨ। ਵਿਦੇਸ਼ਾਂ ਵਿੱਚ ਸੈਂਪਲ ਫੇਲ੍ਹ ਹੋਣ ਕਾਰਨ ਬਾਸਮਤੀ ਦੇ ਭਾਅ ਵਿੱਚ ਕਮੀ ਵੇਖਣ ਨੂੰ ਮਿਲੇਗੀ ਜਿਸ ਦਾ ਸਿੱਧਾ ਰਗੜਾ ਕਿਸਾਨਾਂ ਨੂੰ ਲੱਗੇਗਾ।ਜਾਣਕਾਰੀ ਮੁਤਾਬਕ ਕੀਟਨਾਸ਼ਕ ਦਵਾਈਆਂ ਦੀ ਮਾਤਰਾ ਮਿੱਥੇ ਮਾਪਦੰਡਾਂ ਤੋਂ ਵੱਧ ਪਾਏ ਜਾਣ ਕਾਰਨ ਵਿਦੇਸ਼ਾਂ ਨੂੰ ਜਾਣ ਵਾਲੀ ਬਾਸਮਤੀ ਦੇ ਸੈਂਪਲ ਫੇਲ੍ਹ ਹੋ ਗਏ ਹਨ। ਭਾਰਤ ਤੋਂ ਹਰ ਸਾਲ 50 ਹਜ਼ਾਰ ਕਰੋੜ ਦੀ ਬਾਸਮਤੀ ਵਿਦੇਸ਼ਾਂ ਨੂੰ ਭੇਜੀ ਜਾਂਦੀ ਹੈ। ਪਰ ਇਸ ਸਾਲ ਅਜੇ ਤੱਕ ਇੱਕ ਮਹੀਨੇ ਵਿੱਚ ਮਸਾਂ 200 ਤੋਂ 300 ਟਨ ਹੀ ਜਾ ਸਕੀ ਹੈ। ਯੂਰਪੀਅਨ ਯੂਨੀਅਨ ਨੇ ਕੀਟਨਾਸ਼ਕ ਦਵਾਈਆਂ ਦੇ ਮਾਪਦੰਡ ਪਹਿਲਾਂ .03 ਮਿੱਥੇ ਸਨ, ਜਿਹੜੇ ਹੁਣ ਘਟਾ ਕੇ .01 ਕਰ ਦਿੱਤੇ ਗਏ ਹਨ।ਕਈ ਦੇਸ਼ਾਂ ਵਿੱਚ ਕੁਝ ਕੀਟਨਾਸ਼ਕ ਦਵਾਈਆਂ ’ਤੇ ਪਾਬੰਦੀ ਹੈ ਪਰ ਉਹ ਕੰਪਨੀਆਂ ਭਾਰਤ ਵਿੱਚ ਫੈਕਟਰੀਆਂ ਲਾ ਕੇ ਕਿਸਾਨਾਂ ਨੂੰ ਆਪਣਾ ਸਾਮਾਨ ਵੇਚ ਰਹੀਆਂ ਹਨ। ਇਨ੍ਹਾਂ ਵਿੱਚੋਂ ਕਈ ਕੰਪਨੀਆਂ ਰਜਿਸਟਰਡ ਵੀ ਨਹੀਂ, ਜਿਸ ਕਾਰਨ ਸਰਕਾਰ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੀ ਹੈ। ਭਾਰਤ ਸਰਕਾਰ ਨੇ 4 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਵਿਦੇਸ਼ਾਂ ਨੂੰ ਜਾਣ ਵਾਲੀ ਬਾਸਮਤੀ ਦੇ ਸੈਂਪਲ ਦੀ ਜਾਂਚ ਦੇਸ਼ ਦੀਆਂ ਪੰਜ ਅਧਿਕਾਰਤ ਲੈਬਾਂ ਤੋਂ ਕਰਵਾਈ ਜਾਵੇ ਤੇ ਉਸ ਤੋਂ ਬਾਅਦ ਹੀ ਬਾਸਮਤੀ ਅੱਗੇ ਭੇਜੀ ਜਾਵੇਗੀ।

You must be logged in to post a comment Login