ਸਰਬਤ ਖਾਲਸਾ ਤੇ ਇਲਜ਼ਾਮ ਤਰਾਸ਼ੀਆਂ

ਸਰਬਤ ਖਾਲਸਾ ਤੇ ਇਲਜ਼ਾਮ ਤਰਾਸ਼ੀਆਂ

ਸਰਬਤ ਖਾਲਸਾ ਨੂੰ ਲੈ ਕੇ ਪੰਥ ਵਿੱਚ ਸੋਚ ਦੀਆਂ ਤਿੰਨ ਧਾਰਾਵਾਂ ਸਾਹਮਣੇ ਹਨ, ਇੱਕ ਹਮਾਇਤ ਕਰਨ ਵਾਲੀ, ਦੂਜੀ ਕੁੱਝ ਨੁਕਤਿਆਂ ਤੇ ਅਸਹਿਮਤੀ ਰੱਖਣ ਵਾਲੀ, ਅਤੇ ਤੀਜੀ ਵਿਰੋਧ ਕਰਨ ਵਾਲੀ। ਵਿਰੋਧ ਵਾਲੀ ਧਿਰ ਤਾਂ ਸਪਸ਼ਟ ਹੈ, ਬਾਦਲ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਸੰਤ ਸਮਾਜ ਅਤੇ ਇਹਨਾਂ ਦੇ ਕੁੱਝ ਹੋਰ ਹਾਮੀ ਹਨ। ਇਹਨਾਂ ਦਾ ਵਿਰੋਧ ਇਹਨਾਂ ਦੀ ਸੋਚ ਨਾਲੋਂ ਜ਼ਿਆਦਾ ਇਹਨਾਂ ਦੇ ਨਿੱਜੀ ਹਿੱਤਾਂ ਨਾਲ ਅਤੇ ਦਿੱਲੀ ਦੇ ਹਾਕਮਾਂ ਦੀ ਵਫਾਦਾਰੀ ਨਾਲ ਜੁੜ੍ਹਿਆ ਹੋਇਆ ਹੈ। ਅਸਹਿਮਤੀ ਰੱਖਣ ਵਾਲੀ ਧਿਰ ਵਿੱਚ ਦਲ ਖਾਲਸਾ, ਪੰਚ ਪ੍ਰਧਾਨੀ, ਸਿੱਖ ਯੂਥ ਆਫ ਪੰਜਾਬ, ਖਾਲਸਾ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਪੰਥਕ ਵਿਦਵਾਨ ਅਤੇ ਕੁੱਝ ਧਾਰਮਿਕ ਸਖਸ਼ੀਅਤਾਂ ਸ਼ਾਮਲ ਹਨ। ਹਮਾਇਤ ਵਾਲੀ ਧਿਰ ਵਿੱਚ ਯੁਨਾਈਟਿਡ ਅਕਾਲੀ ਦਲ, ਭਾਈ ਮੋਹਕਮ ਸਿੰਘ,  ਅਕਾਲੀ ਦਲ ਅੰਮ੍ਰਿਤਸਰ, ਸਿਮਰਨਜੀਤ ਸਿੰਘ ਮਾਨ, ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ, ਅਤੇ ਬਹੁਤ ਸਾਰੀਆਂ ਹੋਰ ਧਾਰਮਿਕ ਸਖਸ਼ੀਅਤਾਂ ਹਨ। ਹਮਾਇਤ ਵਾਲੀ ਧਿਰ ਦੀ ਹਮਾਇਤ ਤਾਂ ਸਮਝ ਪੈਂਦੀ ਹੈ, ਉਹ ਸਾਰੀਆਂ ਸਿੱਖ ਸਮਸਿਆਵਾਂ ਦਾ ਹੱਲ 10 ਨਵੰਬਰ ਦੇ ‘ਸਰਬਤ ਖਾਲਸਾ’ ਨੂੰ ਹੀ ਸਮਝ ਰਹੇ ਹਨ। ਉਹਨਾਂ ਨੂੰ ਪੂਰਾ ਹੱਕ ਹੈ ਕਿ ਉਹ ਇਹ ਸਮਝਣ, ਉਹਨਾਂ ਦੀ ਸਮਝ ਉਤੇ ਕੋਈ ਕਿੰਤੂ-ਪ੍ਰੰਤੂ ਕਰਨਾ ਨਹੀਂ ਬਣਦਾ। ਇਸ ਧਿਰ ਦੇ ਹਾਮੀ ਜਿਸ ਤਰ੍ਹਾਂ ਅਸਹਿਮੱਤੀ ਰੱਖਣ ਵਾਲੀ ਧਿਰ ਦੇ ਖਿਲਾਫ ਸੋਸ਼ਲ ਮੀਡੀਆ ਉਤੇ ਲਿਖ ਰਹੇ ਹਨ ਅਤੇ ਅਖਬਾਰਾਂ ਵਿੱਚ ਬਿਆਨ ਦੇ ਰਹੇ ਹਨ, ਉਹ ਬਹੁਤ ਅਫਸੋਸਨਾਕ ਹੈ। ਲੋੜ੍ਹ ਤਾਂ ਇਹ ਸੀ ਕਿ ਵਿਚਾਰਾਂ ਦੇ ਵੱਖਰੇਵਿਆਂ ਨੂੰ ਦੂਰ ਕਰ ਕੇ ਕੋਈ ਸਭ ਦੀ ਸਹਿਮਤੀ ਨਾਲ ਸਾਂਝਾ ਰਸਤਾ ਕੱਢ ਲਿਆ ਜਾਂਦਾ, ਪਰ ਇੰਝ ਅੱਜ ਦੀ ਤਰੀਕ ਤੱਕ ਨਹੀਂ ਹੋ ਪਾ ਰਿਹਾ। (ਵਾਹਿਗੁਰੂ ਮੇਹਰ ਕਰੇ ਹੋ ਜਾਵੇ)। ਸੁਲਝੇ ਹੋਏ ਤਰੀਕੇ ਨਾਲ ਮਸਲਿਆਂ ਦਾ ਹੱਲ ਲੱਭਣ ਦੀ ਬਜਾਏ ਮਾਹੌਲ ਨੂੰ ਇੰਨਾ ਗੰਧਲਾ ਕੀਤਾ ਜਾ ਰਿਹਾ ਹੈ, ਜੋ ਅਫਸੋਸਨਾਕ ਹੀ ਨਹੀਂ ਬਲਕਿ ਸ਼ਰਮਨਾਕ ਵੀ ਹੈ। ਇਹੋ ਜਿਹਾ ਜ਼ਹਿਰੀਲਾ ਪ੍ਰਚਾਰ ਮਸਲਾ ਹੱਲ ਕਰਨ ਦੀ ਬਜਾਏ, ਮਸਲੇ ਦੇ ਹੱਲ ਵਿੱਚ ਰੁਕਾਵਟ ਹੀ ਬਣਦਾ ਹੈ। ਸਹਿਮਤੀ ਬਣਨੀ ਚਾਹੀਦੀ ਹੈ, ਪਰ ਜੇਕਰ ਨਹੀਂ ਬਣ ਰਹੀ ਤਾਂ ਕੋਈ ਗੱਲ ਨਹੀਂ, ਜਿਸ ਨੂੰ ਸਰਬੱਤ ਖਾਲਸਾ ਦਾ ਫੈਸਲਾ ਠੀਕ ਲੱਗਦਾ ਹੈ, ਉਹ ਇਕੱਠ ਕਰਨ ਅਤੇ ਜਿਨ੍ਹਾਂ ਦੀ ਅਸਹਿਮਤੀ ਹੈ ਉਹ ਨਾ ਜਾਣ। ਵਿਚਾਰਾਂ ਦੇ ਫਰਕ ਨੂੰ ਦੋਵੇਂ ਧਿਰਾਂ ਸੁਲਝੇ ਹੋਏ ਲੋਕਾਂ ਵਾਂਗ ਸਵੀਕਾਰ ਕਰਨ ਅਤੇ ਆਪੋ ਆਪਣੇ ਰਸਤੇ ਉਤੇ ਤੁਰਦੇ ਰਹਿਣ। ਇਸ ਵਿੱਚ ਇਲਜ਼ਾਮ ਤਰਾਸ਼ੀਆਂ ਅਤੇ ਲੜ੍ਹਨ ਵਾਲੀ ਕਿਹੜੀ ਗੱਲ ਹੈ। ਕੌਮੀ ਆਜ਼ਾਦੀ ਦੀ ਲੜ੍ਹਾਈ ਬਹੁਤ ਲੰਮੀ, ਉਮਰਾਂ ਲੰਮੀ ਹੈ, ਹਾਲੇ ਬੜ੍ਹੇ ਮੌਕੇ ਆਉਣੇ ਹਨ। ਅੱਜ ਨਹੀਂ ਤਾਂ ਕੱਲ੍ਹ ਕੱਠੇ ਬੈਠ ਲਵਾਂਗੇ । ਇਲਜ਼ਾਮ ਲਗਾਣ ਵਾਲਿਆਂ ਦਾ ਇਹ ਹਾਲ ਹੈ ਕਿ ਉਹ ਲੋਕ ਜੋ ਕੁੱਝ ਖਾਸ ਜਾਣਦੇ ਵੀ ਨਹੀਂ, ਉਹ ਵੀ ਤਰ੍ਹਾਂ ਤਰ੍ਹਾਂ ਦੇ ਮੇਹਣੇ ਮਾਰਨ ਵਿੱਚ ਇੱਕ ਦੂਜੇ ਤੋਂ ਅੱਗੇ ਲੰਘਣ ਵਿੱਚ ਲੱਗੇ ਹੋਏ ਹਨ। ਹੋਰ ਤਾਂ ਗੱਲ ਛੱਡੋ, ਜਿਨ੍ਹਾਂ ਦੀਆਂ ਜ਼ਿੰਦਗੀਆਂ ਸੰਘਰਸ਼ ਵਿੱਚ ਬੀਤ ਗਈਆਂ ਹਨ, ਉਨ੍ਹਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਇਹਨਾਂ ਨੂੰ ਵੀ ਕੀ ਸਰਟੀਫਿਕੇਟ ਲੈਣੇ ਪੈਣਗੇ ਆਪਣੀ ਪੰਥ ਪ੍ਰਸਤੀ ਦੇ? ਅਸਿਹਮੱਤੀ ਰੱਖਣ ਵਾਲੇ ਬਹੁਤ ਸਾਰੇ ਵਿਦਵਾਨ ਤੇ ਧਾਰਮਿਕ ਸਖਸ਼ੀਅਤਾਂ, ਪੰਥ ਦੀਆਂ ਸਤਿਕਾਰਤ ਸਖਸ਼ੀਅਤਾਂ ਹਨ, ਉਨ੍ਹਾਂ ਬਾਰੇ ਇਸ ਤਰ੍ਹਾਂ ਦੇ ਭੱਦੇ ਲਫਜ਼ਾਂ ਦਾ ਇਸਤੇਮਾਲ ਪੜ-ਪੜ੍ਹ ਕੇ ਹਿਰਦਾ ਵਲੰਧੂਰਿਆ ਗਿਆ ਅਤੇ ਚੁੱਪ ਰਹਿਣਾ ਗ਼ੁਨਾਹ ਵਾਂਗ ਲੱਗਣ ਲੱਗ ਪਿਆ ਹੈ।  ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਜ਼ਹਿਰੀਲੇ ਪ੍ਰਚਾਰ ਤੋਂ ਪ੍ਰਹੇਜ਼ ਕਰਨ ਤੇ ਮਾਹੌਲ ਨੂੰ ਹੋਰ ਖਰਾਬ ਹੋਣੋ ਬਚਾਉਣ। ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਜਿਕਰਯੋਗ ਹੈ ਕਿ ਪੰਜਾਬ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਹੋਰ ਰਹੀ ਬੇਅਦੀ ਦੀਆਂ ਘਟਨਾਵਾਂ  ਤੇ ਸੌਦਾ ਸਾਧ ਨੂੰ ਮੁਆਫ ਕਰਨ ਦੇ ਰੋਸ ‘ਚ ਸਿੱਖ ਕੌਮ ਵਲੋਂ ਸਰਬਤ ਦਾ ਖਾਲਸਾ ਸੱਦਣ ਦੀ ਜ਼ੋਰਦਾਰ ਮੰਗ ਉਠ ਰਹੀ ਹੈ। ਇਸ ਮੰਗ ਕਾਰਨ ਬਾਦਲ ਸਰਕਾਰ ਤਾਂ ਪੂਰੀ ਤਰ੍ਹਾਂ ਫਸੀ ਹੋਈ ਨਜ਼ਰ ਆ ਰਹੀ ਹੈ।
-ਗਜਿੰਦਰ ਸਿੰਘ

You must be logged in to post a comment Login