ਸ਼੍ਰੋਮਣੀ ਅਕਾਲੀ ਦਲ ਅਤੇ ਜੇਜੇਪੀ ਲ ਗੱਠਜੋੜ ਕਰ ਸਕਦੀ ਹੈ ਭਾਜਪਾ

ਸ਼੍ਰੋਮਣੀ ਅਕਾਲੀ ਦਲ ਅਤੇ ਜੇਜੇਪੀ ਲ ਗੱਠਜੋੜ ਕਰ ਸਕਦੀ ਹੈ ਭਾਜਪਾ

ਨਵੀਂ ਦਿੱਲੀ : ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਆਮ ਆਦਮੀ ਪਾਰਟੀ ਨੂੰ ਸਖ਼ਤ ਟੱਕਰ ਦੇਣ ਦੇ ਲਈ ਆਪਣੇ ਦੂਜੇ ਸੂਬਿਆਂ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਅਤੇ ਜੇਜੇਪੀ ਨਾਲ ਗਠਜੋੜ ਕਰ ਸਕਦੀ ਹੈ। ਭਾਜਪਾ ਨੇ ਫਿਲਹਾਲ ਤਾਂ ਇਸ ਗਠਜੋੜ ਨੂੰ ਲੈ ਕੇ ਕੁੱਝ ਵੀ ਸਪੱਸ਼ਟ ਨਹੀਂ ਕੀਤਾ ਹੈ ਪਰ ਮੰਨਿਆ ਇਹ ਜਾ ਰਿਹਾ ਹੈ ਕਿ ਦਿੱਲੀ ਚੋਣਾਂ ਵਿਚ ਬੀਜੇਪੀ ਇਨ੍ਹਾਂ ਦੋ ਪਾਰਟੀਆਂ ਨੂੰ ਆਪਣਾ ਸਹਿਯੋਗੀ ਬਣਾ ਕੇ ਕੁੱਝ ਸੀਟਾਂ ਦੇ ਸਕਦੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹੁਣ ਗਿਣਤੀ ਦੇ ਦਿਨ ਹੀ ਬਚੇ ਹਨ 8 ਫਰਵਰੀ ਨੂੰ ਵਿਧਾਨ ਸਭਾ ਦੇ ਲਈ ਵੋਟਿੰਗ ਹੋਣੀ ਹੈ ਜਿਸ ਨੂੰ ਲੈ ਕੇ ਹਰ ਪਾਰਟੀ ਨੇ ਕਮਰ ਕਸ ਲਈ ਹੈ। ਇਕ ਪਾਸੇ ਜਿੱਥੇ ਅਰਵਿੰਦ ਕੇਜਰੀਵਾਲ ਆਪਣੇ ਪੰਜ ਸਾਲ ਦੇ ਕੰਮਾਂ ਨੂੰ ਗਿਣਵਾਉਣ ਵਿਚ ਲੱਗੇ ਹੋਏ ਹਨ ਉੱਥੇ ਹੀ ਦੂਜੇ ਪਾਸੇ ਭਾਜਪਾ ਆਪ ‘ਤੇ ਦਿੱਲੀ ਦੀ ਜਨਤਾ ਨਾਲ ਵਾਅਦਾ ਖਿਲਾਫੀ ਦਾ ਆਰੋਪ ਲਗਾ ਰਹੀ ਹੈ। ਹੁਣ ਮੰਨਿਆ ਇਹ ਜਾ ਰਿਹਾ ਹੈ ਕਿ ਭਾਜਪਾ ਆਮ ਆਦਮੀ ਪਾਰਟੀ ਨੂੰ ਚਿੱਤ ਕਰਕੇ ਦਿੱਲੀ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਆਪਣੇ ਦੂਜੇ ਸੂਬਿਆ ਦੇ ਸਹਿਯੋਗੀ ਭਾਵ ਸ਼੍ਰੋਮਣੀ ਅਕਾਲੀ ਦਲ ਅਤੇ ਜੇਜੇਜੀ ਨੂੰ ਕੁੱਝ ਸੀਟਾਂ ਦੇ ਸਕਦੀ ਹੈ। ਰਿਪੋਰਟਾ ਦੀ ਮੰਨੀਏ ਤਾਂ ਪੰਜਾਬ ਅਤੇ ਕੇਂਦਰ ਵਿਚ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਤਿੰਨ ਤੋਂ ਚਾਰ ਸੀਟਾਂ ਦੇਣ ‘ਤੇ ਵਿਚਾਰ ਕਰ ਰਹੀ ਹੈ। ਪਹਿਲਾਂ ਵੀ ਵਿਧਾਨਸਭਾ ਚੋਣਾਂ ਵਿਚ ਭਾਜਪਾ ਅਕਾਲੀ ਦਲ ਨੂੰ ਇਕ ਜਾਂ ਦੋ ਸੀਟ ਆਫਰ ਕਰਦੀ ਰਹੀ ਹੈ। ਹਾਲਾਂਕਿ 2017 ਦੌਰਾਨ ਰਾਜੌਰੀ ਗਾਰਡਨ ਹਲਕੇ ਵਿਚ ਹੋਈ ਜ਼ਿਮਨੀ ਚੋਣਾਂ ‘ਚ ਅਕਾਲੀ ਦਲ ਦੇ ਵੱਡੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਦੀ ਟਿਕਟ ‘ਤੇ ਚੋਣ ਲੜ ਕੇ ਜਿੱਤ ਹਾਸਲ ਕੀਤੀ ਸੀ। ਦੂਜੇ ਪਾਸੇ ਭਾਜਪਾ ਦੀ ਹਰਿਆਣਾ ਸਰਕਾਰ ਵਿਚ ਸਹਿਯੋਗੀ ਪਾਰਟੀ ਜੇਜੇਪੀ ਵੱਲੋਂ ਵੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਪਣੀ ਥਾਂ ਬਣਾਉਣ ਦੀਆਂ ਕੋਸ਼ਿਸ਼ਾ ਕੀਤੀਆ ਜਾ ਰਹੀਆਂ ਹਨ। ਇਸ ਬਾਰੇ ਵਿਚ ਜੇਜੇਪੀ ਨੇ ਤਾਂ ਪਹਿਲਾਂ ਹੀ ਦਿੱਲੀ ਦੀਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਮੰਨਿਆ ਇਹ ਜਾ ਰਿਹਾ ਹੈ ਕਿ ਜੇਜੇਪੀ ਆਪਣੀ ਭਾਈਵਾਲ ਪਾਰਟੀ ਭਾਜਪਾ ਤੋਂ ਸੀਟਾਂ ਮੰਗ ਸਕਦੀ ਹੈ। ਰਿਪਰੋਟਾਂ ਅਨੁਸਾਰ ਜੇਜੇਪੀ ਲੀਡਰ ਦੁਸ਼ਯੰਚ ਚੌਟਾਲਾ ਨੇ ਕਿਹਾ ਹੈ ਕਿ ਉਹ ਭਾਜਪਾ ਦੇ ਨਾਲ ਗੱਠਜੋੜ ਕਰਨ ‘ਤੇ ਗੱਲ ਕਰ ਰਹੇ ਹਨ। ਸੂਤਰਾਂ ਅਨੁਸਾਰ ਜੇਜੇਪੀ ਜੇਕਰ ਦਿੱਲੀ ਵਿਚ ਇੱਕਲੇ ਚੋਣਾਂ ਲੜਦੀ ਹੈ ਤਾਂ ਉਹ 15 ਤੋਂ 18 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿਚ ਪੰਜਾਬੀ ਅਤੇ ਹਰਿਆਣਵੀ ਵੋਟ ਬੈਂਕ ਵੱਡੀ ਗਿਣਤੀ ਵਿਚ ਹੈ ਜਿਸ ‘ਤੇ ਭਾਜਪਾ ਦੀ ਤਿੱਖੀ ਨਜ਼ਰ ਹੈ ਅਤੇ ਇਸੇ ਵੋਟ ਬੈਂਕ ਨੂੰ ਆਪਣੇ ਵੱਲ ਲਭਾਉਣ ਅਤੇ ਆਮ ਆਦਮੀ ਪਾਰਟੀ ਨੂੰ ਤਕੜੀ ਟੱਕਰ ਦੇਣ ਲਈ ਭਾਜਪਾ ਅਕਾਲੀ ਦਲ ਅਤੇ ਜੇਜੇਪੀ ਨਾਲ ਗਠਜੋੜ ਕਰ ਸਕਦੀ ਹੈ। ਹਾਲਾਂਕਿ ਇਸ ਗਠਜੋੜ ਕਰਨ ਬਾਰੇ ਭਾਜਪਾ ਵੱਲੋੋਂ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਹੈ।

You must be logged in to post a comment Login