ਸ਼੍ਰੋਮਣੀ ਕਮੇਟੀ ਪ੍ਰਧਾਨ ਚੁਣਨ ਤੋਂ ਪਹਿਲਾਂ ਅਕਾਲੀ ਦਲ `ਚੋਂ ਕਿਉਂ ਕੱਢੇ ਗਏ ਸੀਨੀਅਰ ਆਗੂ?

ਸ਼੍ਰੋਮਣੀ ਕਮੇਟੀ ਪ੍ਰਧਾਨ ਚੁਣਨ ਤੋਂ ਪਹਿਲਾਂ ਅਕਾਲੀ ਦਲ `ਚੋਂ ਕਿਉਂ ਕੱਢੇ ਗਏ ਸੀਨੀਅਰ ਆਗੂ?

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੀ ਚੋਣ ਆਉਂਦੀ 13 ਨਵੰਬਰ ਨੂੰ ਹੋਣੀ ਹੈ ਤੇ ਅਕਾਲੀ ਦਲ ਹਾਈ ਕਮਾਂਡ ਨੇ ਭਾਵੇਂ ਇਸ ਚੋਣ ਬਾਰੇ ਆਖ਼ਰੀ ਫ਼ੈਸਲਾ ਲੈ ਲਿਆ ਹੈ ਪਰ ਫਿਰ ਵੀ ਉਸ ਨੂੰ ਡਰ ਹੈ ਕਿ ਕਿਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ `ਚ ਕਿਤੇ ਕੋਈ ਬਾਗ਼ੀ ਸੁਰ ਨਾ ਉੱਠੇ। ਇਸੇ ਲਈ ਅੱਜ ਸੀਨੀਅਰ ਅਕਾਲੀ ਆਗੂਆਂ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾ. ਰਤਨ ਸਿੰਘ ਅਜਨਾਲਾ ਨੂੰ ਪਾਰਟੀ `ਚੋਂ ਬਰਤਰਫ਼ ਕਰ ਦਿੱਤਾ ਗਿਆ ਹੈ। ਸ੍ਰੀ ਸੇਵਾ ਸਿੰਘ ਸੇਖਵਾਂ ਨੂੰ ਪਹਿਲਾਂ ਹੀ ਬਾਹਰ ਦਾ ਰਸਤਾ ਵਿਖਾਇਆ ਜਾ ਚੁੱਕਾ ਹੈ। ਇੰਝ ਅਕਾਲੀ ਲੀਡਰਸਿ਼ਪ ਨੇ ਅੱਜ ਸੀਨੀਅਰ ਆਗੂਆਂ ਨੂੰ ਪਾਰਟੀ `ਚੋਂ ਕੱਢ ਕੇ ਕੋਈ ਦਲੇਰੀ ਦਾ ਨਹੀਂ, ਸਗੋਂ (ਸੰਭਾਵੀ ਬਗ਼ਾਵਤ ਤੋਂ) ਆਪਣੇ ਡਰ ਦਾ ਹੀ ਪ੍ਰਗਟਾਵਾ ਕੀਤਾ ਹੈ। ਦਰਅਸਲ, 20 ਸਾਲਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਸਮੇਂ ਕਮੇਟੀ ਮੈਂਬਰਾਂ ਨੂੰ ਇੱਕਜੁਟ ਕਰ ਕੇ ਰੱਖਣ ਵਿੱਚ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਸੁਖਦੇਵ ਸਿੰਘ ਢੀਂਡਸਾ ਜਿਹੇ ਸੀਨੀਅਰ ਅਕਾਲੀ ਆਗੂ ਆਪਣੀ ਨਾਰਾਜ਼ਗੀ ਪਾਰਟੀ ਹਾਈ ਕਮਾਂਡ ਪ੍ਰਤੀ ਵਿਖਾ ਚੁੱਕੇ ਹਨ ਪਰ ਹਾਲੇ ਤੱਕ ਉਨ੍ਹਾਂ ਖਿ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਬਾਕੀ ਦੇ ਜਿੰਨੇ ਵੀ ਆਗੂਆਂ ਨੇ ਪਾਰਟੀ ਲੀਡਰਸਿ਼ਪ ਭਾਵ ਬਾਦਲਾਂ ਖਿ਼ਲਾਫ਼ ਕੁਝ ਵੀ ਬੋਲਣ ਦਾ ਜਤਨ ਕੀਤਾ, ਉਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ। ਸ੍ਰੀ ਢੀਂਡਸਾ ਦੀ ਖ਼ਾਸੀਅਤ ਇਹ ਰਹੀ ਕਿ ਉਹ ਰੂਪੋਸ਼ ਹੋ ਗਏ, ਕੁਝ ਬੋਲੇ ਨਹੀਂ।
ਅਕਾਲੀ ਦਲ ਕੋਲ 170 ਮੈਂਬਰਾਂ ਦੀ ਇਸ ਜਨਰਲ ਅਸੈਂਬਲੀ ਵਿੱਚ 145 ਮੈਂਬਰਾਂ ਦੇ ਨਾਲ-ਨਾਲ 15 ਮਨੋਨੀਤ ਮੈਂਬਰਾਂ ਦੀ ਹਮਾਇਤ ਵੀ ਹਾਸਲ ਹੈ। ਪਿਛਲੇ ਇੱਕ ਸਾਲ ਦੌਰਾਨ ਸੁਖਬੀਰ ਬਾਦਲ ਵਿਰੁੱਧ ਅਕਾਲੀ ਦਲ `ਚ ਜੋ ਵਿਰੋਧ ਪੈਦਾ ਹੋਇਆ ਹੈ, ਉਸ ਨਾਲ ਇਸ ਵਾਰ ਕੁਝ ਨਵੀਂਆਂ ਸਮੀਕਰਨਾਂ ਵੀ ਬਣ ਸਕਦੀਆਂ ਹਨ। ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ `ਚ ਸਿਰਫ਼ ਇੱਕ ਦਿਨ ਵਿਚਾਲੇ ਰਹਿ ਗਿਆ ਹੈ; ਇੰਨੇ ਚਿਰ `ਚ ਬਾਗ਼ੀ ਸੁਰਾਂ ਦਾ ਲਾਮਬੰਦ ਹੋਣਾ ਕੁਝ ਔਖਾ ਵੀ ਹੋ ਸਕਦਾ ਹੈ।

You must be logged in to post a comment Login