ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ 24 ਦਸੰਬਰ ਨੂੰ ਹੋਵੇਗੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ 24 ਦਸੰਬਰ ਨੂੰ ਹੋਵੇਗੀ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ 24 ਦਸੰਬਰ ਨੂੰ ਕਰਾਉਣ ਦਾ ਅਹਿਮ ਫ਼ੈਸਲਾ ਅੱਜ ਇਥੇ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਅਕਾਲੀ ਦਲ ਦੇ ਕੁਲ 600 ਡੈਲੀਗੇਟ ਹਨ। ਪ੍ਰੰਤੂ ਇਸ ਵਾਰ ਕੁੱਝ ਤਬਦੀਲੀਆਂ ਕੀਤੀਆਂ ਗਈਆਂ ਹਨ। ਅਕਾਲੀ ਦਲ ਨੇ ਅਪਣੀ ਮੈਂਬਰਸ਼ਿਪ ਦਾ ਕੰਮ ਇਕ ਮਹੀਨਾ ਪਹਿਲਾਂ ਹੀ ਮੁਕੰਮਲ ਕੀਤਾ ਹੈ ਅਤੇ ਪ੍ਰਧਾਨ ਦੀ ਚੋਣ ਕਰਾਉਣ ਦਾ ਏਜੰਡਾ ਅੱਜ ਇਥੇ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਵਿਚਾਰਿਆ ਗਿਆ।ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 24 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਡੈਲੀਗੇਟ ਇਜਲਾਸ ਹੋਵੇਗਾ ਅਤੇ ਡੈਲੀਗੇਟ ਪ੍ਰਧਾਨ ਦੀ ਚੋਣ ਕਰਨਗੇ। ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੀ ਮੁੜ ਪ੍ਰਧਾਨ ਚੁਣੇ ਜਾਣਾ ਲਗਭਗ ਤਹਿ ਹੈ ਕਿਉਂਕਿ ਉਨ੍ਹਾਂ ਦੀ ਅਗਵਾਈ ਵਿਚ ਹੀ ਭਰਤੀ ਹੋਈ ਹੈ ਅਤੇ ਡੈਲੀਗੇਟ ਵੀ ਉਨ੍ਹਾਂ ਦੇ ਨਾਲ ਹਨ। ਕੋਰ ਕਮੇਟੀ ਦੀ ਮੀਟਿੰਗ ਵਿਚ ਇਕ ਹੋਰ ਅਹਿਮ ਫ਼ੈਸਲਾ ਪਿਛਲੇ ਦਿਨੀਂ ਹੋਏ ਅਕਾਲੀ ਦਲ ਨੇਤਾ ਦੇ ਕਤਲ ਦੇ ਮਾਮਲੇ ਵਿਚ ਲਿਆ ਗਿਆ। 26 ਦਸੰਬਰ ਨੂੰ ਅਕਾਲੀ ਦਲ ਦੇ ਵਿਧਾਇਕਾ ਦਾ ਇਕ ਵਫ਼ਦ ਪੰਜਾਬ ਦੇ ਡੀ.ਜੀ.ਪੀ. ਨੂੰ ਮਿਲ ਕੇ ਮੰਗ ਪੱਤਰ ਦੇਵੇਗਾ ਅਤੇ ਮੰਗ ਕਰੇਗਾ ਕਿ ਦੋਸ਼ੀਆਂ ਵਿਰੁਧ ਤੁਰਤ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿਚ ਇਹ ਚਰਚਾ ਹੋਈ ਕਿ ਕਤਲ ਪਿਛੇ ਕਾਂਗਰਸੀ ਮੰਤਰੀ ਦਾ ਹੱਥ ਹੈ ਅਤੇ ਪੁਲਿਸ ਉਸ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਇਨਸਾਫ਼ ਨਾ ਮਿਲਣ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।ਇਹ ਵੀ ਫ਼ੈਸਲਾ ਹੋਇਆ ਕਿ ਅਕਾਲੀ ਦਲ ਦਾ ਇਕ ਵਫ਼ਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਦੇਵੇਗਾ। ਮੰਗ ਕੀਤੀ ਜਾਵੇਗੀ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਰਹੂਮ ਅਕਾਲੀ ਨੇਤਾ ਦੇ ਭੋਗ ਵਿਚ ਸ਼ਾਮਲ ਹੋਣਗੇ। ਕੋਰ ਕਮੇਟੀ ਦੀ ਮੀਟਿੰਗ ਵਿਚ ਇਕ ਹੋਰ ਅਹਿਮ ਮਾਮਲਾ ਪੰਜਾਬ ਦੀ ਆਰਥਕ ਸਥਿਤੀ ਦਾ ਵਿਚਾਰਿਆ ਗਿਆ। ਮੀਟਿੰਗ ਵਿਚ ਦਸਿਆ ਗਿਆ ਕਿ ਪੰਜਾਬ ਦੀ ਗੰਭੀਰ ਆਰਥਕ ਹਾਲਤ ਲਈ ਸਰਕਾਰ ਜ਼ਿੰਮੇਵਾਰ ਹੈ ਜਿਸ ਨੇ ਅਪਣੇ ਮਾਲੀਏ ਨੂੰ ਵਧਾਉਣ ਲਈ ਕੋਈ ਯਤਨ ਨਹੀਂ ਕੀਤੇ। ਪਿਛਲੇ ਸਾਲ ਨਾਲੋਂ ਵੀ ਮਾਲੀਆ ਘੱਟ ਇਕੱਤਰ ਹੋਇਆ ਹੈ। ਇਹ ਵੀ ਚਰਚਾ ਕੀਤੀ ਗਈ ਹੈ ਕਿ ਜਦ ਇਕ ਸਾਲ ਬਾਅਦ ਜੀ.ਐਸ.ਟੀ. ਦੀ ਭਰਪਾਈ ਬੰਦ ਹੋ ਗਈ ਤਾਂ ਪੰਜਾਬ ਦੀ ਕੀ ਬਣੇਗਾ ਕਿਉਂਕਿ ਪੰਜਾਬ ਦਾ ਮਾਲੀਆ ਤਾਂ ਲਗਾਤਾਰ ਹੇਠਾਂ ਵਲ ਜਾ ਰਿਹਾ ਹੈ। ਕੋਰ ਕਮੇਟੀ ਵਲੋਂ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਪਾਰਟੀ ਵਲੋਂ ਧਰਨੇ ਅਤੇ ਮੁਜ਼ਾਹਰੇ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ।

You must be logged in to post a comment Login