ਸ਼ਹੀਦੀ ਦੀ ਅਨੌਖੀ ਮਿਸਾਲ-ਸਾਕਾ ਸਰਹਿੰਦ

ਸ਼ਹੀਦੀ ਦੀ ਅਨੌਖੀ ਮਿਸਾਲ-ਸਾਕਾ ਸਰਹਿੰਦ

ਸਿੱਖ ਕੌਮ ਜਿੰਨੀਆਂ ਕੁਰਬਾਨੀਆਂ ਦੁਨੀਆਂ ਦੀ ਕਿਸੇ ਵੀ ਕੌਮ ਨੇ ਨਹੀਂ ਦਿੱਤੀਆਂ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਡੇ ਗੁਰੂਆਂ ਨੇ ਦੂਜੇ ਧਰਮਾਂ ਦੀ ਰੱਖਿਆ ਲਈ ਕੁਬਰਾਨੀਆਂ ਦਿੱਤੀਆਂ ਹਨ। ਵੈਸੇ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ। ਸਿੱਖੀ ਦੇ ਮਹੱਲ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਰੱਖੀ। ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਆਪਣੀ ਸ਼ਹਾਦਤ ਦੇ ਕੇ ਇਸ ਦੀਆਂ ਨੀਹਾਂ ਨੂੰ ਭਰਿਆ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਨੇ ਇਸ ਮਹੱਲ ਦੀਆਂ ਨੀਹਾਂ ਉਸਾਰੀਆਂ ਤੇ ਅਣਗਿਣਤ ਸ਼ਹੀਦਾਂ ਨੇ ਆਪਣਾ ਖੂਨ, ਚਰਬੀ, ਹੱਡੀਆਂ ਨਾਲ ਇਸ ਦਾ ਲੈਂਟਰ ਪਾਇਆ ਤੇ ਫਿਰ ਇਸ ਇਮਾਰਤ ਦਾ ਬਨੇਰਾ ਬੰਨ੍ਹਿਆ ਤਾਂ ਕਿਤੇ ਜਾ ਕੇ ਇਹ ਸਿੱਖੀ ਦਾ ਮਹੱਲ ਸੰਪੂਰਨ ਹੋਇਆ। ਪੋਹ ਦੇ ਪਹਿਲੇ ਪਖਵਾੜੇ ਵਿੱਚ 20-21 ਦਸੰਬਰ 1704 ਈਸਵੀ ਦੀ ਰਾਤ ਨੂੰ ਕਿਲ੍ਹਾ ਆਨੰਦਪੁਰ ਛੱਡਣ ਉਪੰਤ ਗੁਰੂ ਜੀ ਦਾ ਪਰਿਵਾਰ, ਮੋਤੀਆ ਦਾ ਹਾਰ ਖੇਰੂੰ-ਖੇਰੂੰ ਹੋ ਗਿਆ। ਛੋਟੀ ਜੋੜੀ ਮਾਤਾ ਗੁਜਰੀ ਸਮੇਤ ਨਦੀ ਪਾਰ ਕਰਕੇ ਲੰਮਾ ਸਮਾਂ ਗੁਰੂਘਰ ਦੇ ਰਸੋਈਏ ਰਹੇ ਗੰਗੂ ਦੇ ਕਹਿਣ ‘ਤੇ ਉਸ ਦੇ ਪਿੰਡ ਖੇੜੀ (ਸਹੇੜੀ) ਚਲੇ ਗਏ। ਘਰ ਦੀ ਪਿਛਲੀ ਕੋਠੜੀ ਵਿੱਚ ਮਾਤਾ ਜੀ ਤੇ ਉਨ੍ਹਾਂ ਦੇ ਪੋਤਿਆਂ ਨੂੰ ਫਰਸ਼ ਉਤੇ ਹੀ ਸਫ਼ ਵਿਛਾ ਕੇ ਆਰਾਮ ਕਰਨ ਲਈ ਕਿਹਾ ਗਿਆ। ਇਸ ਤੋਂ ਵੱਧ ਮਸਾਂ ਢਾਈ ਮੁੱਠਾਂ ਜੌਆਂ ਦਾ ਆਟਾ ਉਨ੍ਹਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਭੜੌਲੀ ਵਿੱਚੋਂ ਮਿਲਣਾ ਗੰਗੂ ਦੇ ਘਰ ਦੀ ਗਰੀਬੀ ਦੀ ਮੂੰਹ ਬੋਲਦੀ ਤਸਵੀਰ ਸੀ। ਕਈ ਦਿਨਾਂ ਦੇ ਸਫ਼ਰ, ਹਨੇਰੀ ਵਰਗੀ ਤੇਜ਼ ਠੰਢੀ ਹਵਾ ਦੇ ਭੰਨੇ ਸਾਹਿਬਜ਼ਾਦਿਆਂ ਨੂੰ ਨੀਂਦ ਆ ਗਈ। ਦਾਦੀ ਨੇ ਸੌਂਣ ਲੱਗੇ ਪੋਤਰਿਆਂ ਦੇ ਸੀਸ ਆਪਣੀ ਗੋਦੀ ਵਿੱਚ ਰੱਖ ਗੱਲ੍ਹਾਂ ‘ਤੇ ਮਿਨ੍ਹਾਂ ਮਿਨ੍ਹਾਂ ਪਿਆਰ ਪਲੋਸਣਾ ਜਾਰੀ ਰੱਖਿਆ। ਮਾਤਾ ਜੀ ਨੂੰ ਦੂਸਰੇ ਵਿਛੜੇ ਹੋਏ ਪਰਿਵਾਰ ਦੀ ਚਿੰਤਾ ਕਾਰਨ ਨੀਂਦ ਕਿੱਥੇ? ਗੰਗੂ ਨੇ ਮਾਤਾ ਜੀ ਨੂੰ ਸੁੱਤਾ ਹੋਇਆ ਸਮਝ ਕੇ ਮੋਹਰਾਂ (ਧਨ) ਵਾਲੀ ਉਹ ਖੁਰਜੀ ਚੁੱਕ ਲਈ। ਕੁਝ ਸਮੇਂ ਬਾਅਦ ਮਾਤਾ ਜੀ ਨੇ ਗੰਗੂ ਨੂੰ ਕਿਹਾ, ”ਪੁੱਤ ਗੰਗੂ ਤੂੰ ਉਹ ਮਾਇਆ ਵਾਲੀ ਖੁਰਜੀ ਕਿਸੇ ਖਾਸ ਥਾਂ ਸੰਭਾਲ ਦਿੱਤੀ ਹੈ, ਨਹੀਂ ਤਾਂ ਉਸ ਦੀ ਭਾਲ ਕਰੀਏ ਹੋਰ ਕੋਈ ਤਾਂ ਇਥੇ ਆਇਆ ਹੀ ਨਹੀਂ? (ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸਰਸਾ ਨਦੀ ਪਾਰ ਕਰਨ ਸਮੇਂ ਮਾਤਾ ਜੀ ਨਾਲ ਇਕ ਹੋਰ ਸਿੱਖ ਵੀ ਸੀ। ਦਿਨ-ਰਾਤ ਅੰਦਰ ਹੀ ਤਾੜੇ ਰਹਿਣ ਕਾਰਨ ਸਾਹਿਬਜ਼ਾਦੇ ਮਾਤਾ ਜੀ ਦੀ ਇੱਛਾ ਅਨੁਸਾਰ ਕੋਠੇ ਉਪ ਚੜ੍ਹ ਗਏ ਤੇ ਨਾਲ ਦਾ ਸਿੱਖ ਬਾਹਰ ਗੁਰੂ ਜੀ ਬਾਰੇ ਖੋਜ ਕਰਨ ਪਿੰਡ ਵਿੱਚ ਚਲੇ ਜਾਣ ਬਾਅਦ ਗੰਗੂ ਨੇ ਇਕੱਲੇ ਵੇਖ ਕੇ ਮੋਹਰਾਂ ਚੁਰਾਈਆਂ)। ਗੰਗੂ ਜੋ ਕਿ ਮੋਹਰਾਂ ਦੇ ਲਾਲਚ ਕਾਰਨ ਹੀ ਮਾਤਾ ਜੀ ਨੂੰ ਤੇ ਪੋਤਰਿਆਂ ਨੂੰ ਆਪਣੇ ਘਰ ਲਿਆਇਆ ਸੀ। ਪਾਖੰਡੀ, ਲਾਲਚੀ ਗੰਗੂ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਅਨੁਸਾਰ ਲੋਹੇ-ਲਾਖੇ ਹੋ ਕੇ ਕਹਿਣ ਲੱਗਾ, ”ਅੱਛਾ?  ਮੈਂ ਤੁਹਾਨੂੰ ਮੌਤ ਦੇ ਮੂੰਹੋਂ ਬਚਾਇਆ ਤੁਸੀਂ ਮੈਨੂੰ ਇਹ ਬਦਲਾ ਦੇ ਰਹੋ ਹੋ? ਹੇ ਰੱਬਾ ਵੇਖੋ ਹਨ੍ਹੇਰ ਸਾਈਂ ਦਾ। ਮੈਂ ਇਨ੍ਹਾਂ ਬਾਗ਼ੀ ਆਦਮੀ ਦੇ ਨਿਆਣਿਆਂ ਨੂੰ ਆਪਣੇ ਘਰ ਥਾਂ ਦੇ ਕੇ ਆਪਣੇ-ਆਪ ਨੂੰ ਸਖ਼ਤ ਖਤਰੇ ਵਿੱਚ ਪਾਇਆ ਤੇ ਇਹ ਮੈਨੂੰ ਚੋਰ ਬਣਾਉਂਦੇ ਹਨ। ਨਾ ਸ਼ੁਕਰੀਏ ਮਾਈਏ। ਉਸ ਨੂੰ ਠੰਢਾ ਕਰਨ ਦੀ ਮਾਤਾ ਜੀ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਅੰਦਰ ਬਲਦੀ ਲਾਲਚ ਦੀ ਅੱਗ ਉਸ ਨੂੰ ਪਿੰਡ ਦੇ ਚੌਧਰੀ ਮੁਸਲਮਾਨ ਕੋਲ ਲੈ ਗਈ। ਦੋਵੇਂ ਸਰਕਾਰ ਵੱਲੋਂ ਮਿਲਣ ਵਾਲੇ ਇਨਾਮ ਦੇ ਲਾਲਚ ਵਿੱਚ ਦੋ ਕੋਹ ਦੂਰ ਕੋਤਵਾਲੀ ਮੋਰਿੰਡਾ ਪਹੁੰਚ ਗਏ ਤੇ ਸਾਰੀ ਹਕੀਕਤ ਦੱਸੀ। ਉਸ ਵੇਲੇ ਉਥੋਂ ਦੋ ਸਕੇ ਭਰਾ ਸਿਪਾਹੀ ਜਾਨੀ ਖਾਂ ਤੇ ਮਾਨੀ ਖਾਂ, ਮਾਤਾ ਜੀ ਸਮੇਤ ਦੋਹਾਂ ਸਾਹਿਬਜ਼ਾਦਿਆਂ ਨੂੰ ਫੜ ਕੇ ਲੈ ਗਏ। ‘ਬੰਦੀ ਛੋੜ’ ਅੱਜ ਆਪ ‘ਬੰਦੀ ਬਣਾਏ’ ਗਏ। ਮੋਰਿੰਡਾ ਰਾਹੀਂ ਸਰਹਿੰਦ ਪਹੁੰਚ ਗਏ ਤੇ ਠੰਢੇ ਬੁਰਜ ਵਿੱਚ ਬੰਦ ਕਰ ਦਿੱਤੇ ਗਏ। ਉਤਰ ਵੱਲੋਂ ਆਉਂਦੀਆਂ ਠੰਢੀਆਂ ਹਵਾਵਾਂ ਮਾਂ ਗੁਜਰੀ ਦੇ ਕਲੇਜੇ ਵਿੱਚੋਂ ਰੁੱਗ ਭਰ ਕੇ ਦੱਖਣ ਵੱਲ ਨੂੰ ਲਿਜਾ ਰਹੀਆਂ ਸਨ, ਪ੍ਰੰਤੂ ਤਿੰਨੇ ‘ਤੇਰਾ ਕੀਆ ਮੀਠਾ ਲਾਗੇ’ ਪੜ੍ਹਦੇ ਚੜ੍ਹਦੀ ਕਲਾ ਵਿੱਚ ਸਨ ਤੇ ਦੋਹਾਂ ਛੋਟੇ ਲਾਲਾਂ ਦੇ ਚਿਹਰੇ ਤੋਂ ਨੂਰ ਝਲਕਦਾ ਸੀ। ਮਾਤਾ ਜੀ ਆਉਣ ਵਾਲੇ ਸਮੇਂ ਨੂੰ ਵਿਚਾਰ ਕੇ ਸਾਹਿਬਜ਼ਾਦਿਆਂ ਦਾ ਉਤਸ਼ਾਹ ਵੇਖ-ਵੇਖ ਖੁਸ਼ ਹੋ ਰਹੇ ਸਨ। ਦੂਜੇ ਦਿਨ ਮਾਤਾ ਜੀ ਤੋਂ ਕਲਗੀ ਸਜਾ ਤੇ ਅਸ਼ੀਰਵਾਦ ਲੈ ਕੇ ਵਜ਼ੀਦ ਖਾਂ ਸੂਬੇ ਦੀ ਕਚਹਿਰੀ ਵਿੱਚ ਪੇਸ਼ ਹੋਣ ਲਈ ਤੁਰੇ। ਉਨ੍ਹਾਂ ਨੂੰ ਭੈਭੀਤ ਕਰਨ ਤੇ ਇਤਿਹਾਸ ਬਦਲਣ ਦੇ ਇਰਾਦੇ ਨਾਲ ਸਾਜ਼ਿਸ਼ ਤਹਿਤ ਕਚਹਿਰੀ ਦਾ ਵੱਡਾ ਗੇਟ ਬੰਦ ਕਰਕੇ ਛੋਟੇ ਦਰਵਾਜ਼ੇ ਰਾਹੀਂ ਲੰਘਣ ਲਈ ਕਿਹਾ ਗਿਆ। ਉਚ ਦਿਮਾਗੀ ਸਾਹਿਬਜ਼ਾਦਿਆਂ ਨੇ ਬਦਨੀਤੀ ਸਮਝਦਿਆਂ ਪਹਿਲਾਂ ਚਰਨ ਅੰਦਰ ਲੰਘਾ, ਸੂਬੇ ਨੂੰ ਪੈਰ ਵਿਖਾਉਂਦਿਆਂ ਪਿੱਛੋਂ ਸਿਰ ਲੰਘਾਏ ਤੇ ਪੂਰੇ ਜੋਸ਼ ਨਾਲ ਦਗ਼ ਦਗ਼ ਕਰਦੇ ਚਿਹਰਿਆਂ ਨਾਲ ਸੂਬੇ ਦੇ ਸਾਹਮਣੇ ਖੜ੍ਹ ਕਚਹਿਰੀ ਵਿੱਚ ਗੱਜ ਕੇ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਗਜਾਈ ਤਾਂ ਸੁੰਦਰ ਚਿਹਰੇ ਵੇਖ ਕੇ ਕਈਆਂ ਦੇ ਸਿਰ ਝੁਕ ਗਏ। ਵਜ਼ੀਦ ਖਾਂ ਨੇ ਸਾਹਿਬਜ਼ਾਦਿਆਂ ਨੂੰ ਲਾਲਚ ਦਿੰਦਿਆਂ ਕਿਹਾ, ”ਤੁਹਾਡਾ ਪਿਤਾ ਤੇ ਵੱਡੇ ਭਰਾ ਚਮਕੌਰ ਦੀ ਜੰਗ ਵਿੱਚ ਮਾਰੇ ਗਏ ਹਨ, ਤੁਹਾਡੇ ਪਿਆਰੇ ਮੁਖੜੇ ਮੈਨੂੰ ਬੜੇ ਸੁੰਦਰ ਲਗਦੇ ਹਨ।
ਸੋ ਜੇ ਤੁਸੀਂ ਇਸਲਾਮ ਕਬੂਲ ਕਰ ਲਓ ਤਾਂ ਸੁੰਦਰ  ਪੁਸ਼ਾਕਾਂ ਪਹਿਨਣ ਨੂੰ ਮਿਲਣਗੀਆਂ, ਸੋਨੇ-ਚਾਂਦੀ ਦੇ ਬਰਤਨਾਂ ਵਿੱਚ ਭੋਜਨ ਕਰੋਗੇ, ਮਹਿਲਾਂ ਵਿੱਚ ਰਹੋਗੇ ਤੇ ਨੌਜਵਾਨ ਹੋਣ ‘ਤੇ ਉਚ ਘਰਾਣੇ ਦੀਆਂ ਲੜਕੀਆਂ (ਬੇਗ਼ਮਾਂ) ਨਾਲ ਤੁਸੀਂ ਵਿਆਹੇ ਜਾਓਗੇ ਆਦਿ।” ਸਾਹਿਬਜ਼ਾਦਿਆਂ ਨੇ ਕਿਹਾ, ”ਲਿਖ ਕੇ ਦਿਓ ਕਿ ਤੁਹਾਡੇ ਵੱਲੋਂ ਦਿੱਤੇ ਜਾ ਰਹੇ ਇਹ ਸਾਰੇ ਸੁੱਖ ਭੋਗਦੇ ਹੋਏ ਅਸੀਂ ਮਰਾਂਗੇ ਨਹੀਂ, ਅਮਰ ਹੋ ਜਾਵਾਂਗੇ।” ਸਾਹਿਬਜ਼ਾਦਿਆਂ ਦੇ ਇਹ ਬਚਨ ਸੁਣ ਕੇ ਸੂਬੇ ਨੇ ਮੂੰਹ ਵਿੱਚ ਉਂਗਲਾਂ ਪਾ ਲਈਆਂ ਤੇ ਕੋਈ ਜਵਾਬ ਨਾ ਦੇ ਸਕਿਆ। ਉਸ ਨੇ ਕਾਜ਼ੀ ਨੂੰ ਪੁੱਛਿਆ ਕਿ ਇਨ੍ਹਾਂ ਨੂੰ ਕੀ ਸਜ਼ਾ ਦਿੱਤੀ ਜਾਵੇ? ਕਾਜ਼ੀ ਨੇ ਕਿਹਾ, ”ਕੁਰਾਨ ਸ਼ਰੀਫ ਬੱਚਿਆਂ ਅਤੇ ਔਰਤ ਨੂੰ ਕੋਈ ਸਜ਼ਾ ਨਹੀਂ ਦਿੰਦਾ। ਇਸ ਲਈ ਇਨ੍ਹਾਂ ਨੂੰ ਛੱਡ ਦਿੱਤਾ ਜਾਵੇ। ਕੋਲ ਬੈਠੇ ਸੁੱਚਾ ਨੰਦ ਨੇ ਆਪਣੀ ਵਫਾਦਾਰੀ ਦਾ ਸਬੂਤ ਦਿੰਦਿਆਂ ਸਾਹਿਬਜ਼ਾਦਿਆਂ ਨੂੰ ਕਿਹਾ, ”ਤੁਸੀਂ ਬੱਚੇ ਹੋ ਛੱਡ ਦਿੱਤੇ ਜਾਉਗੇ ਤਾਂ ਫਿਰ ਕਿੱਥੇ ਜਾਉਗੇ?” ਵੱਡੇ ਨੇ ਜਵਾਬ ਵਿੱਚ ਕਿਹਾ, ”ਜਾਣਾ ਕਿੱਥੇ ਹੈ? ਜੰਗਲਾਂ ਵਿੱਚ ਜਾਵਾਂਗੇ, ਸਿੱਖਾਂ ਨੂੰ ਇਕੱਠੇ ਕਰਾਂਗੇ ਤੇ ਤੁਹਾਡੇ ਖਿਲਾਫ ਲੜਾਂਗੇ।” ਸੁੱਚਾ ਨੰਦ ਨੇ ਤਿੰਨ ਵਾਰ ਇਹੀ ਗੱਲ ਦੁਹਰਾਈ ਫਿਰ ਛੱਡ ਦਿਆਂਗੇ, ਫਿਰ ਕੀ ਕਰੋਗੇ। ਇਸ ਦੇ ਜਵਾਬ ਵਿੱਚ ਦੋਹਾਂ ਨੇ ਯਕ ਜ਼ਬਾਨ ਹੋ ਕੇ ਕਿਹਾ, ”ਜਿਤਨਾ ਸਮਾਂ ਸਾਡੇ ਵਿੱਚ ਜਾਨ ਹੈ ਉਦੋਂ ਤੱਕ ਲੜਦੇ ਰਹਾਂਗੇ। ਜਿੰਨੀ ਦੇਰ ਤੁਹਾਡਾ ਜ਼ਾਲਮ ਰਾਜ ਖਤਮ ਨਹੀਂ ਹੋ ਜਾਂਦਾ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ।” ਸੁੱਚਾ ਨੰਦ ਨੇ ਫੌਰਨ ਸੂਬੇ ਨੂੰ ਕਿਹਾ, ”ਇਹ ਬਾਗ਼ੀ ਹਨ। ਸੱਪ ਨੂੰ ਮਾਰਨਾ ਤੇ ਉਸ ਦੇ ਬੱਚਿਆਂ ਨੂੰ ਪਾਲਣਾ ਜਾਂ ਛੱਡ ਦੇਣਾ  ਗਲਤੀ ਹੈ।” ਕਾਜ਼ੀ ਨੇ ਫਤਵਾ ਦਿੱਤਾ ਕਿ ਹੁਣ ਇਨ੍ਹਾਂ ਨੂੰ ‘ਬਾਗ਼ੀ’ ਹੋਣ ਕਰਕੇ ਮੌਤ ਦੇ ਘਾਟ ਉਤਾਰਿਆ ਜਾ ਸਕਦਾ ਹੈ। ਦੋ ਪਠਾਣਾਂ ਨੂੰ ਕਿਹਾ ਤੁਹਾਡੇ ਪਿਤਾ ਨੂੰ ਇਨ੍ਹਾਂ ਦੇ ਪਿਤਾ ਨੇ ਮਾਰਿਆ ਸੀ, ਤੁਸੀਂ ਇਨ੍ਹਾਂ ਨੂੰ ਮਾਰ ਕੇ ਬਦਲਾ ਲੈ ਸਕਦੇ ਹੋ। ਉਨ੍ਹਾਂ ਕਿਹਾ ਕਿ ਜਵਾਨ ਹੋਣ, ਇਨ੍ਹਾਂ ਹੱਥ ਲੜਨ ਲਈ ਤਲਵਾਰਾਂ ਹੋਣ ਤਾਂ ਮੁਕਾਬਲੇ ਵਿੱਚ ਮਾਰ ਸਕਦੇ ਹਾਂ, ਪ੍ਰੰਤੂ ਇਸ ਹਾਲਤ ਵਿੱਚ ਨਹੀਂ। ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਸੂਬੇ ਨੇ ਕਿਹਾ ਕਿ ਤੇਰਾ ਭਰਾ ਤੇ ਭਤੀਜਾ ਜੰਗ ਵਿੱਚ ਇਨ੍ਹਾਂ ਦੇ ਪਿਤਾ ਨੇ ਪਾਰ ਬੁਲਾ ਦਿੱਤੇ ਸਨ। ਤੁਹਾਡੇ ਕੋਲ ਬਦਲਾ ਲੈਣ ਦਾ ਵਧੀਆ ਮੌਕਾ ਹੈ ਤਾਂ ਉਸ ਨੇ ਤੋਬਾ ਕਰਦਿਆਂ ਕਿਹਾ, ”ਬਦਲਾ ਹੀ ਲੈਣਾ ਹੋਗਾ ਤੋਂ ਲਏਂਗੇ ਇਨ ਕੇ ਬਾਪ ਸੇ। ਖੁਦਾ ਬਚਾਏ ਮੁਝ ਕੋ, ਐਸੇ ਪਾਪ ਸੇ।” ਇਤਨਾ ਕਹਿ ਕੇ ਨਵਾਬ ਰੋਸ ਵਜੋਂ ਕਚਹਿਰੀ ਵਿੱਚੋਂ ਉਠ ਕੇ ਹਾਅ ਦਾ ਨਾਅਰਾ ਮਾਰ ਕੇ ਚਲਾ ਗਿਆ। ਹੁਣ ਸਵਾਲ ਸੀ ਇਨ੍ਹਾਂ ਨੂੰ ਕਿਵੇਂ ਮਾਰਿਆ (ਸ਼ਹੀਦ ਕੀਤਾ) ਜਾਵੇ? ਕੁਦਰਤੀ ਸਮਾਣੇ ਦੇ ਦੋ ਦਿੱਲੀ ਸਰਕਾਰ ਦੇ ਜੱਲਾਦ ਸਰਹਿੰਦ ਪੇਸ਼ੀ ਭੁਗਤਣ ਆਏ ਸਨ। ਉਨ੍ਹਾਂ ਦਾ ਕੋਈ ਮੁਕੱਦਮਾ ਸਰਹਿੰਦ ਕਚਹਿਰੀ ਵਿੱਚ ਚੱਲਦਾ ਸੀ। ਉਨ੍ਹਾਂ ਦੇ ਹੱਕ ਵਿੱਚ ਕੇਸ ਹੋਣ ਦੀ ਸ਼ਰਤ ‘ਤੇ ਉਨ੍ਹਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ ਮੰਨ ਲਿਆ। ਸ਼ਹਿਰ ਦੀ ਫਸੀਲ ਇਕ ਪਾਸੇ ਤੋਂ ਢਾਹ ਕੇ ਉਨ੍ਹਾਂ ਨੂੰ ਉਸ ਵਿੱਚ ਖੜ੍ਹੇ ਕਰਕੇ ਚਿਣਨ ਦਾ ਹੁਕਮ ਹੋਇਆ। ਜਿਉਂ ਜਿਉਂ ਕੰਧ ਉਚੀ ਹੋ ਰਹੀ ਸੀ ਤਾਂ ਦੋਵੇ ਅਡੋਲ ਆਪਸੀ ਗੱਲਾਂ ਕਰਨ ਲੱਗੇ। ਵੱਡਾ ਕਹਿੰਦਾ, ”ਆਪਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਨਾ। ਛੋਟਾ ਕਹਿੰਦਾ ਆਪਾਂ ਗੁਰੂ ਤੇਗ ਬਹਾਦਰ ਦੇ ਪੋਤਰੇ ਹਾਂ ਨਾ।” ਹਾਕਮ ਕੰਨ ਲਾ ਕੇ ਆਪਸੀ ਗੱਲਬਾਤ ਸੁਣ ਰਹੇ ਸਨ। ਕੰਧ ਛਾਤੀਆਂ ਤੱਕ ਆਈ ਦੋਵੇਂ ਬੇਹੋਸ਼ ਹੋ ਗਏ ਤੇ ਕੰਧ ਡਿੱਗ ਪਈ। ਠੰਢੇ ਬੁਰਜ ਵਿੱਚ ਲਿਜਾ ਕੇ ਉਨ੍ਹਾਂ ਨੂੰ ਤਿਰਿਓੜ ਤੇ ਮਮੀਰਾ ਪਿਆਇਆ ਗਿਆ। ਅਗਲੇ ਦਿਨ ਅਨੇਕਾਂ ਤਸੀਹੇ ਦੇ ਕੇ 27 ਦਸੰਬਰ (13 ਪੋਹ) 1704 ਨੂੰ ਸ਼ਹੀਦ ਕੀਤਾ ਗਿਆ। ਸ਼ਹੀਦੀ ਸਮੇਂ ਬਾਬਾ ਜ਼ੋਰਾਵਰ ਸਿੰਘ ਦੀ ਉਮਰ 9 ਸਾਲ ਤੋਂ ਘੱਟ ਤੇ ਬਾਬਾ ਫਤਹਿ ਸਿੰਘ ਦੀ 5 ਸਾਲ 8 ਮਹੀਨੇ ਸੀ। ਜਨਮ 1699 ਈ. ਪੋਤੇ ਸ਼ਹੀਦ ਹੋਏ ਦੇਖ ਕੇ ਮਾਤਾ ਗੁਜਰੀ ਵੀ ਉਨ੍ਹਾਂ ਨਾਲ ਹੀ ਚਲੇ ਗਏ। ਤਕੜੇ ਵਪਾਰੀ ਦੀਵਾਨ ਟੋਡਰ ਮੱਲ ਨੇ ਮੋਹਰਾਂ ਖੜ੍ਹੀਆਂ ਕਰਕੇ ਤਿੰਨਾਂ ਦੇ ਅੰਤਿਮ ਸਸਕਾਰ ਲਈ ਹਕੂਮਤ ਤੋਂ ਜ਼ਮੀਨ ਖਰੀਦ ਕੇ ਆਪਣਾ ਫਰਜ਼ ਨਿਭਾਇਆ। ਮੋਤੀ ਮਹਿਰਾ ਤਿੰਨ ਦਿਨ ਹਕੂਮਤ ਤੋਂ ਚੋਰੀ ਆਪਣੀ ਜਾਨ ਤਲੀ ‘ਤੇ ਧਰ ਕੇ ਬੁਰਜ ਵਿੱਚ ਦਾਦੀ ਪੋਤਿਆਂ ਨੂੰ ਦੁੱਧ ਪਿਲਾਂਦਾ ਰਿਹਾ। ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਗੰਗੂ ਕੋਲ ਰਹੀ ਮਾਇਆ ਦਾ ਪਤਾ ਲੱਗਣ ‘ਤੇ ਮੁਸਲਮਾਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ 26 ਤੋਂ 28 ਦਸੰਬਰ ਜੋੜ ਮੇਲਾ ਭਰਦਾ ਹੈ।

-ਮਾ. ਬੋਹੜ ਸਿੰਘ ਮੱਲਣ

You must be logged in to post a comment Login