ਸਮਝਦਾਰੀ ਤੋਂ ਕੰਮ ਲੈਣ ਦੀ ਹੈ ਜ਼ਰੂਰਤ : ਸਿੱਧੂ

ਸਮਝਦਾਰੀ ਤੋਂ ਕੰਮ ਲੈਣ ਦੀ ਹੈ ਜ਼ਰੂਰਤ : ਸਿੱਧੂ

ਚੰਡੀਗੜ੍ਹ : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੰਦਿਆਂ ਹਮਲੇ ਨੂੰ ਨਿੰਦਣਯੋਗ ਤੇ ਕਾਇਰਤਾ ਭਰਪੂਰ ਕਰਾਰ ਦਿਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੱਲਬਾਤ ਰਾਹੀਂ ਇਸ ਦਾ ਪੱਕਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਸਿੱਧੂ ਨੇ ਸਵਾਲ ਚੁੱਕਦਿਆਂ ਕਿਹਾ ਕਿ ਸਾਡੇ ਜਵਾਨ ਕਦੋਂ ਤਕ ਅਪਣੀਆਂ ਜਾਨਾਂ ਗਵਾਉਂਦੇ ਰਹਿਣਗੇ। ਜਿਹੜੇ ਵੀ ਲੋਕ ਪੁਲਵਾਮਾ ਹਮਲੇ ਵਿਚ ਸ਼ਾਮਲ ਹਨ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ ਪਰ ਇਸ ਸਮੇਂ ਸਮਝਦਾਰੀ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਕਿਸੇ ਨੂੰ ਗਾਲ੍ਹਾਂ ਕੱਢਣ ਨਾਲ ਕੋਈ ਹੱਲ ਨਹੀਂ ਹੋਣਾ। ਉੱਧਰ, ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਮੇਂ ਪੂਰੀ ਵਿਰੋਧੀ ਧਿਰ ਸਰਕਾਰ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਕੋਈ ਵੀ ਤਾਕਤ ਤੋੜ ਨਹੀਂ ਸਕਦੀ ਨਾ ਕੋਈ ਸਾਨੂੰ ਵੰਡ ਸਕਦਾ ਹੈ। ਦੱਸ ਦਈਏ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਦਹਿਸ਼ਤੀ ਹਮਲਾ ਹੋਇਆ। ਉਸ ਸਮੇਂ ਸੀਆਰਪੀਐਫ ਦੇ 2500 ਤੋਂ ਵੱਧ ਜਵਾਨਾਂ ਦਾ ਕਾਫ਼ਲਾ ਗੁਜ਼ਰ ਰਿਹਾ ਸੀ ਤਾਂ ਆਤਮਘਾਤੀ ਹਮਲਾ ਕਰਦਿਆਂ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਨੇ ਧਮਾਕਾਖੇਜ ਸਮੱਗਰੀ ਨਾਲ ਲੱਦੀ ਕਾਰ ਨਾਲ ਜਵਾਨਾਂ ਦੀ ਬੱਸ ਵਿਚ ਟੱਕਰ ਮਾਰ ਦਿਤੀ। ਇਸ ਹਮਲੇ ਵਿਚ 40 ਜਵਾਨ ਸ਼ਹੀਦ ਹੋ ਚੁੱਕੇ ਹਨ।

You must be logged in to post a comment Login