ਸ਼ਸ਼ੀ ਥਰੂਰ ਨੂੰ ਤੁਰੰਤ ਪਾਰਟੀ ‘ਚੋਂ ਕੱਢਿਆ ਜਾਵੇ : ਵਰਿੰਦਰ ਸ਼ਰਮਾ

ਸ਼ਸ਼ੀ ਥਰੂਰ ਨੂੰ ਤੁਰੰਤ ਪਾਰਟੀ ‘ਚੋਂ ਕੱਢਿਆ ਜਾਵੇ : ਵਰਿੰਦਰ ਸ਼ਰਮਾ

ਜਲੰਧਰ- ਸੂਬਾ ਕਾਂਗਰਸ ਸਕੱਤਰ ਵਰਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਲਾਈਨ ਤੋਂ ਬਾਹਰ ਜਾ ਕੇ ਬਿਆਨਬਾਜ਼ੀ ਕਰਨ ਵਾਲੇ ਮਣੀਸ਼ੰਕਰ ਅਈਅਰ ਨੂੰ ਪਾਰਟੀ ‘ਚੋਂ ਬਾਹਰ ਦਾ ਰਾਹ ਦਿਖਾਇਆ ਗਿਆ ਹੈ, ਉਸੇ ਤਰ੍ਹਾਂ ਤੁਰੰਤ ਪਾਰਟੀ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਸ਼ਸ਼ੀ ਥਰੂਰ ਨੂੰ ਵੀ ਪਾਰਟੀ ਤੋਂ ਬਾਹਰ ਕਰਨ। ਇਸ ਸਬੰਧ ਵਿਚ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਵਰਿੰਦਰ ਸ਼ਰਮਾ ਨੇ ਕਿਹਾ ਕਿ 2014 ਲੋਕ ਸਭਾ ਚੋਣਾਂ ਵਿਚ ਆਪਣੇ ਬਿਆਨਾਂ ਨਾਲ ਜੋ ਲਾਭ ਮਣੀਸ਼ੰਕਰ ਅਈਅਰ ਨੇ ਭਾਜਪਾ ਨੂੰ ਪਹੁੰਚਾਉਣ ਦਾ ਕੰਮ ਕੀਤਾ ਸੀ, ਉਹੀ ਕੰਮ ਹੁਣ ਸ਼ਸ਼ੀ ਥਰੂਰ ਕਰ ਰਹੇ ਹਨ । ਉਸ ਸਮੇਂ ਵੀ ਜੇਕਰ ਮਣੀਸ਼ੰਕਰ ਅਈਅਰ ਨੇ ਨਰਿੰਦਰ ਮੋਦੀ ਨੂੰ ਚਾਹ ਵਾਲਾ ਜਿਹਾ ਖਿਤਾਬ ਨਾ ਦਿੱਤਾ ਹੁੰਦਾ ਤਾਂ ਭਾਜਪਾ ਨੂੰ ਇੰਨੀ ਵੱਡੀ ਜਿੱਤ ਨਾ ਹੁੰਦੀ । ਵਰਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨੇ ਵੀ ਕਦੇ ਚਾਹ ਨਹੀਂ ਵੇਚੀ ਪਰ ਮਣੀਸ਼ੰਕਰ ਦੇ ਬਿਆਨਾਂ ਤੋਂ ਬਾਅਦ ਨਰਿੰਦਰ ਮੋਦੀ ਚਾਹ ਵਾਲਾ ਬਣ ਗਿਆ ਅਤੇ ਗਰੀਬ ਤੇ ਮੱਧ ਵਰਗ ਦੀ ਹਮਦਰਦੀ ਪੂਰੀ ਤਰ੍ਹਾਂ ਉਨ੍ਹਾਂ ਨਾਲ ਜੁੜ ਗਈ। ਮਣੀਸ਼ੰਕਰ ਅਈਅਰ ਨੇ ਕਈ ਵਾਰ ਪਾਕਿਸਤਾਨ ਦੇ ਹੱਕ ਵਿਚ ਬਿਆਨਬਾਜ਼ੀ ਕਰ ਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਵਲੋਂ ਵਾਰ-ਵਾਰ ਹਿੰਦੂ ਵਿਰੋਧੀ ਬਿਆਨ ਦੇਣ ਨਾਲ ਕਾਂਗਰਸ ਦਾ ਅਕਸ ਹਿੰਦੂ ਵਿਰੋਧੀ ਬਣ ਗਿਆ ਅਤੇ ਕਾਂਗਰਸ ਦਾ ਹਿੰਦੂ ਵੋਟ ਬੈਂਕ ਭਾਜਪਾ ਵੱਲ ਮੁੜ ਗਿਆ । ਹੁਣ ਉਹੀ ਕੰਮ ਸ਼ਸ਼ੀ ਥਰੂਰ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਸ਼ੀ ਥਰੂਰ ਦੇ ਬਿਆਨ ਨਾਲ ਕਾਂਗਰਸ ਨੂੰ ਆਉਣ ਵਾਲੇ ਸਮੇਂ ਵਿਚ ਖਾਸਾ ਨੁਕਸਾਨ ਹੋ ਸਕਦਾ ਹੈ। ਵਰਿੰਦਰ ਸ਼ਰਮਾ ਨੇ ਕਿਹਾ ਕਿ ਕੁਝ ਕਾਂਗਰਸੀ ਆਗੂ ਅੰਦਰਖਾਤੇ ਭਾਜਪਾ ਨਾਲ ਮਿਲੇ ਹੋਏ ਹਨ ਅਤੇ ਜਾਣਬੁਝ ਕੇ ਗਲਤ ਬਿਆਨਬਾਜ਼ੀ ਕਰ ਕੇ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਹੇ ਹਨ। ਅਜਿਹੇ ਆਗੂਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਤੁਰੰਤ ਪਾਰਟੀ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।

You must be logged in to post a comment Login