ਵਿਦੇਸ਼ਾਂ ਵਿੱਚ ਸਿੱਖਾਂ ਉੱਪਰ ਨਸਲੀ ਹਮਲਿਆਂ ਦੀ ਅਸਲੀਅਤ

ਵਿਦੇਸ਼ਾਂ ਵਿੱਚ ਸਿੱਖਾਂ ਉੱਪਰ ਨਸਲੀ ਹਮਲਿਆਂ ਦੀ ਅਸਲੀਅਤ

ਵਿਦੇਸ਼ਾਂ ਵਿੱਚ ਸਿੱਖਾਂ ਉੱਪਰ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਣ ਲਈ ਉਪਾਅ ਸੁਝਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਸੱਤ ਅਪਰੈਲ 2016 ਨੂੰ ਅੰਮ੍ਰਿਤਸਰ ਵਿੱਚ ਸਿੱਖ ਵਿਦਵਾਨਾਂ ਦੀ ਇਕੱਤਰਤਾ ਕੀਤੀ ਗਈ ਪਰ ਇਸ ਵਿੱਚ ਆਏ ਸੁਝਾਵਾਂ ਬਾਰੇ ਜਾਣਕਾਰੀ ਹਾਲੇ ਤਕ ਸਾਹਮਣੇ ਨਹੀਂ ਆਈ। ਵਿਦੇਸ਼ਾਂ ਵਿੱਚ ਸਿੱਖਾਂ ਉੱਪਰ ਨਸਲੀ ਹਮਲਿਆਂ ਸਬੰਧੀ ਇਹ ਕਹਿਣਾ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਸਬੰਧਿਤ ਸਰਕਾਰਾਂ ਵੱਲੋਂ ਪੁਖ਼ਤਾ ਪ੍ਰਬੰਧ ਕਰਨ ਨਾਲ ਹੀ ਰੋਕਿਆ ਜਾ ਸਕਦਾ ਹੈ। ਜਿਸ ਦੇਸ਼ ਵਿੱਚ ਹਮਲੇ ਹੋ ਰਹੇ ਹਨ, ਉਸ ਦੇਸ਼ ਦੀ ਸਰਕਾਰ ਨਾਲ ਭਾਰਤ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਚੰਗੇ ਤਾਲੁੱਕਾਤ ਹੋਣੇ ਚਾਹੀਦੇ ਹਨ। ਇਸ ਕੰਮ ਲਈ ਬਾਕਾਇਦਾ ਅਜਿਹੇ ਮੈਂਬਰਾਂ ਦੀ ਇੱਕ ਉੱਚ-ਪੱਧਰੀ ਕਮੇਟੀ ਹੋਣੀ ਚਾਹੀਦੀ ਹੈ ਜਿਹੜੀ ਲਗਾਤਾਰ ਅੰਤਰ-ਰਾਸ਼ਟਰੀ ਤੌਰ ’ਤੇ ਕੰਮ ਕਰਦੀ ਰਹੇ ਅਤੇ ਬਾਹਰਲੀਆਂ ਸਰਕਾਰਾਂ ਨਾਲ ਲਗਾਤਾਰ ਤਾਲਮੇਲ ਬਣਾ ਕੇ ਰੱਖੇ ਤਾਂ ਕਿ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਲਗਾਤਾਰ ਸਿੱਖ ਮੁੱਦਿਆਂ ਤੋਂ ਜਾਣੂ ਹੁੰਦੀਆਂ ਰਹਿਣ। ਸਾਰੀ ਸਮੱਸਿਆ ਦੀ ਜਡ਼੍ਹ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਇੰਨੀ ਗੰਭੀਰ ਸੋਚ ਦੀ ਮਾਲਕ ਨਹੀਂ ਹੈ ਅਤੇ ਨਾ ਹੀ ਇਸ ਦੀ ਲੀਡਰਸ਼ਿਪ ਆਪਣੇ ਤੌਰ ’ਤੇ ਇਸ ਤਰ੍ਹਾਂ ਵਿਚਰ ਹੀ ਸਕਦੀ ਹੈ ਅਤੇ ਇਸ ਦੇ ਉੱਪਰ ਗਲਬਾ ਸ਼੍ਰੋਮਣੀ ਅਕਾਲੀ ਦਲ ਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇੱਕ ਪਰਿਵਾਰ ਦੇ ਕੋਲ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦਾ ਸਾਰਾ ਕੰਮਕਾਜ ਇਸ ਪਰਿਵਾਰ ਦੀ ਮਰਜ਼ੀ ਅਨੁਸਾਰ ਹੀ ਚਲਦਾ ਹੈ। ਅੰਤਰ-ਰਾਸ਼ਟਰੀ ਤੌਰ ’ਤੇ ਕੋਈ ਵੀ ਕੰਮ ਕਰਨ ਲਈ ਸਭ ਤੋਂ ਪਹਿਲਾਂ ਇਸ ਗੱਲ ਦਾ ਹੋਣਾ ਬਹੁਤ ਜ਼ਰੂਰੀ ਹੈ ਕਿ ਸਿੱਖ ਕੌਮ ਇੱਕ ਪੂਰੇ ਕੌਮੀ ਸੱਭਿਆਚਾਰ ਵਿੱਚ ਜੱਥੇਬੰਦ ਹੋ ਕੇ ਵਿਚਰੇ ਅਤੇ ਸਿੱਖ ਲੀਡਰਸ਼ਿਪ ਨੂੰ ਘੱਟੋ-ਘੱਟ ਆਪਣੀ ਕੌਮ ਦੀ ਪੂਰੀ ਹਮਾਇਤ ਮਿਲੇ। ਸਿੱਖ ਲੀਡਰਸ਼ਿਪ ਪੂਰੀ ਕੌਮ ਦੀ ਨੁਮਾਇੰਦਗੀ ਕਰਦੀ ਹੋਵੇ। ਦੁਖਾਂਤ ਇਸ ਗੱਲ ਦਾ ਹੈ ਕਿ ਪੰਜਾਬ ਵਿੱਚ ਜਾਂ ਸਮਝ ਲਓ ਕਿ ਭਾਰਤ ਵਿੱਚ ਅਜਿਹੀ ਸਿੱਖ ਲੀਡਰਸ਼ਿਪ ਦੀ ਘਾਟ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 1925 ਤੋਂ ਲੈ ਕੇ ਅੱਜ ਤਕ ਇਹ ਉਮੀਦ ਰੱਖੀ ਜਾ ਰਹੀ ਸੀ ਕਿ ਇਸ ਨੇ ਭਾਰਤੀ ਉਪ-ਮਹਾਂਦੀਪ ਦੇ ਸਾਰੇ ਇਤਿਹਾਸਕ ਸਿੱਖ ਗੁਰਦੁਆਰਿਆਂ ਨੂੰ ਇੱਕੋ ਪ੍ਰਬੰਧ, ਆਲ ਇੰਡੀਆ ਗੁਰਦੁਆਰਾ ਐਕਟ ਦੇ ਰੂਪ ਵਿੱਚ ਲੈ ਕੇ ਆਉਣਾ ਸੀ ਪਰ ਇਹ ਅਜਿਹਾ ਕਰਨ ਵਿੱਚ ਅਸਫਲ ਰਹੀ ਹੈ। ਇਹ ਕਮੇਟੀ ਤਾਂ ਸਗੋਂ ਉਮੀਦ ਦੇ ਉਲਟ, ਪਹਿਲਾਂ 1947 ਵਿੱਚ ਆਪਣੇ ਅੱਧੇ ਤੋਂ ਵੱਧ ਇਤਿਹਾਸਕ ਮਹੱਤਤਾ ਵਾਲੇ ਗੁਰਦੁਆਰੇ ਗੁਆ ਬੈਠੀ ਹੈ ਅਤੇ ਭਾਰਤ ਭਰ ਵਿੱਚ ਵੀ ਲਗਾਤਾਰ ਆਪਣੇ ਪ੍ਰਬੰਧ ਨੂੰ ਕਮਜ਼ੋਰ ਕਰਦੀ ਆ ਰਹੀ ਹੈ। ਅੱਜ ਇਸ ਸ਼੍ਰੋਮਣੀ ਕਮੇਟੀ ਦਾ ਆਲਮ ਇਹ ਹੈ ਕਿ ਇਹ ਸਿਰਫ਼ ਪੰਜਾਬ ਦੇ ਗੁਰਦੁਆਰਿਆਂ ਤਕ ਹੀ ਸੀਮਤ ਹੋ ਕੇ ਰਹਿ ਗਈ ਹੈ। ਪੰਜਾਬੀ ਸੂਬੇ ਤੋਂ ਬਾਹਰਲੇ ਰਾਜਾਂ ਦੇ ਗੁਰਦੁਆਰਿਆਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਬਾਹਰਲੀ ਤਾਕਤ ਮੰਨਿਆ ਜਾਂਦਾ ਹੈ। ਖ਼ਾਲਸਾ ਪੰਥ ਦੇ ਦੋ ਵੱਡੇ ਤਖ਼ਤਾਂ- ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ) ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਦੇ ਪ੍ਰਬੰਧ ਵਿੱਚ ਤਾਂ ਇਸ ਦੀ ਕੋਈ ਗੱਲ ਮੰਨੀ ਹੀ ਨਹੀਂ ਜਾਂਦੀ। ਪੰਜਾਬ ਦੇ ਗੁਰਦੁਆਰਿਆਂ ਵਿੱਚ ਵੀ ਸਿਰੇ ਦੀ ਸਿਆਸਤ ਘੁਸੀ ਹੋਈ ਹੈ। ਇਨ੍ਹਾਂ ਵਿੱਚ ਇੱਕੋ ਧੜੇ ਦਾ ਰਾਜ ਵੱਧ ਚਲਦਾ ਹੈ ਭਾਵੇਂ ਅਕਾਲੀ ਦਲ ਦੇ ਅੰਦਰੂਨੀ ਧੜਿਆਂ ਦੀ ਵੀ ਪੂਰੀ ਸਿਆਸਤ ਚਲਦੀ ਹੈ। ਸਹਿਜਧਾਰੀ ਸਿੱਖਾਂ ਦੇ ਨਾਂ ਹੇਠ ਅੱਧੀ ਤੋਂ ਵੱਧ ਕੌਮ ਨੂੰ ਬਿਗਾਨੇਪਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਅੱਜ ਇਕੱਲੇ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਡੇਢ ਕਰੋੜ ਦੇ ਕਰੀਬ ਹੈ ਪਰ ਸ਼੍ਰੋਮਣੀ ਕਮੇਟੀ ਦੀ ਕੁੱਲ ਵੋਟ ਸਿਰਫ਼ 55-56 ਲੱਖ ਹੀ ਹੈ, ਭਾਵ ਕਿ ਡੇਢ ਕਰੋੜ ਦੀ ਗਿਣਤੀ ਵਾਲੀ ਕੌਮ ਵਿੱਚੋਂ ਸਿਰਫ਼ ਤੀਜਾ ਹਿੱਸਾ ਹੀ ਸਿੱਖ ਪੂਰੇ ਸਾਬਤ-ਸੂਰਤ ਸਿੱਖ ਹਨ ਅਤੇ ਬਾਕੀ ਦੇ ਸਿੱਖਾਂ ਨੂੰ ਸਹਿਜਧਾਰੀਆਂ ਦੇ ਨਾਂ ਹੇਠ ਗੁਰਦੁਆਰਾ ਪ੍ਰਬੰਧ ਤੋਂ ਬਾਹਰ ਰੱਖਿਆ ਹੋਇਆ ਹੈ। ਜਿਸ ਸਿੱਖ ਕੌਮ ਦਾ ਆਲਮ ਇਹ ਹੈ, ਉਹ ਬਾਹਰਲੇ ਮੁਲਕਾਂ ਵਿੱਚ ਆਪਣੀ ਵੱਖਰੀ ਪਛਾਣ ਵਾਲੀ ਕੌਮ ਹੋਣ ਦਾ ਪ੍ਰਭਾਵ ਕਿਵੇਂ ਪਾ ਸਕੇਗੀ? ਕੈਨੇਡਾ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਹਰ ਸਿੱਖ ਦੀ ਵੋਟ ਹੈ ਭਾਵੇਂ ਉਹ ਸਿੱਖ ਅੰਮ੍ਰਿਤਧਾਰੀ ਹੈ ਜਾਂ ਸਹਿਜਧਾਰੀ। ਉੱਥੇ ਸਾਰੇ ਸਿੱਖ ਹੀ ਵੋਟ ਪਾਉਂਦੇ ਹਨ। ਵੈਨਕੂਵਰ ਅਤੇ ਸਰੀ ਦੇ ਕਈ ਗੁਰਦੁਆਰੇ ਅਜਿਹੇ ਹਨ ਜਿੱਥੇ ਸਹਿਜਧਾਰੀ ਅਤੇ ਦਾੜ੍ਹੀ-ਕਟੇ ਸਿੱਖ ਹੀ ਪ੍ਰਬੰਧਕ ਹਨ। ਪਰ ਉਥੋਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨਾਲੋਂ ਕਿਤੇ ਜ਼ਿਆਦਾ ਵਧੀਆ ਹੈ। ਸਹਿਜਧਾਰੀ ਸਿੱਖਾਂ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਮਰਯਾਦਾ ਅਨੁਸਾਰ ਚਲਾਇਆ ਰਿਹਾ ਜਾ ਰਿਹਾ ਹੈ। ਅਸਲੀਅਤ ਇਹ ਹੈ ਕਿ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੜਨ ਹੀ ਨਹੀਂ ਦਿੱਤਾ ਜਾਂਦਾ। ਜਿਹੜੀ ਲੀਡਰਸ਼ਿਪ ਬਾਹਰਲੇ (ਕੈਨੇਡਾ ਤੇ ਅਮਰੀਕਾ) ਗੁਰਦੁਆਰਿਆਂ ਵਿੱਚ ਸਰਕਾਰੀ ਸਕਿਉਰਿਟੀ ਤੋਂ ਬਿਨਾਂ ਦਾਖ਼ਲ ਹੀ ਨਹੀਂ ਹੋ ਸਕਦੀ, ਉਹ ਲੀਡਰਸ਼ਿਪ ਸਮੁੱਚੇ ਵਿਸ਼ਵ ਦੀ ਸਿੱਖ ਕੌਮ ਦੀ ਲੀਡਰਸ਼ਿਪ ਅਖ਼ਵਾ ਹੀ ਨਹੀਂ ਸਕਦੀ। ਅਜਿਹੀ ਲੀਡਰਸ਼ਿਪ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ?
ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਕੀ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਉੱਪਰ ਹੋ ਰਹੇ ਹਮਲੇ ਮੁਸਲਮਾਨਾਂ ਦੇ ਭੁਲੇਖੇ ਵਿੱਚ ਕੀਤੇ ਜਾ ਰਹੇ ਹਨ? ਇਹ ਗੱਲ ਗ਼ਲਤ ਹੈ। ਦੁਨੀਆਂ ਭਰ ਵਿੱਚ ਕਿਤੇ ਵੀ ਸਿੱਖ ਦੀ ਅਤੇ ਮੁਸਲਮਾਨ ਦੀ ਸ਼ਕਲ-ਸੂਰਤ ਇੱਕੋ ਜਿਹੀ ਨਹੀਂ ਹੈ। ਮੁਸਲਮਾਨ ਆਮ ਤੌਰ ’ਤੇ ਨਾ ਹੀ ਪਗੜੀਧਾਰੀ ਹੁੰਦਾ ਹੈ ਅਤੇ ਨਾ ਹੀ ਸਾਬਤ-ਸੂਰਤ। ਸਿਰਫ਼ ਕੋਈ ਕੋਈ ਮੁਸਲਿਮ ਧਾਰਮਿਕ ਨੇਤਾ ਹੀ ਪਗੜੀ ਬੰਨ੍ਹਦਾ ਹੈ ਪਰ ਇਹ ਪਗੜੀ ਟੋਪੀਨੁਮਾ ਪਗੜੀ ਹੁੰਦੀ ਹੈ। ਇਸ ਤੋਂ ਸਿੱਖ ਦੀ ਪਗੜੀ ਦਾ ਭੁਲੇਖਾ ਕਿਸੇ ਤਰ੍ਹਾਂ ਵੀ ਨਹੀਂ ਪੈਂਦਾ। ਹੋਰ ਕਿਸੇ ਪੱਖੋਂ ਮੁਸਲਮਾਨ ਸਿੱਖਾਂ ਨਾਲ ਮਿਲਦੇ ਹੀ ਨਹੀਂ ਹਨ। ਇਸ ਲਈ ਸਿੱਖਾਂ ਉੱਪਰ ਹਮਲੇ ਮੁਸਲਮਾਨ ਸਮਝ ਕੇ ਨਹੀਂ ਹੁੰਦੇ ਸਗੋਂ ਸਿੱਖ ਸਮਝ ਕੇ ਹੀ ਕੀਤੇ ਜਾਂਦੇ ਹਨ। ਕੈਨੇਡਾ ਦੇ ਰੱਖਿਆ ਮੰਤਰੀ ਨੂੰ ਕੌਣ ਨਹੀਂ ਜਾਣਦਾ ਕਿ ਉਹ ਸਿੱਖ ਹੈ ਪਰ ਉਸ ਬਾਰੇ ਵੀ ਨਾਕਾਰਾਤਮਕ ਟਿੱਪਣੀਆਂ ਕੀਤੀਆਂ ਗਈਆਂ ਹਨ। ਇਹ ਸਭ ਨਸਲੀ ਵਿਤਕਰੇ ਹਨ।
ਵਿਦੇਸ਼ਾਂ ਵਿੱਚ ਤਾਂ ਅਸੀਂ ਕਹਿ ਸਕਦੇ ਹਾਂ ਕਿ ਉੱਥੇ ਸਿੱਖ ਬਹੁਗਿਣਤੀ ਵਿੱਚ ਨਹੀਂ ਹਨ, ਇਸ ਲਈ ਘੱਟ-ਗਿਣਤੀ ਹੋਣ ਕਰਕੇ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ, ਹਾਲਾਂਕਿ ਇਨ੍ਹਾਂ ਹਮਲਿਆਂ ਪਿੱਛੇ ਸਰਕਾਰਾਂ ਦਾ ਕੋਈ ਹੱਥ ਵੀ ਨਹੀਂ ਹੈ ਪਰ ਪੰਜਾਬ ਵਿੱਚ ਤਾਂ ਸਿੱਖਾਂ ਦੀ ਹੀ ਸਰਕਾਰ ਹੈ। ਇੱਥੇ ਵੀ ਸਿੱਖੀ ਉੱਪਰ ਹਮਲੇ ਹੋ ਰਹੇ ਹਨ। ਇੱਥੇ ਕਈ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਚੁੱਕੀ ਹੈ। ਇਹ ਬੇਅਦਬੀ ਵਿਦੇਸ਼ਾਂ ਵਿੱਚ ਹੋ ਰਹੇ ਨਸਲੀ ਹਮਲਿਆਂ ਤੋਂ ਵੀ ਜ਼ਿਆਦਾ ਗੰਭੀਰ ਹੈ। ਅਜੇ ਤਕ ਰਾਜ ਦੀ ਅਕਾਲੀ ਸਰਕਾਰ ਇੱਕ ਵੀ ਦੋਸ਼ੀ ਨੂੰ ਫੜ ਨਹੀਂ ਸਕੀ। ਫਿਰ ਉਹ ਕਿਹੜੇ ਮੂੰਹ ਨਾਲ ਬਾਹਰਲੀਆਂ ਸਰਕਾਰਾਂ ਨੂੰ ਕਹੇਗੀ ਕਿ ਸਿੱਖਾਂ ਉੱਪਰ ਹਮਲਾ ਕਰਨ ਵਾਲਿਆਂ ਨੂੰ ਫੜਿਆ ਜਾਵੇ ਅਤੇ ਸਜ਼ਾ ਦਿੱਤੀ ਜਾਵੇ। ਗੱਲ ਅਸਲ ਵਿੱਚ ਸਾਰੀ ਸਿਆਸਤ ਦੀ ਹੈ। ਰਾਜ ਦੀ ਅਕਾਲੀ ਸਰਕਾਰ ਸਿੱਖਾਂ ਨੂੰ ਮਾਰ ਕੇ ਹੀ ਗ਼ੈਰ-ਸਿੱਖਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦੀ ਹੈ ਕਿ ਉਹ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਇਹ ਯਕੀਨ ਦਿਵਾ ਕੇ ਰਾਜ ਦੀ ਅਕਾਲੀ ਪਾਰਟੀ ਗ਼ੈਰ-ਸਿੱਖਾਂ ਦੀਆਂ ਵੋਟਾਂ ਪੱਕੀਆਂ ਕਰਨਾ ਚਾਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਵੀ ਵੋਟਾਂ ਦੀ ਸਿਆਸਤ ਖੇਡੀ ਜਾ ਰਹੀ ਹੈ। ਇਹੀ ਸਿਆਸਤ ਵਿਦੇਸ਼ਾਂ ਵਿੱਚ ਵੀ ਸਿੱਖਾਂ ਉੱਪਰ ਨਸਲੀ ਹਮਲਿਆਂ ਦਾ ਰੌਲਾ ਪਾ ਕੇ ਕੀਤੀ ਜਾ ਰਹੀ ਹੈ ਅਤੇ ਇਸ ਰੌਲੇ ਵਿੱਚੋਂ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਦੀ ਉਮੀਦ ਰੱਖੀ ਹੋਈ ਹੈ।
ਦਰਅਸਲ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਾਹਮਣੇ ਸਾਰੀ ਗੱਲ ਸਿਆਸਤ ਦੀ ਹੈ। ਧਰਮ ਨੂੰ ਸਿਆਸਤ ਲਈ ਵਰਤਿਆ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜਿਹੀਆਂ ਮਹਾਨ ਸੰਸਥਾਵਾਂ ਅਤੇ ਗੁਰਦੁਆਰਿਆਂ ਨੂੰ ਸਿਆਸਤ ਲਈ ਵਰਤਿਆ ਜਾ ਰਿਹਾ ਹੈ। ਜੂਨ 2015 ਵਿੱਚ ਲਗਪਗ ਸਾਰੀ ਅਕਾਲੀ ਲੀਡਰਸ਼ਿਪ ਅਮਰੀਕਾ ਅਤੇ ਕੈਨੇਡਾ ਗਈ ਹੋਈ ਸੀ। ਉੱਥੇ ਕਿਸੇ ਵੀ ਅਕਾਲੀ ਲੀਡਰ ਨੇ ਨਸਲੀ ਵਿਤਕਰਿਆਂ ਦੀ ਜਾਂ ਹਮਲਿਆਂ ਦੀ ਗੱਲ ਨਹੀਂ ਸੀ ਕੀਤੀ। ਉਧਰਲੇ ਕਿਸੇ ਵੀ ਗੁਰਦੁਆਰੇ ਵਿੱਚ ਅਕਾਲੀ ਲੀਡਰਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਸੀ। ਕੀ ਇਸ ਤਰ੍ਹਾਂ ਦੀ ਲੀਡਰਸ਼ਿਪ ਵਿਦੇਸ਼ਾਂ ਵਿੱਚ ਸਿੱਖਾਂ ਉੱਪਰ ਨਸਲੀ ਹਮਲਿਆਂ ਨੂੰ ਰੁਕਵਾ ਸਕਦੀ ਹੈ?
ਸ਼੍ਰੋਮਣੀ ਕਮੇਟੀ ਵੱਲੋਂ ਸੱਤ ਅਪਰੈਲ ਨੂੰ ਕੀਤੇ ਗਏ ਬੁੱਧੀਜੀਵੀ ਸੰਮੇਲਨ ਵਿੱਚ ਵੀ ਗੱਲ ਸਿਆਸਤ ਦੀ ਹੀ ਸੀ। ਰਾਜ ਦੀ ਅਕਾਲੀ ਸਰਕਾਰ ਸ਼੍ਰੋਮਣੀ ਕਮੇਟੀ ਰਾਹੀਂ 2017 ਦੀਆਂ ਚੋਣਾਂ ਦਾ ਪ੍ਰਚਾਰ ਕਰਵਾਉਣਾ ਚਾਹੁੰਦੀ ਹੈ, ਸਿੱਖ ਬੁੱਧੀਜੀਵੀਆਂ ਦਾ ਸੰਮੇਲਨ ਇੱਕ ਬਹਾਨਾ ਸੀ। ਕੀ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿੱਚ ਨਸਲੀ ਹਮਲਿਆਂ ਦੇ ਮੁੱਦੇ ’ਤੇ ਸੋਚ ਵਿਚਾਰ ਨਹੀਂ ਕੀਤੀ ਜਾ ਸਕਦੀ? ਜਨਰਲ ਹਾਊਸ ਸਿੱਖਾਂ ਦੀ ਪਾਰਲੀਮੈਂਟ ਹੈ। ਇਸ ਵਿੱਚ ਸਾਰੇ ਸਿੱਖ ਮੁੱਦੇ ਵਿਚਾਰੇ ਜਾਣੇ ਚਾਹੀਦੇ ਹਨ। ਮੈਂਬਰਾਂ ਨੂੰ ਵਿਚਾਰ ਪ੍ਰਗਟਾਉਣ ਦੀ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ। ਇਹ ਸਿੱਖ ਕੌਮ ਦੇ ਅੰਮ੍ਰਿਤਧਾਰੀ ਨੁਮਾਇੰਦੇ ਹਨ। ਅੰਮ੍ਰਿਤਧਾਰੀ ਸਿੰਘ, ਸੰਤ ਵੀ ਹੈ ਅਤੇ ਸਿਪਾਹੀ ਵੀ ਹੈ। ਸੰਤ ਬੌਧਿਕਤਾ ਦਾ ਪ੍ਰਤੀਕ ਹੈ ਅਤੇ ਸਿਪਾਹੀ ਦਲੇਰੀ ਅਤੇ ਬਹਾਦਰੀ ਦਾ ਪ੍ਰਤੀਕ ਹੈ। ਇਨ੍ਹਾਂ ਦੀ ਸਹਾਇਤਾ ਲਈ ਸਿੱਖ ਬੁੱਧੀਜੀਵੀਆਂ ਦੀ ਸਲਾਹ ਲਈ ਜਾ ਸਕਦੀ ਹੈ ਪਰ ਇਹ ਸੰਮੇਲਨ ਬੁਲਾ ਕੇ ਨਹੀਂ ਸਗੋਂ ਚੋਣਵੇਂ ਅਤੇ ਮਾਹਿਰ ਬੁੱਧੀਜੀਵੀਆਂ ਦੀਆਂ ਵੱਖ ਵੱਖ ਕਮੇਟੀਆਂ ਬਣਾ ਕੇ ਲੈਣੀ ਚਾਹੀਦੀ ਹੈ।
ਡਾ. ਸੁਖਦਿਆਲ ਸਿੰਘ *

You must be logged in to post a comment Login