ਸਤਿੰਦਰ ਸਰਤਾਜ ਨੇ ਸੂਫੀ ਗਾਇਕੀ ਨਾਲ ਸੁਲਤਾਨਪੁਰ ਦੀ ਧਰਤੀ ‘ਤੇ ਲਾਈ ਸੰਗੀਤ ਦੀ ਛਹਿਬਰ

ਸਤਿੰਦਰ ਸਰਤਾਜ ਨੇ ਸੂਫੀ ਗਾਇਕੀ ਨਾਲ ਸੁਲਤਾਨਪੁਰ ਦੀ ਧਰਤੀ ‘ਤੇ ਲਾਈ ਸੰਗੀਤ ਦੀ ਛਹਿਬਰ

ਸੁਲਤਾਨਪੁਰ ਲੋਧੀ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਅੱਜ ਰਬਾਬ ਪੰਡਾਲ ਵਿਚ ਉਘੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਜਦੋਂ ਆਪਣੀ ਸੂਫੀ ਗਾਇਕੀ ਨਾਲ ਬਾਬੇ ਨਾਨਕ ਦੀ ਉਸਤਤਿ ਕੀਤੀ ਤਾਂ ਸਾਰਾ ਆਲਮ ਰੂਹਾਨੀ ਰੰਗ ‘ਚ ਰੰਗਿਆ ਗਿਆ ਤੇ ਸਾਰਾ ਪੰਡਾਲ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜ ਉਠਿਆ।ਸਤਿੰਦਰ ਸਰਤਾਜ ਨੇ ਗੁਰੂ ਨਾਨਕ ਦੇਵ ਜੀ ਵਲੋਂ ਰਚੀ ਆਰਤੀ ‘ਗਗਨ ਮੈਂ ਥਾਲੁ ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪੁ ਮਲਆਨਲੋ ਪਵਣੁ ਚਵਰੋ ਕਰੇ, ਸਗਲ ਬਨਰਾਇ ਫੂਲੰਤ ਜੋਤੀ’ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮਗਰੋਂ ਸੂਫੀ ਗੀਤ ‘ਸਾਈਂ ਵੇ’ ਨਾਲ ਸਤਿੰਦਰ ਸਰਤਾਜ ਨੇ ਸਮਾਂ ਬੰਨ ਦਿੱਤਾ।ਸਤਿੰਦਰ ਸਰਤਾਜ ਨੇ ਜਿੱਥੇ ‘ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ’ ਗੀਤ ਨਾਲ ਗੁਰਮੁਖੀ ਦੀ ਲੋੜ ਨੂੰ ਟਹਿਕਣ ਲਾਇਆ, ਉੇਥੇ ਹੀ ‘ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋ ਸਮਝੋ ਦਾਤਾ ਨੇ ਸੁਖਾਲੇ ਕਰਤੇ’ ਗੀਤ ਨਾਲ ਸਾਂਝੀਵਾਲਤਾ ਤੇ ਲੋੜਵੰਦਾਂ ਦੀ ਮਦਦ ਦਾ ਸੁਨੇਹਾ ਦਿੱਤਾ।ਰਬਾਬ ਪੰਡਾਲ ਵਿਚ ਸੰਗਤ ਦਾ ਠਾਠਾਂ ਮਾਰਦਾ ਇਕੱਠ ਇਨਾਂ ਰੂਹਾਨੀ ਪਲਾਂ ਦਾ ਗਵਾਹ ਬਣਿਆ ਤੇ ਦਰਸ਼ਕਾਂ ਦੀਆਂ ਤਾੜੀਆਂ ਦੀ ਤਾਲ ਨੇ ਆਲਮ ਗੂੰਜਣ ਲਾ ਦਿੱਤਾ। ਇਸ ਤੋਂ ਬਿਨਾਂ ‘ਇਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ’, ‘ਕੋਈ ਅਲੀ ਆਖੇ ਕੋਈ ਬਲੀ ਆਖੇ’ ਅਤੇ ‘ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ’ ਸੰਗਤਾਂ ਦੀ ਕਚਿਹਿਰੀ ਵਿਚ ਹਾਜਰੀ ਭਰੀ।

You must be logged in to post a comment Login