ਸਾਊਦੀ ਦੇ ਇਸ ਕਦਮ ਨਾਲ ਤੁਹਾਡੀ ਜੇਬ ਹੋਵੇਗੀ ਢਿੱਲੀ

ਸਾਊਦੀ ਦੇ ਇਸ ਕਦਮ ਨਾਲ ਤੁਹਾਡੀ ਜੇਬ ਹੋਵੇਗੀ ਢਿੱਲੀ

ਨਵੀਂ ਦਿੱਲੀ- ਦਸੰਬਰ ‘ਚ ਸਾਊਦੀ ਅਰਬ ਇਕ ਅਜਿਹਾ ਕਦਮ ਚੁੱਕਣ ਜਾ ਰਿਹਾ ਹੈ ਜੋ ਤੁਹਾਡੀ ਜੇਬ ਢਿੱਲੀ ਕਰੇਗਾ। ਹੁਣ ਤਕ ਲਗਾਤਾਰ ਪੈਟਰੋਲ-ਡੀਜ਼ਲ ਸਸਤਾ ਹੋਣ ਨਾਲ ਰਾਹਤ ਮਿਲ ਰਹੀ ਹੈ ਪਰ ਜਲਦ ਕੀਮਤਾਂ ‘ਚ ਤੇਜ਼ੀ ਦਾ ਦੌਰ ਫਿਰ ਸ਼ੁਰੂ ਹੋ ਸਕਦਾ ਹੈ। ਸਾਊਦੀ ਅਰਬ ਨੇ ਫੈਸਲਾ ਕੀਤਾ ਹੈ ਕਿ ਦਸੰਬਰ ਤੋਂ ਉਹ 5 ਲੱਖ ਬੈਰਲ ਤੇਲ ਦੀ ਰੋਜ਼ਾਨਾ ਕਟੌਤੀ ਕਰੇਗਾ। ਸਾਊਦੀ ਅਰਬ ਦੇ ਊਰਜਾ ਮੰਤਰੀ ਖਾਲਿਦ ਅਲ-ਫਲੀਹ ਨੇ ਆਬੂਧਾਬੀ ‘ਚ ਰਿਪੋਰਟਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਸਾਊਦੀ ਨੇ ਨਵੰਬਰ ‘ਚ ਸਪਲਾਈ ਵਧਾਈ ਸੀ ਪਰ ਦਸੰਬਰ ਤੋਂ ਇਸ ‘ਚ ਕਟੌਤੀ ਕੀਤੀ ਜਾਵੇਗੀ।
ਸਾਊਦੀ ਅਰਬ ਨੇ ਰੋਜ਼ਾਨਾ ਤਕਰੀਬਨ 10 ਲੱਖ ਬੈਰਲ ਤੇਲ ਦੀ ਸਪਲਾਈ ਵਧਾਈ ਸੀ ਪਰ ਹਾਲ ਹੀ ‘ਚ ਅਮਰੀਕਾ ਵੱਲੋਂ ਈਰਾਨ ਦੇ ਗਾਹਕਾਂ ਨੂੰ ਦਿੱਤੀ ਗਈ ਛੋਟ ਨਾਲ ਬਾਜ਼ਾਰ ‘ਚ ਵਾਧੂ ਸਪਲਾਈ ਹੋ ਗਈ, ਜਿਸ ਕਾਰਨ ਬੀਤੇ ਸ਼ੁੱਕਰਵਾਰ ਤੇਲ 70 ਡਾਲਰ ਪ੍ਰਤੀ ਬੈਰਲ ਤੋਂ ਵੀ ਹੇਠਾਂ ਚਲਾ ਗਿਆ, ਜੋ ਕਿ ਅਕਤੂਬਰ ‘ਚ 85 ਡਾਲਰ ਪ੍ਰਤੀ ਬੈਰਲ ਤਕ ਰਿਹਾ ਸੀ। ਮਾਹਰਾਂ ਦਾ ਕਹਿਣਾ ਹੈ ਕਿ ਸਾਊਦੀ ਦੇ ਨਾਲ ਜੇਕਰ ਬਾਕੀ ਓਪੇਕ ਦੇਸ਼ ਵੀ ਸਪਲਾਈ ‘ਚ ਕਟੌਤੀ ਕਰਦੇ ਹਨ ਤਾਂ ਕੱਚਾ ਤੇਲ ਮਹਿੰਗਾ ਹੋ ਜਾਵੇਗਾ। ਲਿਹਾਜਾ ਭਾਰਤ ‘ਚ ਵੀ ਪੈਟਰੋਲ-ਡੀਜ਼ਲ ਮਹਿੰਗਾ ਹੋਵੇਗਾ ਪਰ ਪੰਜਾਬ ਦੇ ਲੋਕਾਂ ਲਈ ਇਹ ਜ਼ਿਆਦਾ ਬੁਰਾ ਹੋਵੇਗਾ ਕਿਉਂਕਿ ਪੰਜਾਬ ਦੇ ਲੋਕ ਇਕ ਲਿਟਰ ਤੇਲ ਪਿੱਛੇ ਜ਼ਿਆਦਾ ਟੈਕਸ ਚੁਕਾ ਰਹੇ ਹਨ। ਪੰਜਾਬ ‘ਚ ਮੌਜੂਦਾ ਸਮੇਂ ਪੈਟਰੋਲ ‘ਤੇ 35.08 ਫੀਸਦੀ ਅਤੇ ਡੀਜ਼ਲ ‘ਤੇ 16.65 ਫੀਸਦੀ ਵੈਟ ਹੈ, ਜਦੋਂ ਕਿ ਚੰਡੀਗੜ੍ਹ ‘ਚ ਇਹ ਪੈਟਰੋਲ ‘ਤੇ 17.42 ਫੀਸਦੀ ਤੇ ਡੀਜ਼ਲ ‘ਤੇ 9.04 ਫੀਸਦੀ ਹੈ। ਹਰਿਆਣਾ ‘ਚ ਪੈਟਰੋਲ ‘ਤੇ 23.37 ਫੀਸਦੀ ਅਤੇ ਡੀਜ਼ਲ ‘ਤੇ 13.90 ਫੀਸਦੀ ਵੈਟ ਹੈ। ਇਸੇ ਤਰ੍ਹਾਂ ਹਿਮਾਚਲ ‘ਚ ਪੈਟਰੋਲ ‘ਤੇ 21.17 ਫੀਸਦੀ ਅਤੇ ਡੀਜ਼ਲ ‘ਤੇ 11.14 ਫੀਸਦੀ ਵੈਟ ਹੈ। ਪਿਛਲੀ 4 ਅਕਤੂਬਰ ਨੂੰ ਜਦੋਂ ਪੈਟਰੋਲ-ਡੀਜ਼ਲ ਕੀਮਤਾਂ ਰਿਕਾਰਡ ਉਚਾਈ ‘ਤੇ ਚਲੀਆਂ ਗਈਆਂ ਸਨ, ਤਾਂ ਭਾਜਪਾ ਸ਼ਾਸਤ ਸੂਬਿਆਂ ਨੇ ਵੈਟ ‘ਚ ਕਟੌਤੀ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਮਾਲੀ ਹਾਲਤ ਦਾ ਹਵਾਲਾ ਦਿੰਦੇ ਹੋਏ ਸਥਾਨਕ ਟੈਕਸ ‘ਚ ਕਟੌਤੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

You must be logged in to post a comment Login