ਸਮਾਜਸੇਵੀ ਬੀਬੀਆਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪਿਆ ਪੱਤਰ

ਸਮਾਜਸੇਵੀ ਬੀਬੀਆਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪਿਆ ਪੱਤਰ

ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਮੁਸ਼ਕਲਾਂ ਵਿਚ ਉਸ ਵੇਲੇ ਭਾਰੀ ਵਾਧਾ ਹੋਇਆ ਜਦ ਦਿੱਲੀ ਤੋਂ ਕੁੱਝ ਸਮਾਜ ਸੇਵੀ ਬੀਬੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਮ ਇਕ ਪੱਤਰ ਸੌਂਪਿਆ ਜਿਸ ਵਿਚ ਗਿਆਨੀ ਇਕਬਾਲ ਸਿੰਘ ਦੀਆਂ ਆਪ ਹੁਦਰੀਆਂ ਤੇ ਅਪਣੀ ਵਿਆਹੁਤਾ ਔਰਤ ਨਾਲ ਕੀਤੀ ਮਾਰ-ਕੁੱਟ ਤੇ ਹੋਰ ਗ਼ਲਤੀਆਂ ਦੀ ਜਾਣਕਾਰੀ ਦਿਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਅਗਵਾਈ ਕਰ ਰਹੀ ਬੀਬੀ ਸੁਰਬੀਰ ਕੌਰ ਨੇ ਦਸਿਆ ਕਿ ਇਹ ਪੱਤਰ ਲੈ ਕੇ ਗਿਆਨੀ ਇਕਬਾਲ ਸਿੰਘ ਦੀ ਪਤਨੀ ਬੀਬੀ ਬਲਜੀਤ ਕੌਰ ਨੇ ਆਪ ਆਉਣਾ ਸੀ ਪਰ ਨੀਮੋਨਿਆ ਹੋਣ ਕਾਰਨ ਉਹ ਆਪ ਨਹੀਂ ਆ ਸਕੇ। ਉਨ੍ਹਾਂ ਦਾ ਪੱਤਰ ਲੈ ਕੇ ਅਸੀ ਹਾਜ਼ਰ ਹੋਈਆਂ ਹਾਂ। ਬੀਬੀ ਸੁਰਬੀਰ ਕੌਰ ਨੇ ਦਸਿਆ ਕਿ ਗਿਆਨੀ ਇਕਬਾਲ ਸਿੰਘ ਇਕ ਧਾਰਮਕ ਵਿਅਕਤੀ ਹੋਣ ਦਾ ਦਾਅਵਾ ਕਰਦੇ ਹਨ ਪਰ ਨਿਜੀ ਜੀਵਨ ਵਿਚ ਉਹ ਅਪਣੀ ਵਿਆਹੁਤਾ ਪਤਨੀ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ ਸੁਣ ਕੇ ਸਿਰ ਸ਼ਰਮ ਨਾਲ ਨੀਵਾਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀ ਅਦਾਲਤ ਦਾ ਸਹਾਰਾ ਲੈ ਕੇ ਪੀੜਤਾ ਨੂੰ ਇਨਸਾਫ਼ ਦਿਵਾਵਾਂਗੇ। ਇਸ ਮੌਕੇ ਬੋਲਦਿਆਂ ਬੀਬੀ ਮੁਹਿੰਦਰਜੀਤ ਕੌਰ ਨੇ ਕਿਹਾ ਕਿ ਜੇਕਰ ਅਕਾਲ ਤਖ਼ਤ ਸਾਹਿਬ ਤੋਂ ਲਏ ਜਾਂਦੇ ਫ਼ੈਸਲਿਆਂ ਵਿਚ ਦੋਸ਼ੀ ‘ਜਥੇਦਾਰ’ ਸ਼ਾਮਲ ਹੋਣਗੇ ਤਾਂ ਰੱਬ ਹੀ ਰਾਖਾ ਹੈ। ਇਸ ਮੌਕੇ ਉਨ੍ਹਾਂ ਬੀਬੀ ਬਲਜੀਤ ਕੌਰ ਦਾ ਲਿਖਿਆ ਪੱਤਰ ਸੁਣਾਉਂਦਿਆਂ ਕਿਹਾ,”ਮੈਂ ਬਲਜੀਤ ਕੌਰ ਪਤਨੀ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਹਾਂ। ਮੇਰਾ ਅਨੰਦ ਕਾਰਜ 2003 ਵਿਚ ਜਥੇਦਾਰ ਨਾਲ ਹੋਇਆ ਸੀ। ਇਸ ਅਨੰਦ ਕਾਰਜ ਤੋਂ ਪਹਿਲਾਂ ‘ਜਥੇਦਾਰ’ ਨੇ ਮੇਰੇ ਨਾਲ ਝੂਠ ਬੋਲਿਆ ਕਿ ਮੇਰੀ ਪਹਿਲੀ ਪਤਨੀ ਦਾ ਦੇਹਾਂਤ ਹੋ ਚੁਕਾ ਹੈ। ਮੇਰੇ ਅਨੰਦ ਕਾਰਜ ਸਮੇਂ ਸੰਤ ਕਰਮਜੀਤ ਸਿੰਘ ਯਮੁਨਾਨਗਰ ਅਤੇ ਮਹੰਤ ਚਮਕੌਰ ਸਿੰਘ ਵੀ ਹਾਜ਼ਰ ਸਨ। ਤਖ਼ਤ ਸਾਹਿਬ ਜਾ ਕੇ ਮੈਨੂੰ ਪਤਾ ਲਗਾ ਕਿ ਮੇਰੇ ਨਾਲ ਵੱਡਾ ਧੋਖਾ ਹੋਇਆ ਹੈ। ‘ਜਥੇਦਾਰ’ ਦਾ ਪਹਿਲਾਂ ਵਿਆਹ ਹੋ ਚੁਕਿਆ ਤੇ ਉਨ੍ਹਾਂ ਦੀ ਧਰਮ ਪਤਨੀ ਜਿਉਂਦੀ ਹੈ। ਇਸ ਦੌਰਾਨ ਮੈਨੂੰ ਜਥੇਦਾਰ ਦਾ ਇਕ ਵਖਰਾ ਚਿਹਰਾ ਨਜ਼ਰ ਆਇਆ। ਉਹ ਗੱਲ-ਗੱਲ ‘ਤੇ ਝਗੜਾ ਕਰਦੇ, ਮੇਰੀ ਮਾਰ ਕੁਟਾਈ ਕਰਦੇ ਤੇ ਮੇਰੇ ਨਾਲ ਅਣਮਨੁਖੀ ਵਿਵਹਾਰ ਕਰਦੇ ਸਨ। ‘ਜਥੇਦਾਰ’ ਦੇ ਚਰਿੱਤਰ ਨੂੰ ਲੈ ਕੇ ਤਖ਼ਤ ਸਾਹਿਬ ਦੇ ਆਸ-ਪਾਸ ਕਈ ਚਰਚਾਵਾਂ ਚਲਦੀਆਂ ਹਨ। ‘ਜਥੇਦਾਰ’ ਦੇ ਘਰ ਰਹਿਣ ਦੌਰਾਨ ਮੈਨੂੰ ਰੋਟੀ ਵੀ ਕਈ ਵਾਰ ਸੰਗਤਾਂ ਕੋਲੋਂ ਮੰਗ ਕੇ ਖਾਣੀ ਪਈ ਤੇ ਕਈ ਵਾਰ ਘਰ ਵਿਚ ਸੁਟਣ ਲਈ ਰਖੀਆਂ ਰੋਟੀਆਂ ਭੁੱਖ ਮਿਟਾਉਣ ਲਈ ਪਾਣੀ ਵਿਚ ਡੋਬ ਕੇ ਨਰਮ ਕਰ ਕੇ ਖਾਣੀਆਂ ਪਈਆਂ। ‘ਜਥੇਦਾਰ’ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿਤੀ।” ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਬੀਬੀਆਂ ਨੂੰ ਯਕੀਨ ਦਿਵਾਇਆ ਕਿ ਉਹ ‘ਜਥੇਦਾਰਾਂ’ ਦੀ ਮੀਟਿੰਗ ਵਿਚ ਇਹ ਮਾਮਲਾ ਵਿਚਾਰਿਆ ਜਾਵੇਗਾ। ਇਸ ਮੌਕੇ ਬੀਬੀ ਇੰਦਰਜੀਤ ਕੌਰ, ਬੀਬੀ ਰਵਿੰਦਰ ਕੌਰ, ਬੀਬੀ ਗੁਰਚਰਨ ਕੌਰ, ਬੀਬੀ ਮਨਜੀਤ ਕੌਰ ਅਤੇ ਬੀਬੀ ਬਲਵਿੰਦਰ ਕੌਰ ਹਾਜ਼ਰ ਸਨ।

You must be logged in to post a comment Login