ਸਦਨ ‘ਚ ਗੂੰਜਿਆ ਪੀ. ਟੀ. ਸੀ. ਚੈਨਲ ਤੇ ਫਾਸਟਵੇਅ

ਸਦਨ ‘ਚ ਗੂੰਜਿਆ ਪੀ. ਟੀ. ਸੀ. ਚੈਨਲ ਤੇ ਫਾਸਟਵੇਅ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਤੀਜਾ ਅਤੇ ਆਖਰੀ ਦਿਨ ਸੀ। ਇਸ ਸੈਸ਼ਨ ਦੌਰਾਨ ਸਦਨ ‘ਚ ਕਾਫੀ ਹੰਗਾਮਾ ਹੋਇਆ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਚਰਚਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਦਨ ‘ਚ ਵੱਧ ਸਮਾਂ ਦੇਣ ਦੀ ਮੰਗ ਕੀਤੀ ਗਈ, ਜਿਸ ਨੂੰ ਮੰਨਿਆ ਨਾ ਗਿਆ ਅਤੇ ਸਦਨ ‘ਚੋਂ ਸੁਖਬੀਰ ਸਿੰਘ ਬਾਦਲ ਆਪਣੇ ਵਿਧਾਇਕਾਂ ਸਮੇਤ ਵਾਕਆਊਟ ਕਰ ਗਏ ਅਤੇ ਕਾਰਵਾਈ ਸਦਨ ਦੇ ਬਾਹਰ ਚਲਾਈ। ਇਹ ਕਾਰਵਾਈ ਪੀ. ਟੀ. ਸੀ ਚੈਨਲ ‘ਤੇ ਲਾਈਵ ਦਿਖਾਈ ਗਈ, ਜਿਸ ਦੀ ਚਰਚਾ ਵਿਧਾਨ ਸਭਾ ‘ਚ ਖੂਬ ਕੀਤੀ ਗਈ। ਉਥੇ ਹੀ ਦੂਜੇ ਪਾਸੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਕਾਲੀ ਦਲ ਦੇ ਵਿਰੋਧ ‘ਚ ਬੋਲਣ ਦਾ ਪੂਰਾ ਮੌਕਾ ਮਿਲਿਆ, ਜਿਸ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੇ ਅਕਾਲੀ ਦਲ ਖਿਲਾਫ ਜਮ ਕੇ ਭੜਾਸ ਕੱਢੀ। ਸਦਨ ‘ਚ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਬਹਿਸ ਦੌਰਾਨ ਦੱਸਿਆ ਕਿ ਫਾਸਟਵੇਅ ਨੇ ਪੰਜਾਬ ‘ਚ ਵਿਧਾਨ ਸਭਾ ਦੀ ਲਾਈਵ ਕਾਰਵਾਈ ਪ੍ਰਸਾਰਨ ਕਰ ਰਹੇ ਚੈਨਲਾਂ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੀ. ਟੀ. ਸੀ. ਚੈਨਲ ਸਦਨ ਦੀ ਕਾਰਵਾਈ ਦਿਖਾਉਣ ਦੀ ਥਾਂ ਵਿਧਾਨ ਸਭਾ ਦੇ ਬਾਹਰੋਂ ਅਕਾਲੀ ਦਲ ਦੀ ਕਾਰਵਾਈ ਪੇਸ਼ ਕਰ ਰਿਹਾ ਹੈ। ਇਸ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਮੰਗ ਕੀਤੀ ਕਿ ਫਾਸਟਵੇਅ ਦਾ ਲਾਇਸੈਂਸ ਰੱਦ ਕਰ ਦੇਣਾ ਚਾਹੀਦਾ ਹੈ। ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਫਾਸਟਵੇਅ ਅਤੇ ਪੀ. ਟੀ. ਸੀ. ਦੀ ਕਾਰਵਾਈ ਤੋਂ ਲੱਗਦਾ ਹੈ ਕਿ ਸਰਕਾਰ ਕਾਂਗਰਸ ਦੀ ਨਹੀਂ ਸਗੋਂ ਅਕਾਲੀ ਦਲ ਦੀ ਹੈ। ਉਨ੍ਹਾਂ ਕਿਹਾ ਕਿ ਫਾਸਟਵੇਅ ਪਹਿਲਾਂ ਵੀ ਮੀਡੀਆ ‘ਤੇ ਐਮਰਜੈਂਸੀ ਲਗਾਈ ਰੱਖਦਾ ਹੈ। ਇਸ ਲਈ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

You must be logged in to post a comment Login