‘ਸਮਾਰਟ ਸਿਟੀ’ ਤੇ ਪ੍ਰਧਾਨ ਮੰਤਰੀ ਮੋਦੀ ਦੇ ਸੁਫ਼ਨੇ

‘ਸਮਾਰਟ ਸਿਟੀ’ ਤੇ ਪ੍ਰਧਾਨ ਮੰਤਰੀ ਮੋਦੀ ਦੇ ਸੁਫ਼ਨੇ

jatinder-pannu

-ਜਤਿੰਦਰ ਪਨੂੰ

ਭਾਰਤ ਦਾ ਪ੍ਰਧਾਨ ਮੰਤਰੀ ਅਜੀਬ ਕਿਸਮ ਦੇ ਸ਼ੌਕ ਪਾਲਣ ਵਾਲਾ ਵਿਅਕਤੀ ਹੈ। ਉਸ ਦਾ ਅੱਜ-ਕੱਲ੍ਹ ਚਰਚਿਤ ਸ਼ੌਕ ਹਰ ਥਾਂ ਲੋਕਾਂ ਨਾਲ ਸੈਲਫੀ ਖਿੱਚਣ ਦਾ ਹੈ। ਪਿਛਲੇਰੇ ਹਫਤੇ ਉਹ ਆਬੂ ਧਾਬੀ ਵਿਚ ਸੀ। ਓਥੇ ਵੀ ਉਸ ਨੇ ਕੁਝ ਲੋਕਾਂ ਨਾਲ ਇਸੇ ਤਰ੍ਹਾਂ ਸੈਲਫੀ ਖਿੱਚੀ ਤੇ ਉਨ੍ਹਾਂ ਲੋਕਾਂ ਨੇ ਉਹ ਸੈਲਫੀ ਇੰਟਰਨੈਟ ਦੀਆਂ ਕੁਝ ਸਾਈਟਾਂ ਉਤੇ ਚਾੜ੍ਹ ਕੇ ਆਪਣੇ-ਆਪ ਨੂੰ ਖੁਸ਼ ਕਰ ਲਿਆ। ਇੱਕ ਸੈਲਫੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਬਈ ਦੇ ਦੋ ਸ਼ੇਖਾਂ ਦੇ ਵਿਚਾਲੇ ਖੜਾ ਸੀ। ਇਹ ਸੈਲਫੀ ਕਿਸੇ ਸ਼ਰਾਰਤੀ ਨੇ ਵੇਖ ਲਈ ਤਾਂ ਉਸ ਨੇ ਸ਼ਰਾਰਤ ਕਰ ਕੇ ਸੋਸ਼ਲ ਮੀਡੀਆ ਉਤੇ ਚਾੜ੍ਹਨ ਵੇਲੇ ਇਹ ਦਿਲਚਸਪ ਕੈਪਸ਼ਨ ਲਿਖ ਦਿੱਤੀ: ‘ਦੋ ਸ਼ੇਖਾਂ ਦੇ ਵਿਚਾਲੇ ਸ਼ੇਖਚਿਲੀ’। ਉਹ ਬੰਦਾ ਮਜ਼ਾਕ ਕਰ ਕੇ ਖੁਸ਼ ਹੋ ਗਿਆ ਹੋਵੇਗਾ, ਹੋਣ ਦਿਓ। ਨਰੇਂਦਰ ਮੋਦੀ ਇੱਕ ਸੌ ਪੰਝੀ ਕਰੋੜ ਲੋਕਾਂ ਦਾ ਪ੍ਰਧਾਨ ਮੰਤਰੀ ਹੈ ਤੇ ਉਨ੍ਹਾਂ ਇੱਕ ਸੌ ਪੰਝੀ ਕਰੋੜ ਲੋਕਾਂ ਵਿਚ ਅਸੀਂ ਖੁਦ ਵੀ ਸ਼ਾਮਲ ਹਾਂ, ਇਸ ਲਈ ਆਪਣੇ ਪ੍ਰਧਾਨ ਮੰਤਰੀ ਵਾਸਤੇ ਇਸ ਤਰ੍ਹਾਂ ਦੇ ਸ਼ਬਦ ਨਹੀਂ ਵਰਤਾਂਗੇ। ਭਾਰਤ ਦਾ ਇਹ ਪ੍ਰਧਾਨ ਮੰਤਰੀ ਉਂਜ ਵੀ ਕਿਸੇ ਪੱਖੋਂ ਸ਼ੇਖਚਿਲੀ ਨਹੀਂ ਕਿਹਾ ਜਾ ਸਕਦਾ। ਸ਼ੇਖਚਿਲੀ ਖੁਦ ਵੀ ਸੁਫਨਿਆਂ ਦੀ ਦੁਨੀਆਂ ਵਿਚ ਵੱਸਦਾ ਹੈ। ਨਰੇਂਦਰ ਮੋਦੀ ਆਪ ਸੁਫਨਿਆਂ ਦੀ ਦੁਨੀਆਂ ਵਿਚ ਨਹੀਂ ਵੱਸਦਾ, ਹਰ ਗੱਲ ਬਾਰੇ ਸਭ ਕੁਝ ਜਾਣਦਾ ਹੈ, ਪਰ ਦੂਸਰੇ ਲੋਕਾਂ ਨੂੰ ਸੁਫਨਿਆਂ ਦੀ ਦੁਨੀਆਂ ਵਿਚ ਲਿਜਾ ਕੇ ਬਿਨਾਂ ਕੁਝ ਕੀਤਿਆਂ ਅਸਮਾਨ ਵਿਚ ਉਡਦੀ ਉਹ ਗੁੱਡੀ ਵਿਖਾਈ ਜਾਂਦਾ ਹੈ, ਜਿਹੜੀ ਅਸਲ ਵਿਚ ਹੁੰਦੀ ਹੀ ਨਹੀਂ। ਕਮਾਲ ਦੀ ਗੱਲ ਇਹ, ਕਿ ਉਸ ਦੇ ਵਿਖਾਏ ਸੁਫਨੇ ਝੂਠੇ ਸਾਬਤ ਵੀ ਹੋਣ ਤਾਂ ਉਨ੍ਹਾਂ ਦਾ ਅਫਸੋਸ ਨਹੀਂ ਹੁੰਦਾ, ਗੱਲ ਤਿਲਕਾਉਣ ਲਈ ਉਹ ਅਗਲਾ ਸੁਫਨਾ ਵਿਖਾ ਕੇ ਲੋਕਾਂ ਦਾ ਮਨ ਪਰਚਾ ਸਕਦਾ ਹੈ। ਅਜੇ ਸਿਰਫ ਸਵਾ ਸਾਲ ਲੰਘਿਆ ਹੈ, ਪੌਣੇ ਚਾਰ ਸਾਲ ਬਾਕੀ ਹਨ। ਚਾਰ ਸਾਲਾਂ ਮਗਰੋਂ ਤਸਵੀਰ ਕਿੱਦਾਂ ਦੀ ਹੋਵੇਗੀ, ਸੋਚ ਲੈਣਾ ਔਖਾ ਨਹੀਂ। ਗੰਗਾ ਸਫਾਈ ਮੁਹਿੰਮ ਪ੍ਰਧਾਨ ਮੰਤਰੀ ਮੋਦੀ ਦਾ ਇੱਕ ਖਾਸ ਪ੍ਰਾਜੈਕਟ ਸੀ। ਆਪਣੇ ਚੋਣ ਹਲਕੇ ਵਾਰਾਣਸੀ ਦੇ ਕੁਝ ਘਾਟ ਆਪਣੇ ਆਉਣ-ਜਾਣ ਜੋਗੇ ਸੋਹਣੇ ਬਣਵਾ ਲਏ, ਬਾਕੀ ਸਾਰੀ ਗੰਗਾ ਨਦੀ ਭਗੀਰਥੀ ਵਾਲੇ ਪਹਿਲੇ ਸਰੋਤ ਤੋਂ ਲੈ ਕੇ ਭਾਰਤ ਦੀ ਹੱਦੋਂ ਅੱਗੇ ਲੰਘਣ ਤੱਕ ਜਿਵੇਂ ਪਹਿਲਾਂ ਗੰਦਗੀ ਢੋਂਦੀ ਸੀ, ਓਦਾਂ ਹੁਣ ਵੀ ਢੋਈ ਜਾਂਦੀ ਹੈ। ਸ਼ਹਿਰਾਂ ਦੇ ਗੰਦੇ ਨਾਲੇ ਇਸ ਵਿਚ ਓਸੇ ਤਰ੍ਹਾਂ ਪੈ ਰਹੇ ਹਨ, ਧੋਬੀ-ਘਾਟਾਂ ਉਤੇ ਰੋਜ਼ ਢੇਰਾਂ ਦੇ ਢੇਰ ਕੱਪੜੇ ਧੋਣ ਮਗਰੋਂ ਸਾਬਣ ਤੇ ਗੰਦਗੀ ਇਸ ਵਿਚ ਉਵੇਂ ਹੀ ਪਾਈ ਜਾਂਦੀ ਹੈ ਤੇ ਗੰਗਾ ਕਿਨਾਰੇ ਬਣੇ ਸ਼ਮਸ਼ਾਨ ਘਾਟਾਂ ਤੋਂ ਅੱਧੀਆਂ ਸੜੀਆਂ ਲਾਸ਼ਾਂ ਨੂੰ ਸਿਵਿਆਂ ਦੀ ਸਵਾਹ ਸਮੇਤ ਉਵੇਂ ਹੀ ਗੰਗਾ ਵਿਚ ਵਗਾਇਆ ਜਾਂਦਾ ਹੈ। ਇਹ ਹਾਲ ਉਸ ਗੰਗਾ ਦਾ ਹੈ, ਜਿਸ ਬਾਰੇ ਵਾਰਾਣਸੀ ਤੋਂ ਚੋਣ ਲੜਨ ਵੇਲੇ ਪ੍ਰਧਾਨ ਮੰਤਰੀ ਮੋਦੀ ਨੇ ਉਚੀ ਸੁਰ ਵਿਚ ਆਪ ਇਹ ਐਲਾਨ ਕੀਤਾ ਸੀ, “ਨਾ ਮੈਂ ਏਥੇ ਆਇਆ ਹਾਂ, ਨਾ ਕਿਸੇ ਨੇ ਭਿਜਵਾਇਆ ਹੈ, ਮੈਨੂੰ ਤਾਂ ਮਾਂ ਗੰਗਾ ਨੇ ਬੁਲਾਇਆ ਹੈ।” ਵਿਚਾਰੀ ਗੰਗਾ ਵੀ ਮੋਦੀ ਦੇ ਵਿਖਾਏ ਸੁਫਨੇ ਵਿਚ ਉਲਝ ਕੇ ਰਹਿ ਗਈ।
ਦੂਸਰਾ ਸੁਫਨਾ ਹਰ ਕਿਸੇ ਦੇ ਹਿੱਸੇ ਤਿੰਨ-ਤਿੰਨ ਲੱਖ ਰੁਪਏ ਅਤੇ ਪੰਜ ਜੀਆਂ ਵਾਲੇ ਪਰਿਵਾਰ ਨੂੰ ਪੰਦਰਾਂ ਲੱਖ ਰੁਪਏ ਦੇ ਭੌਂਅ ਚੜ੍ਹਾਉਣ ਦਾ ਸੀ। ਹੁਣ ਭਾਜਪਾ ਦਾ ਕੌਮੀ ਪ੍ਰਧਾਨ ਅਮਿਤ ਸ਼ਾਹ ਆਪ ਇਹ ਮੰਨ ਚੁੱਕਾ ਹੈ ਕਿ ਇਹ ਵਾਅਦਾ ਨਹੀਂ, ਸਿਰਫ ਇੱਕ ਚੋਣ ਜੁਮਲਾ ਸੀ। ਤੀਸਰਾ ਸੁਫਨਾ ‘ਅੱਛੇ ਦਿਨ ਆਨੇ ਵਾਲੇ ਹੈਂ’ ਹੁੰਦਾ ਸੀ। ਨਰੇਂਦਰ ਮੋਦੀ ਦੇ ਇੱਕ ਕੇਂਦਰੀ ਮੰਤਰੀ ਸਾਥੀ ਨੇ ਕਹਿ ਦਿੱਤਾ ਹੈ ਕਿ ਉਹ ਸਾਡਾ ਨਾਂਰਾ ਹੀ ਨਹੀਂ ਸੀ, ਕਿਸੇ ਹੋਰ ਨੇ ਐਵੇਂ ਦੇ ਦਿੱਤਾ ਸੀ। ਚਲੋ ਇਹ ਵੀ ਝਾਕ ਲੱਥੀ।
ਗਲੀਂ-ਬਾਤੀਂ ਦਿਨੇ ਤਾਰੇ ਵਿਖਾਉਣ ਵਾਲੇ ਨਰੇਂਦਰ ਮੋਦੀ ਦਾ ਫਾਰਮੂਲਾ ਬੜਾ ਸਿੱਧੜ ਹੈ। ਭਾਰਤ ਵਿਚ ਇੱਕ ਪਲਾਨਿੰਗ ਕਮਿਸ਼ਨ ਹੁੰਦਾ ਸੀ, ਇਸ ਨੂੰ ਹਿੰਦੀ ਵਿਚ ਯੋਜਨਾ ਕਮਿਸ਼ਨ ਕਹਿੰਦੇ ਸਨ। ਅੰਗਰੇਜ਼ੀ ਦੇ ‘ਪਲਾਨਿੰਗ’ ਦਾ ਹਿੰਦੀ ਅਰਥ ‘ਯੋਜਨਾ’ ਵੀ ਹੁੰਦਾ ਹੈ ਅਤੇ ‘ਨੀਤੀ’ ਵੀ। ਅੰਗਰੇਜ਼ੀ ਦੇ ‘ਕਮਿਸ਼ਨ’ ਦਾ ਅਰਥ ਹਿੰਦੀ ਵਿਚ ‘ਆਯੋਗ’ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਦਾ ਹਿੰਦੀ ਨਾਂ ਪਲਾਨਿੰਗ ਕਮਿਸ਼ਨ ਦੀ ਥਾਂ ‘ਨੀਤੀ ਆਯੋਗ’ ਰੱਖ ਲਿਆ। ਫਿਰ ਉਹ ਇਸ ਗੱਲ ਨਾਲ ਲੋਕਾਂ ਨੂੰ ਖੁਸ਼ ਕਰਨ ਲੱਗ ਪਿਆ ਕਿ ਹੁਣ ਪਲਾਨਿੰਗ ਨਹੀਂ ਹੋਣੀ, ਨੀਤੀਆਂ ਬਣਾਉਣ ਦਾ ਕੰਮ ਹੋਵੇਗਾ। ਕੇਂਦਰ ਦਾ ਖੇਤੀ ਮੰਤਰਾਲਾ ਹੁੰਦਾ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਦਾ ਭਲਾ ਇਸ ਲਈ ਨਹੀਂ ਹੋ ਰਿਹਾ, ਕਿਉਂਕਿ ਇਸ ਦੇ ਨਾਂ ਵਿਚ ਕਿਸਾਨ ਦਾ ਨਾਂ ਨਹੀਂ ਹੈ, ਇਸ ਦਾ ਨਾਂ ਅਸੀਂ ਹੁਣ ਕ੍ਰਿਸ਼ੀ (ਖੇਤੀਬਾੜੀ) ਮੰਤਰਾਲੇ ਤੋਂ ਬਦਲ ਕੇ ‘ਕ੍ਰਿਸ਼ੀ ਅਤੇ ਕਿਸਾਨ ਮੰਤਰਾਲਾ’ ਇਸ ਲਈ ਰੱਖ ਦਿੱਤਾ ਹੈ ਕਿ ਕਿਸਾਨਾਂ ਦਾ ਭਲਾ ਕਰਨਾ ਹੈ। ਸਿਰਫ ਨਾਂ ਬਦਲ ਦੇਣ ਨਾਲ ਭਲਾ ਹੋ ਸਕਦਾ ਤਾਂ ਜੇਲ੍ਹਾਂ ਦਾ ਨਾਂ ਵੀ ਜਦੋਂ ‘ਸੁਧਾਰ ਘਰ’ ਰੱਖਿਆ ਗਿਆ ਸੀ, ਉਸ ਪਿੱਛੋਂ ਓਥੇ ਸਾਰੇ ਅਪਰਾਧੀ ਸੁਧਰ ਜਾਣੇ ਸਨ। ਸੱਚਾਈ ਬਾਰੇ ਲੋਕ ਇਸ ਕਰ ਕੇ ਨਹੀਂ ਜਾਣਦੇ ਕਿ ਮੋਦੀ ਪਿਛਲੀ ਗੱਲ ਯਾਦ ਕਰਨ ਦਾ ਮੌਕਾ ਹੀ ਨਹੀਂ ਦਿੰਦਾ ਤੇ ਹਰ ਵਾਰੀ ਨਵੀਂ ਕਥਾ ਛੇੜ ਲੈਂਦਾ ਹੈ। ਇਸ ਵੇਲੇ ਪ੍ਰਧਾਨ ਮੰਤਰੀ ਬੜੇ ਜੋਸ਼ ਵਿਚ ਲੋਕਾਂ ਨੂੰ ਅਗਲਾ ਸੁਫਨਾ ਵਿਖਾ ਰਿਹਾ ਹੈ ਕਿ ਭਾਰਤ ਦੇ ਬਹੁਤ ਸਾਰੇ ਸ਼ਹਿਰਾਂ ਨੂੰ ‘ਸਮਾਰਟ ਸਿਟੀ’ ਬਣਾਉਣਾ ਹੈ। ਧੰਨ ਭਾਗ। ਅੰਗਰੇਜ਼ੀ ਦੀ ਇੱਕ ਪ੍ਰਸਿੱਧ ਕਹਾਵਤ ਹੈ ਕਿ ‘ਚੈਰਿਟੀ ਬਿਗਿਨਜ਼ ਐਟ ਹੋਮ’, ਅਰਥਾਤ ਨੇਕੀ ਘਰ ਤੋਂ ਸ਼ੁਰੂ ਹੁੰਦੀ ਹੈ। ਇਸ ਨੂੰ ਦੂਸਰੇ ਰੁਖ ਲਿਆ ਜਾ ਸਕਦਾ ਹੈ ਕਿ ਸੁਫਨੇ ਕਦੇ ਸੱਚ ਕੀਤੇ ਹੋਏ ਵਿਖਾਉਣੇ ਹੋਣ ਤਾਂ ਇਹ ਕੰਮ ਪਹਿਲਾਂ ਆਪਣੇ ਘਰ ਤੋਂ ਕਰ ਕੇ ਵਿਖਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਜਿਸ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦੀ ਫਲਾਈਟ ਅਰੰਭ ਕੀਤੀ ਸੀ ਅਤੇ ਉਸ ਰਾਜ ਵਿਚ ਉਸ ਨੇ 22 ਦਸੰਬਰ 2002 ਤੋਂ 22 ਮਈ 2014 ਤੱਕ 4610 ਦਿਨ ਲਗਾਤਾਰ ਰਾਜ ਕੀਤਾ ਸੀ, ਓਥੇ ਮੋਦੀ ਤੋਂ ਬਿਨਾਂ ਇੱਕੋ ਸਾਹੇ ਲੰਮਾ ਸਮਾਂ ਰਾਜ ਕਰਨ ਵਾਲੇ ਇੱਕ ਹੋਰ ਮੁੱਖ ਮੰਤਰੀ ਨੂੰ ਮਸਾਂ 2062 ਦਿਨ ਨਸੀਬ ਹੋਇਆ ਸੀ। ਸੁਫਨੇ ਸੱਚ ਕਰ ਕੇ ਵਿਖਾਉਣ ਦੀ ਗੱਲ ਹੁੰਦੀ ਤਾਂ ਫਿਰ ਗੁਜਰਾਤ ਦੀ ਹਾਲਤ ਮੋਦੀ ਸਾਹਿਬ ਨੇ ਬੜੀ ਸੁਧਾਰੀ ਹੋਣੀ ਸੀ, ਪਰ ਇਹੋ ਜਿਹਾ ਕੁਝ ਨਹੀਂ ਹੋ ਸਕਿਆ। ਹਾਲੇ ਪਿਛਲੇ ਮਹੀਨੇ ਦੀ ਗੱਲ ਹੈ, ਜਦੋਂ ਭਾਰਤ ਦੇ 478 ਪ੍ਰਮੁੱਖ ਸ਼ਹਿਰਾਂ ਦੀ ਸਾਫ-ਸਫਾਈ ਦੇ ਅੰਕੜੇ ਜਾਰੀ ਹੋਏ ਸਨ ਤਾਂ ਅਸੀਂ ਪੰਜਾਬ ਵਾਲੇ ਇਸ ਗੱਲੋਂ ਦੁਖੀ ਸਾਂ ਕਿ ਸਾਡਾ ਇੱਕ ਵੀ ਸ਼ਹਿਰ ਟਾਪ-ਟੈਨ ਵਿਚ ਨਹੀਂ, ਜਲੰਧਰ ਨੂੰ ਵੀ ਅਠਾਈਵਾਂ ਤੇ ਮੋਹਾਲੀ ਨੂੰ ਚੁਰਾਸੀਵਾਂ ਥਾਂ ਮਿਲ ਸਕਿਆ ਹੈ। ਸਾਨੂੰ ਇਹ ਵੀ ਦੁੱਖ ਸੀ ਕਿ ਅੰਮ੍ਰਿਤਸਰ ਨੂੰ ਧਾਰਮਿਕ ਪੱਖੋਂ ਫੰਡਾਂ ਦੀ ਨਹਿਰ ਵਗਾਉਣ ਦੇ ਦਾਅਵੇ ਕੀਤੇ ਜਾਂਦੇ ਰਹੇ ਸਨ, ਪਰ ਉਹ 478 ਸ਼ਹਿਰਾਂ ਵਿਚੋਂ 430ਵੇਂ ਥਾਂ ਆਇਆ। ਮੁੱਖ ਮੰਤਰੀ ਬਾਦਲ ਦਾ ਆਪਣਾ ਸ਼ਹਿਰ ਮੁਕਤਸਰ ਵੀ 384ਵੇਂ ਨੰਬਰ ਉਤੇ ਲਿਖਿਆ ਵੇਖਿਆ ਸੀ। ਸਥਿਤੀ ਸ਼ਰਮਨਾਕ ਜਾਪਦੀ ਸੀ। ਇਸ ਤੋਂ ਹਟ ਕੇ ਅਸੀਂ ਦਿੱਲੀ ਤੇ ਗੁਜਰਾਤ ਵੱਲ ਝਾਤੀ ਮਾਰਨ ਲੱਗੇ ਤਾਂ ਹੋਰ ਵੀ ਹੈਰਾਨੀ ਵਾਲੀ ਸਥਿਤੀ ਲੱਭ ਪਈ ਸੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਿਸ ਗੁਜਰਾਤ ਵਿਚ ਕਿਸੇ ਵੀ ਹੋਰ ਆਗੂ ਤੋਂ ਵੱਧ ਸਮਾਂ ਰਾਜ ਕੀਤਾ ਸੀ, ਉਸ ਵਿਚੋਂ ਕੋਈ ਇੱਕ ਸ਼ਹਿਰ ਵੀ ਟਾਪ-ਟੈਨ ਅਤੇ ਟਾਪ-ਟਵੰਟੀ ਤਾਂ ਕੀ, ਟਾਪ-ਫਿਫਟੀ ਵਿਚ ਨਹੀਂ ਸੀ ਲੱਭਾ ਅਤੇ ਹੀਰਿਆਂ ਦੇ ਕਾਰੋਬਾਰ ਵਾਲਾ ਸੂਰਤ ਦਾ ਸ਼ਹਿਰ 63ਵੇਂ ਨੰਬਰ ਉਤੇ ਤੇ ਗੁਜਰਾਤ ਦਾ ਸਭ ਤੋਂ ਵੱਡਾ ਸ਼ਹਿਰ ਅਹਿਮਦਾਬਾਦ 79ਵੇਂ ਥਾਂ ਲਿਖਿਆ ਪਿਆ ਸੀ। ਜਿਹੜੀ ਰਾਜਧਾਨੀ ਗਾਂਧੀਨਗਰ ਵਿਚ ਐਨੇ ਸਾਲ ਬੈਠ ਕੇ ਨਰੇਂਦਰ ਮੋਦੀ ਨੇ ਰਾਜ ਮਾਣਿਆ ਸੀ, ਉਸ ਦਾ ਨਾਂ ਇਸ ਸੂਚੀ ਵਿਚ 478 ਸ਼ਹਿਰਾਂ ਵਿਚੋਂ ਪਹਿਲੇ ਤਿੰਨ ਸੌ ਵਿਚ ਵੀ ਨਹੀਂ ਸੀ ਤੇ 310 ਨੰਬਰ ਉਤੇ ਜਾ ਕੇ ਲੱਭਦਾ ਸੀ। ਪਿਛਲੇ ਸਾਲ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਸਾਫ ਕਰਨ ਦੀ ਮੁਹਿੰਮ ਬੜੇ ਧੜੱਲੇ ਨਾਲ ਸ਼ੁਰੂ ਕੀਤੀ ਅਤੇ ਆਪ ਝਾੜੂ ਫੜ ਕੇ ਦਿੱਲੀ ਵਿਚ ਅੱਗੇ ਲੱਗ ਕੇ ਤੁਰਿਆ ਸੀ, ਪਰ ਇੱਕ ਸਾਲ ਪਿੱਛੋਂ ਜਦੋਂ ਅੰਕੜੇ ਆਏ ਤਾਂ ਹੈਰਾਨੀ ਵਾਲੇ ਸਨ। ਰਾਜਧਾਨੀ ਦਾ ਕੇਂਦਰੀ ਇਲਾਕਾ ਪੰਦਰ੍ਹਵੀਂ ਥਾਂ ਹੋਣ ਦੇ ਨਾਲ ਨਵੀਂ ਦਿੱਲੀ ਵਾਲੀ ਨਗਰ ਪਾਲਿਕਾ ਦਾ ਖੇਤਰ ਦੇਸ਼ ਵਿਚੋਂ ਸੋਲ੍ਹਵੇਂ ਥਾਂ ਆ ਗਿਆ ਸੀ, ਪਰ ਬਾਕੀ ਦਿੱਲੀ ਇਸ ਸੂਚੀ ਵਿਚ 398ਵੇਂ ਨੰਬਰ ਉਤੇ ਲਿਖੀ ਦਿਖਾਈ ਦੇਂਦੀ ਸੀ। ਦੀਵੇ ਹੇਠ ਹਨੇਰਾ ਇਸੇ ਨੂੰ ਕਹਿੰਦੇ ਹਨ। ਪ੍ਰਧਾਨ ਮੰਤਰੀ ਵਾਲੇ ਸਰਕਾਰੀ ਘਰ ਤੋਂ ਸੰਸਦ ਭਵਨ ਤੱਕ ਦੀ ਸਫਾਈ ਦੇਸ਼ ਵਿਚੋਂ ਪੰਦਰ੍ਹਵੇਂ ਥਾਂ, ਕਨਾਟ ਪਲੇਸ ਦਾ ਦੇਸ਼ ਵਿਚ ਸੋਲ੍ਹਵਾਂ ਨੰਬਰ, ਪਰ ਉਸ ਤੋਂ ਇੱਕ ਕਿਲੋਮੀਟਰ ਅੱਗੇ ਨਵੀਂ ਦਿੱਲੀ ਵਾਲਾ ਰੇਲਵੇ ਸਟੇਸ਼ਨ ਲੰਘਦੇ ਸਾਰ ਪਹਾੜਗੰਜ ਦਾ ਨੰਬਰ ਦੇਸ਼ ਵਿਚ 398 ਹੋ ਗਿਆ। ਕਮਾਲ ਸਾਡੇ ਪ੍ਰਧਾਨ ਮੰਤਰੀ ਦਾ ਗੱਲ ਤਿਲਕਾਉਣ ਦੀ ਕਲਾ ਦਾ ਹੈ ਕਿ ਕਿਸੇ ਨੇ ਇਹ ਚਰਚਾ ਵੀ ਨਹੀਂ ਛੇੜੀ।
ਸਾਨੂੰ ਪ੍ਰਧਾਨ ਮੰਤਰੀ ਦੇ ਸੁਫਨਿਆਂ ਵਿਚੋਂ ਸ਼ੇਖਚਿਲੀ ਵਾਲੀ ਕੋਈ ਗੱਲ ਨਹੀਂ ਲੱਭਦੀ, ਪਰ ਹਰ ਭਾਸ਼ਣ ਵਿਚੋਂ ਇਹ ਲੱਭ ਜਾਂਦਾ ਹੈ ਕਿ ਉਹ ਤੱਥਾਂ ਨੂੰ ਤਾੜੀਆਂ ਦੀ ਗੂੰਜ ਵਿਚ ਗਾਇਬ ਕਰ ਸਕਦਾ ਹੈ। ਉਹ ਦੇਸ਼ ਦੀ ਗਰੀਬੀ ਬਾਰੇ ਚਿੰਤਾ ਬਹੁਤ ਕਰਦਾ ਹੈ, ਪਰ ਜਦੋਂ ਅੰਕੜੇ ਵੇਖੀਏ ਤਾਂ ਤਸਵੀਰ ਹੋਰ ਦਿਖਾਈ ਦੇਂਦੀ ਹੈ। ਤਾਜ਼ਾ ਅੰਕੜੇ ਸਾਨੂੰ ਮਿਲ ਨਹੀਂ ਸਕੇ ਅਤੇ ਜਿੰਨੇ ਕੁ ਮਿਲਦੇ ਹਨ, ਰੋਜ਼ ਬਦਲ ਜਾਂਦੇ ਹਨ। ਭਾਰਤ ਦੇ ਰਿਜ਼ਰਵ ਬੈਂਕ ਦੀ 2013 ਦੀ ਰਿਪੋਰਟ ਸਾਡੇ ਕੋਲ ਮੌਜੂਦ ਹੈ, ਜਿਹੜੀ ਗੁਜਰਾਤ ਵਿਚ ਨਰੇਂਦਰ ਮੋਦੀ ਦੇ ਗਿਆਰਾਂ ਸਾਲ ਰਾਜ ਕਰਨ ਪਿੱਛੋਂ ਬਣੀ ਸੀ। ਗਿਆਰਾਂ ਸਾਲ ਥੋੜ੍ਹੇ ਨਹੀਂ ਹੁੰਦੇ ਅਤੇ ਜਿਹੜਾ ਨਰੇਂਦਰ ਮੋਦੀ ਹੁਣ ਸਾਰੇ ਦੇਸ਼ ਨੂੰ ਖੁਸ਼ਹਾਲੀ ਦੇ ਸੁਫਨੇ ਵਿਖਾ ਰਿਹਾ ਹੈ, ਉਸ ਦੇ ਗਿਆਰਾਂ ਸਾਲਾਂ ਦੇ ਰਾਜ ਮਗਰੋਂ 2013 ਦੀ ਰਿਪੋਰਟ ਵਿਚ ਗਰੀਬੀ ਦੇ ਅੰਕੜਿਆਂ ਦੀ ਸੂਚੀ ਵਿਚ ਗੁਜਰਾਤ ਦਾ ਨਾਂ 14ਵੇਂ ਥਾਂ ਲਿਖਿਆ ਹੈ, ਪੰਜਾਬ ਸਣੇ ਤੇਰਾਂ ਹੋਰ ਰਾਜ ਘੱਟ ਗਰੀਬੀ ਹੋਣ ਕਾਰਨ ਇਸ ਤੋਂ ਉਚੇ ਥਾਂ ਦਰਜ ਸਨ। ਪੰਜਾਬ ਵਿਚ ਉਦੋਂ ਦੇ ਅੰਕੜਿਆਂ ਮੁਤਾਬਕ 5.26 ਫੀਸਦੀ ਲੋਕਾਂ ਨੂੰ ਗਰੀਬੀ ਰੇਖਾਂ ਤੋਂ ਹੇਠਾਂ ਗਿਣਿਆ ਗਿਆ ਸੀ ਤੇ ਗੁਜਰਾਤ ਵਿਚ 16.63 ਫੀਸਦੀ ਲੋਕ, ਪੰਜਾਬ ਨਾਲੋਂ ਤਿਗੁਣੇ ਤੋਂ ਵੱਧ ਲੋਕ, ਗਰੀਬੀ ਰੇਖਾ ਤੋਂ ਹੇਠਾਂ ਵੱਸਦੇ ਸਨ। ਜਦੋਂ ਰਿਜ਼ਰਵ ਬੈਂਕ ਦੀ ਇਹ ਰਿਪੋਰਟ ਆਈ, ਉਸ ਤੋਂ ਇੱਕ ਮਹੀਨਾ ਪਿੱਛੋਂ ਅਗਲੀ ਪਾਰਲੀਮੈਂਟ ਚੋਣ ਲਈ ਭਾਜਪਾ ਨੇ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾ ਦਿੱਤਾ ਤੇ ਸਾਰੇ ਦੇਸ਼ ਵਿਚ ਮੋਦੀ-ਮੋਦੀ ਦੇ ਰੌਲੇ ਵਿਚ ਗਰੀਬੀ ਤੋਂ ਹੇਠਾਂ ਵੱਸਦੇ ਲੋਕਾਂ ਦੀ ਤਸਵੀਰ ਪੇਸ਼ ਕਰਦੀ ਇਹ ਰਿਪੋਰਟ ਵੀ ਤਾੜੀਆਂ ਦੀ ਗੂੰਜ ਵਿਚ ਗਾਇਬ ਹੋ ਕੇ ਰਹਿ ਗਈ। ਬਾਅਦ ਵਿਚ ਜਦੋਂ ਪਾਰਲੀਮੈਂਟ ਵਿਚ ਗੁਜਰਾਤ ਮਾਡਲ ਦੀ ਗੱਲ ਚੱਲੀ ਤਾਂ ਨਰੇਂਦਰ ਮੋਦੀ ਨੇ ਖੁਦ ਇਹ ਮੰਨ ਲਿਆ ਸੀ ਕਿ ਸਾਰੇ ਗੁਜਰਾਤ ਦਾ ਇੱਕੋ ‘ਗੁਜਰਾਤ ਮਾਡਲ’ ਕੋਈ ਹੈ ਹੀ ਨਹੀਂ।
ਓਥੇ ਗਰੀਬੀ ਵਾਲੇ ਖੇਤਰਾਂ ਲਈ ਹੋਰ ਸਕੀਮਾਂ ਹਨ ਤੇ ਖੁਸ਼ਹਾਲ ਹੋ ਚੁੱਕੇ ਖੇਤਰਾਂ ਲਈ ਹੋਰ ਸਕੀਮਾਂ ਹਨ। ਕਿਸੇ ਨੇ ਉਦੋਂ ਇਹ ਗੱਲ ਨਹੀਂ ਪੁੱਛੀ ਕਿ ਜੇ ਗੁਜਰਾਤ ਮਾਡਲ ਕੋਈ ਹੈ ਹੀ ਨਹੀਂ ਸੀ ਤਾਂ ਪਾਰਲੀਮੈਂਟ ਚੋਣਾਂ ਵਿਚ ਗੁਜਰਾਤ-ਮਾਡਲ ਦਾ ਰੌਲਾ ਕਿਉਂ ਪੈਂਦਾ ਰਿਹਾ ਸੀ?  ਹੁਣ ਭਾਰਤ ਸਰਕਾਰ ਨੇ ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਦਾ ਸੁਫਨਾ ਪੇਸ਼ ਕੀਤਾ ਹੈ। ਅਗਲਾ ਇੱਕ ਸਾਲ ਅਸੀਂ ਇਸ ਹੁਸੀਨ ਸੁਫਨੇ ਦੇ ਨਜ਼ਾਰੇ ਮਾਣੀਏ। ਸਾਫ-ਸੁਥਰੇ ਸ਼ਹਿਰਾਂ ਦੀ ਸੂਚੀ ਵਿਚ ਜਿਹੜੇ ਪੰਜਾਬ ਦੇ ਅੰਮ੍ਰਿਤਸਰ ਦਾ 430ਵਾਂ ਨੰਬਰ ਆਇਆ ਸੀ, ਉਸ ਪੰਜਾਬ ਦੇ ਤਿੰਨ ਸ਼ਹਿਰ ਵੀ ਇਸ ਨਵੇਂ ਸੁਫਨੇ ਦਾ ਹਿੱਸਾ ਬਣਾਏ ਗਏ ਹਨ। ਆਪਾਂ ਇਸ ਦਾ ਚਾਅ ਵੀ ਕਰੀਏ। ਅਗਲੇ ਸਾਲ ਇਹ ਚੇਤਾ ਕਰਨ ਦੀ ਲੋੜ ਨਹੀਂ ਕਿ ਅਸੀਂ ਕਦੇ ਇਹੋ ਜਿਹਾ ਸੁਫਨਾ ਵੇਖਿਆ ਸੀ। ਪ੍ਰਧਾਨ ਮੰਤਰੀ ਬੜੀ ਉਸਾਰੂ ਸੋਚ ਵਾਲਾ ਹੈ, ਰਾਤ-ਦਿਨ ਸੋਚਦਾ ਰਹਿੰਦਾ ਅਤੇ ਹਰ ਵਾਰੀ ਨਵਾਂ ਸੁਫਨਾ ਸੋਚ ਲੈਂਦਾ ਹੈ। ਅਗਲੇ ਸਾਲ ਉਹ ਸਾਡੇ ਲਈ ਕੋਈ ਹੋਰ ਸੁਫਨਾ ਪੇਸ਼ ਕਰੇਗਾ, ਆਓ ਔਂਸੀਆਂ ਪਾ ਕੇ ਉਸ ਨਵੇਂ ਸੁਫਨੇ ਦੀ ਉਡੀਕ ਕਰੀਏ।

You must be logged in to post a comment Login