ਵੱਡੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਦੀ ਦਾਸਤਾਂ

ਵੱਡੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਦੀ ਦਾਸਤਾਂ

ਸਿੱਖ ਇਤਿਹਾਸ ਸ਼ਹਾਦਤਾਂ ਅਤੇ ਜੰਗਾਂ-ਯੁੱਧਾਂ ਦੇ ਮਹਾਨ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਇਨ੍ਹਾਂ ਜੰਗਾਂ-ਯੁੱਧਾਂ ਅਤੇ ਸ਼ਹਾਦਤਾਂ ਦਾ ਕਾਰਨ ਸਿੱਖ ਧਰਮ ਦੁਆਰਾ ਹੱਕ ਸੱਚ ਅਤੇ ਧਰਮ ਦੀ ਸਥਾਪਤੀ ਕਰਦਿਆਂ ਦੁਨੀਆਂ ਨੂੰ ਅਨਿਆਂ, ਦੁਰਾਚਾਰ ਅਤੇ ਜ਼ੁਲਮ ਤੋਂ ਛੁਟਕਾਰਾ ਦਿਵਾ ਕੇ ਇਕ ਆਦਰਸ਼ ਤੇ ਕਲਿਆਣਕਾਰੀ ਸਮਾਜ ਦੀ ਸਿਰਜਨਾ ਕਰਨਾ ਸੀ। ਇਹ ਸੰਕਲਪ ਸਿੱਖ ਧਰਮ ਦੇ ਬਾਨੀਆਂ ਦਾ ਸੀ। ਇਕ ਪਾਸੇ ਸਿੱਖ ਧਰਮ ਦੇ ਬਾਨੀ ਕਲਿਆਣਕਾਰੀ ਧਰਮ ਦੀ ਲੋਚਾ ਕਰ ਰਹੇ ਸਨ, ਦੂਜੇ ਪਾਸੇ ਸਮੇਂ ਦੇ ਧਾਰਮਕ ਅਤੇ ਰਾਜਨੀਤਕ ਲੋਕ ਆਪਣੇ ਢੰਗ ਨਾਲ ਧਾਰਮਕ ਸਰਪੰਚੀ ਕਰਦਿਆਂ ਜ਼ੁਲਮ, ਅਨਿਆਂ ਅਤੇ ਮਨ-ਮਾਨੀਆਂ ਕਰ ਰਹੇ ਸਨ। ਕੂੜ ਦਾ ਬਲ ਭਾਰੀ ਹੋ ਗਿਆ, ਸੱਚ-ਧਰਮ ਖੰਭ ਲਾ ਕੇ ਅੱਗੇ-ਅੱਗੇ ਭੱਜ ਰਿਹਾ ਸੀ। ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਪਾਵਨ ਬਾਣੀ ਅੰਦਰ ਇਸ ਦੀ ਗਵਾਹੀ ਦਾ ਵਰਨਣ ਇਸ ਤਰ੍ਹਾਂ ਹੋਇਆ ਹੈ :
ਕਲਿ ਕਾਤੀ ਰਾਜੇ ਕਸਾਈ, ਧਰਮੁ ਪੰਖ ਕਰਿ ਉਡਰਿਆ£
ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ£
ਸ਼ਹਾਦਤ ਤੇ ਜੰਗਾਂ ਯੁੱਧਾਂ ਦੇ ਇਤਿਹਾਸ ‘ਚ ਗੁਰੂਆਂ ਦੀ ਸ਼ਹਾਦਤ, ਸਾਹਿਬਜ਼ਾਦਿਆਂ  ਦੀ ਕੁਰਬਾਨੀ ਅਤੇ ਪਿਆਰੇ ਸੂਰਮਿਆਂ ਦੁਆਰਾ ਲੜੀਆਂ ਸਿੱਧੀਆਂ ਜੰਗਾਂ ਅਤੇ ਅਤੇ ਦਿੱਤੀਆਂ ਸ਼ਹਾਦਤਾਂ ਦੀ ਅਨੂਠੀ ਗਾਥਾ ਉਕਰੀ ਹੋਈ ਹੈ। ਸੰਸਾਰ ਦੇ ਹੋਰ ਧਰਮਾਂ ਦੇ ਰਹਿਬਰਾਂ ਅਤੇ ਪੈਰੋਕਾਰਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਹਨ ਪਰੰਤੂਸਿੱਖ ਇਤਿਹਾਸ ਦੇ ਵਿਚ ਸ਼ਹਾਦਤਾਂ ਦਾ ਸਰੂਪ ਅਨੋਖਾ ਅਤੇ ਵਿਲੱਖਣ ਹੈ। ਜ਼ੁਲਮ ਅਤੇ ਅਨਿਆਂ ਵਿਰੁੱਧ ਲੜੀਆਂ ਗਈਆਂ ਜੰਗਾਂ ਵਿਚ ਚਮਕੌਰ ਸਾਹਿਬ ਦੀ ਜੰਗ ਸੰਸਾਰ ਦੀ ਅਸਾਵੀਂ ਤੇ ਅਨੋਖੀ ਜੰਗ ਮੰਨੀ ਜਾਂਦੀ ਹੈ। ਇਸ ਜੰਗ ਦੀ ਪਿੱਠ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸ਼ੁਰੂ ਹੁੰਦੀ ਹੈ। 1704 ਵਿਚ ਪਹਾੜੀ ਰਾਜਿਆਂ ਅਤੇ ਮੁਗਲਈ ਫ਼ੌਜਾਂ ਵਲੋਂ ਲਗਾਤਾਰ ਕਈ ਮਹੀਨੇ ਆਨੰਦਪੁਰ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਸੀ। ਕਈ ਹਮਲੇ ਹੋਏ ਅਤੇ ਖ਼ੂਨ ਦੀਆਂ ਹੋਲੀਆਂ ਖੇਡੀਆਂ ਗਈਆਂ। ਅਖ਼ੀਰ ਪਹਾੜੀ ਰਾਜਿਆਂ ਦੇ ਵਿਸ਼ਵਾਸ ਅਤੇ ਸਮੇਂ ਦੇ ਬਾਦਸ਼ਾਹ ਵਲੋਂ ਆਏ ਭਰੋਸੇ ਕਰਕੇ ਜੇ ਗੁਰੂ ਆਨੰਦਪੁਰ ਛੱਡ ਜਾਣ ਤਾਂ ਉਨ੍ਹਾਂ ਉੱਤੇ ਹਮਲਾ ਨਹੀਂ ਕੀਤਾ ਜਾਵੇਗਾ। ਦਿੱਤੇ ਬਚਨਾਂ ਅਤੇ ਕੀਤੇ ਕੌਲ-ਕਰਾਰਾਂ Àੁੱਤੇ ਯਕੀਨ ਕਰਕੇ ਕਲਗੀਆਂ ਵਾਲੇ ਗੁਰਦੇਵ ਪਿਤਾ ਨੇ ਕਿਲ੍ਹਾ ਖ਼ਾਲੀ ਕਰ ਦਿੱਤਾ। ਗੁਰੂ ਦਾ ਕਾਫ਼ਲਾ ਅਜੇ ਕੀਰਤਪੁਰ ਹੀ ਪੁੱਜਾ ਸੀ ਕਿ ਵਿਸ਼ਵਾਸਘਾਤੀ ਦੁਸ਼ਮਣ ਨੇ ਸਭ ਸਹੁੰ-ਸੁਗੰਧਾਂ ਤੋੜ ਦਿੱਤੀਆਂ। ਕੀਤੇ ਕੌਲ ਕਰਾਰ ਭੁੱਲ ਕੇ ਹਮਲਾ ਕਰ ਦਿੱਤਾ। ਸਰਸਾ ਨਦੀ ਕੰਢੇ ਭਾਰੀ ਯੁੱਧ ਹੋਇਆ। ਇਸ ਹਮਲੇ ਨੇ ਪਰਵਾਰ ਵਿਚ ਵਿਛੋੜਾ ਪਾ ਦਿੱਤਾ। ਛੋਟੇ ਸਾਹਿਬਜ਼ਾਦੇ ਅਤੇ ਦਾਦੀ ਮਾਂ ਗੁਜਰੀ ਨੂੰ ਇਕ ਪਾਸੇ, ਖੇੜੀ ਵੱਲ ਗੰਗੂ ਨਾਲ ਜਾਣਾ ਪਿਆ। ਗੁਰੂ ਸਾਹਿਬ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦੇ ਕੁਝ ਸੂਰਮਿਆਂ ਨਾਲ ਚਮਕੌਰ ਵੱਲ ਨਿਕਲ ਗਏ। ਮੁਗ਼ਲ ਫ਼ੌਜਾਂ ਅਤੇ ਪਹਾੜੀ ਰਾਜੇ ਵੀ ਰਾਹ ਦੇ ਖੁਰੇ ਨੱਪਦੇ ਚਮਕੌਰ ਆ ਗਏ ਅਤੇ ਸਿੰਘਾਂ ਨੂੰ ਕੱਚੀ ਗੜ੍ਹੀ ‘ਚ ਭੁੱਖੇ ਢਿੱਡ, ਕੋਲ ਨਾ ਗੋਲਾ ਨਾ ਬਾਰੂਦ, ਦੁਸ਼ਮਣ ਦਾ ਮੁਕਾਬਲਾ ਬਸ ਤੇਗਾਂ, ਤਲਵਾਰਾਂ ਤੇ ਬਰਛਿਆਂ ਨਾਲ ਕਰਨਾ ਪੈਣਾ ਸੀ ਪਰ ਇਕ ਬੁਲੰਦ ਹੌਂਸਲਾ ਕੋਲ ਸੀ। ਨੀਲੇ ਦਾ ਸ਼ਾਹ ਅਸਵਾਰ, ਬਾਜਾਂ ਵਾਲਾ ਸਤਿਗੁਰੂ ਨਾਲ ਸੀ, ਇਸ ਲਈ ਕਿਸੇ ਦੇ ਮਨ ‘ਤੇ ਡਰ ਨਹੀਂ ਅਤੇ ਹਿਰਦੇ ਵਿਚ ਭੈਅ ਦਾ ਨਾਮੋ ਨਿਸ਼ਾਨ ਨਹੀਂ ਸੀ। 7 ਪੋਹ ਦੀ ਠੰਡੀ ਰਾਤ ਪਿਛੋਂ 8 ਪੋਹ ਦੇ ਸੂਰਜ ਦੀ ਲਾਲੀ ਦੀ ਪਹੁ ਫੁੱਟੀ ਤਾਂ ਬਾਹਰ ਮੁਗ਼ਲ ਸੈਨਾ ਅੰਗੜਾਈਆਂ ਲੈ ਰਹੀ ਸੀ। ਗੜ੍ਹੀ ਦੇ ਅੰਦਰ ਸਿੰਘ ਰਣਤੱਤੇ ਜੂਝਣ ਦਾ ਚਾਅ ਲੈ ਕੇ ਚਾਈਂ-ਚਾਈਂ ਤਿਆਰੀਆਂ ਕਸ ਰਹੇ ਸਨ। ਸੰਸਾਰ ਦੀ ਅਗਵਾਈ ਤੇ ਬੇਜੋੜ ਜੰਗ ਦੀ ਤਿਆਰੀ ਹੋਣ ਲੱਗੀ। ਇਕ ਪਾਸੇ ਚਾਲੀ ਦੂਜੇ ਪਾਸੇ ਦਸ ਲੱਖ। ਪਾਤਸ਼ਾਹ ਨੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਗੜ੍ਹੀ ਤੋਂ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ। ਭਿਆਨਕ ਯੁੱਧ ‘ਚ ਸਿੰਘ ਸੂਰਮੇ ਆਹਮੋ-ਸਾਹਮਣੇ ਹੋ ਕੇ ਲੜ ਰਹੇ ਸਨ, ਸਿੰਘਾਂ ਨੂੰ ਰਣ ਜੂਝਣ ਖ਼ੁਮਾਰੀ ਚੜ੍ਹੀ ਹੋਈ ਸੀ।
ਸਿੰਘਾਂ ਨੂੰ ਜੂਝਦਿਆਂ ਦੇਖ ਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੇ ਡੌਲੇ ਫਰਕੇ ਸਨ। ਜੁੱਧ ਚਾਉ ਮਨ ਉਬਾਲੇ ਖਾ ਰਿਹਾ ਸੀ। ਪਿਤਾ ਦਸਮੇਸ਼ ਤੋਂ ਆਗਿਆ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ ਪੰਜ ਸਿੰਘਾਂ ਨਾਲ ਮੈਦਾਨ-ਏ-ਜੰਗ ਵਿਚ ਕੁੱਦ ਪਏ। ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਮੌਤ ਰਾਣੀ ਨੂੰ ਪਰਨਾ ਲਿਆ। ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹਾਦਤ ਪਿੱਛੋਂ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਰਣਭੂਮੀ ਵਿਚ ਜਾਣ ਦੀ ਆਗਿਆ ਮੰਗੀ। ਨਿੱਕੀ ਜਿਹੀ ਜਿੰਦ, ਫੁੱਲਾਂ ਵਰਗਾ ਕੋਮਲ ਸਰੀਰ ਜੋ ਅਜੇ ਤੀਰਾਂ ਦੀ ਮਾਰ ਸਹਿਣ ਦੇ ਕਾਬਲ ਨਹੀਂ ਸੀ ਹੋਇਆ। ਪਿਤਾ ਦਸਮੇਸ਼ ਨੇ ਹੱਥੀਂ ਤਿਆਰ ਕਰਕੇ ਭਾਈ ਹਿੰਮਤ ਸਿੰਘ, ਭਾਈ ਨੰਦ ਸਿੰਘ ਅਤੇ ਭਾਈ ਆਲਮ ਸਿੰਘ ਆਦਿ ਨਾਲ ਮੈਦਾਨੇ ਜੰਗ ‘ਚ ਜੌਹਰ ਦਿਖਾਉਣ ਲਈ ਤੋਰ ਦਿੱਤਾ। ਨਿੱਕੀ ਜਿੰਦ ਨੇ ਭਾਰੀ ਜੰਗ ਕਰਦਿਆਂ ਅਣਗਿਣਤ ਵੈਰੀਆਂ ਨੂੰ ਪਾਰ ਬੁਲਾਇਆ। ਲੋਥ ‘ਤੇ ਲੋਥ ਚੜ੍ਹ ਗਈ। ਦੋਨੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪਿੱਛੋਂ ਦਸਮੇਸ਼ ਪਿਤਾ ਨੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਧੰਨ ਭਾਗ ਹਨ ਮੇਰੇ, ਇਹ ਅੱਲ੍ਹਾ ਦੀ ਅਮਾਨਤ ਸਨ, ਉਸ ਨੂੰ ਸੌਂਪ ਕੇ ਮੈਂ ਮੈਦਾਨੇ ਜੰਗ ਤੋਂ ਸੁਰਖਰੂ ਹੋ ਕੇ ਜਾ ਰਿਹਾ ਹਾਂ। ਸਾਕਾ ਚਮੌਕਰ ਸਾਹਿਬ ਇਤਿਹਾਸ ਦੀ ਬੇਜੋੜ ਜੰਗ ਹੋਣ ਕਰਕੇ ਸਿੱਖ ਪੰਥ ਦੀ ਗੌਰਵਮਈ ਸੂਰਬੀਰਤਾ ਦੀ ਅਨੋਖੀ ਤੇ ਮਾਣ ਕਰਨ ਵਾਲੀ ਦਾਸਤਾਨ ਹੈ।

-ਅਵਤਾਰ ਸਿੰਘ ਮੱਕੜ

You must be logged in to post a comment Login