ਸ਼ੀ ਦੇ ਭਾਰਤ ਦੌਰੇ ਤੋਂ ਚੀਨੀ ਵਿਦੇਸ਼ ਮੰਤਰਾਲਾ ਅਣਜਾਣ

ਸ਼ੀ ਦੇ ਭਾਰਤ ਦੌਰੇ ਤੋਂ ਚੀਨੀ ਵਿਦੇਸ਼ ਮੰਤਰਾਲਾ ਅਣਜਾਣ

ਪੇਈਚਿੰਗ : ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਗਲੇ ਦੋ ਮਹੀਨਿਆਂ ’ਚ ਭਾਰਤ ਦੌਰੇ ਦੀ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਾਪਾਨੀ ਪ੍ਰਕਾਸ਼ਨ ਨਿਕੇਈ ਏਸ਼ੀਅਨ ਰਿਵਿਊ ’ਚ ਮੰਗਲਵਾਰ ਨੂੰ ਰਿਪੋਰਟ ਸੀ ਕਿ ਸ਼ੀ ਫਰਵਰੀ ’ਚ ਭਾਰਤ ਦਾ ਦੌਰਾ ਕਰਨ ਬਾਰੇ ਵਿਚਾਰ ਕਰ ਰਹੇ ਹਨ ਤਾਂ ਜੋ ਅਮਰੀਕਾ ਦੀ ਵਪਾਰ ਨੀਤੀ ਦਾ ਟਾਕਰਾ ਕੀਤਾ ਜਾ ਸਕੇ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ ਕਿ ਚੀਨ ਅਤੇ ਭਾਰਤ ਗੁਆਂਢੀ ਮੁਲਕ ਹਨ ਅਤੇ ਉਨ੍ਹਾਂ ਦੀ ਆਪਸ ’ਚ ਦੋਸਤੀ ਹੈ ਪਰ ਜਾਪਾਨੀ ਮੀਡੀਆ ਦੀ ਰਿਪੋਰਟ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਹੈ। ਜਦੋਂ ਰੂਸੀ ਮੀਡੀਆ ਵੱਲੋਂ ਵੀ ਅਜਿਹੀ ਰਿਪੋਰਟ ਨਸ਼ਰ ਕੀਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਹੁਆ ਨੇ ਕਿਹਾ ਕਿ ਚੀਨੀ ਮੀਡੀਆ ਨੇ ਇਸ ਬਾਬਤ ਕੋਈ ਰਿਪੋਰਟ ਪ੍ਰਕਾਸ਼ਤ ਨਹੀਂ ਕੀਤੀ ਹੈ। ਸਰਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਖ਼ਬਰ ਏਜੰਸੀ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੂਜੀ ਗ਼ੈਰ ਰਸਮੀ ਮੁਲਾਕਾਤ ਲਈ ਸ਼ੀ ਦੇ ਭਾਰਤ ਦੌਰੇ ਦੀ ਕੋਈ ਤਜਵੀਜ਼ ਨਹੀਂ ਹੈ। ਇਸ ਤੋਂ ਪਹਿਲਾਂ ਦੋਵੇਂ ਆਗੂਆਂ ਦਰਮਿਆਨ ਵੂਹਾਨ ’ਚ ਉੱਚ ਪੱਧਰੀ ਬੈਠਕ ਹੋ ਚੁੱਕੀ ਹੈ।
ਭਾਰਤ-ਚੀਨ ਵੱਲੋਂ ਸਬੰਧਾਂ ਬਾਰੇ ਚਰਚਾ : ਪੇਈਚਿੰਗ: ਚੀਨ ’ਚ ਭਾਰਤੀ ਸਫ਼ੀਰ ਵਿਕਰਮ ਮਿਸਰੀ ਨੇ ਚੀਨੀ ਉਪ ਵਿਦੇਸ਼ ਮੰਤਰੀ ਕੋਂਗ ਸ਼ੁਆਨਯੂ ਨਾਲ ਮੁਲਾਕਾਤ ਕਰਕੇ ਦੋਵੇਂ ਮੁਲਕਾਂ ਦਰਮਿਆਨ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਵੂਹਾਨ ਸਿਖਰ ਸੰਮੇਲਨ ਮਗਰੋਂ ਇਹ ਗੱਲਬਾਤ ਹੋਈ ਹੈ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਮਿਸਰੀ ਅਤੇ ਕੋਂਗ ਵਿਚਕਾਰ ਰਸਮੀ ਮੁਲਾਕਾਤ ਸੀ। ਦੋਹਾਂ ਨੇ ਭਾਰਤ ਅਤੇ ਚੀਨ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵੀ ਆਪਣੇ ਵਿਚਾਰ ਪ੍ਰਗਟਾਏ। ਭਾਰਤ ਦੇ ਵਣਜ ਸਕੱਤਰ ਅਨੂਪ ਵਧਾਵਨ ਵੀ ਮੰਗਲਵਾਰ ਨੂੰ ਚੀਨ ਦੌਰੇ ਤੋਂ ਪਰਤ ਆਏ ਹਨ।

You must be logged in to post a comment Login