ਸਰਕਾਰੀ ਬੱਸਾਂ ’ਤੇ ਹੁਣ ਸਰਕਾਰ ਰੱਖੇਗੀ ਪੂਰੀ ਨਜ਼ਰ, ਲਗਾਏ ਜਾਣਗੇ ਵਹੀਕਲ ਟਰੈਕਿੰਗ ਸਿਸਟਮ

ਸਰਕਾਰੀ ਬੱਸਾਂ ’ਤੇ ਹੁਣ ਸਰਕਾਰ ਰੱਖੇਗੀ ਪੂਰੀ ਨਜ਼ਰ, ਲਗਾਏ ਜਾਣਗੇ ਵਹੀਕਲ ਟਰੈਕਿੰਗ ਸਿਸਟਮ

ਚੰਡੀਗੜ੍ਹ : ਪੰਜਾਬ ਵਿਚ ਸਰਕਾਰੀ ਜਨਤਕ ਆਵਾਜਾਈ ਦੀ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣ ਲਈ ਰੋਡਵੇਜ਼, ਪਨਬਸ ਤੇ ਪੀ.ਆਰ.ਟੀ.ਸੀ. ਬੱਸਾਂ ਵਿਚ ਵਹੀਕਲ ਟਰੈਕਿੰਗ ਸਿਸਟਮ ਲਗਾਏ ਜਾਣਗੇ। ਇਸ ਗੱਲ ਦਾ ਖ਼ੁਲਾਸਾ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਜਨਰਲ ਮੈਨੇਜਰਾਂ ਦੀ ਮੀਟਿੰਗ ਵਿਚ ਕੀਤਾ।
ਮੀਟਿੰਗ ਦੀ ਅਗਵਾਈ ਕਰਦਿਆਂ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਬੱਸਾਂ ਦਾ ਰੂਟ ’ਤੇ ਚਲਦੇ ਦੌਰਾਨ ਸਹੀ ਸਥਾਨ ਦਾ ਪਤਾ ਲਗਾਉਣ ਲਈ ਵਹੀਕਲ ਟਰੈਕਿੰਗ ਸਿਸਟਮ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ ਜਿਸ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਡਰਾਇਵਰ ਵਲੋਂ ਕਿਸ ਸ਼ਹਿਰ ਜਾਂ ਕਸਬੇ ’ਤੇ ਬੱਸ ਨੂੰ ਕਿੰਨੀ ਦੇਰ ਲਈ ਰੋਕਿਆ ਗਿਆ ਜਾਂ ਫਿਰ ਕਿਸ ਬਸ ਅੱਡੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਹੀਕਲ ਟਰੈਕਿੰਗ ਸਿਸਟਿਮ ਦੇ ਰੀਅਲ ਟਾਇਮ ਦਾ ਪਤਾ ਲਗਾਉਣ ਲਈ ਵਹੀਕਲ ਟਰੈਕਿੰਗ ਸਿਸਟਮ ਦਾ ਪ੍ਰੀਖਣ ਪੀ.ਆਰ.ਟੀ.ਸੀ. ਦੀਆਂ 350 ਬੱਸਾਂ ਵਿਚ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਸ ਪ੍ਰਣਾਲ਼ੀ ਨੂੰ ਰੋਡਵੇਜ਼ ਤੇ ਪੀ.ਆਰ.ਟੀ.ਸੀ. ਦੀਆਂ ਸਾਰੀਆਂ ਬੱਸਾਂ ਵਿਚ ਲਾਗੂ ਕੀਤਾ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਬੱਸਾਂ ਦੇ ਰੂਟਾਂ ਦੇ ਨਿਰਧਾਰਿਤ ਸਮੇਂ ਦੀ ਚੈਕਿੰਗ ਲਈ ਰਿਜਨਲ ਟਰਾਂਸਪੋਰਟ ਅਥਾਰਟੀ ਵਲੋਂ ਜਿਲ੍ਹਿਆਂ ਵਿਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ ਅਤੇ ਮੌਕੇ ’ਤੇ ਉਲੰਘਣਾ ਕਰਨ ਵਾਲੀਆਂ ਬੱਸਾਂ ’ਤੇ ਤੁਰਤ ਕਾਰਵਾਈ ਕੀਤੀ ਜਾਵੇਗੀ। ਇਸ ਮੁਹਿੰਮ ਦੌਰਾਨ ਵਿਭਾਗ ਦੇ ਜਰਨਲ ਮੈਨੇਜਰ, ਆਰ.ਟੀ.ਏ. ਦੀ ਅਗਵਾਈ ਅਧੀਨ ਹਰ ਲਾਜ਼ਮੀ ਜਾਣਕਾਰੀ ਮੁਹੱਈਆ ਕਰਵਾਉਣਗੇ। ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਜ਼ਿਲ੍ਹਾਵਾਰ ਰੋਡਵੇਜ਼ ਦੇ ਜਨਰਲ ਮੈਨੇਜਰਾਂ ਤੋਂ ਵਿਭਾਗੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ।

You must be logged in to post a comment Login