ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ‘ਚ ਲੱਗੀ ਸੰਨ੍ਹ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ‘ਚ ਲੱਗੀ ਸੰਨ੍ਹ

ਬਠਿੰਡਾ- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ‘ਚ ਸੰਨ੍ਹ ਲੱਗਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬਾਦਲ ਆਪਣੇ ਪਿੰਡ ਜਾਂਦੇ ਹੋਏ ਰਸਤੇ ‘ਚ ਘੁੱਦਾ ਵਿਖੇ ਅਕਾਲੀ ਆਗੂ ਦੇ ਪੈਟਰੋਲ ਪੰਪ ‘ਤੇ ਰੁਕੇ ਅਤੇ ਕੁਝ ਦੇਰ ਉਨ੍ਹਾਂ ਨੇ ਆਰਾਮ ਕੀਤਾ। ਵੀਰਵਾਰ ਦੁਪਹਿਰ 2:10 ਵਜੇ ਉਹ ਪੰਪ ਦੇ ਕਮਰੇ ‘ਚ ਆਰਾਮ ਕਰਨ ਪਹੁੰਚੇ ਉਦੋਂ ਹੀ ਥਾਣਾ ਨੰਦਗੜ੍ਹ ਦਾ ਮੁਖੀ ਸਬ-ਇੰਸਪੈਕਟਰ ਭੁਪਿੰਦਰ ਸਿੰਘ ਸਾਦੀ ਵਰਦੀ ‘ਚ ਕਮਰੇ ‘ਚ ਗਿਆ। ਉਦੋਂ ਹੀ ਉਸ ਦੇ ਪਿੱਛੇ ਇਕ ਹੋਰ ਅਣਪਛਾਤਾ ਵਿਅਕਤੀ ਵੀ ਕਮਰੇ ‘ਚ ਦਾਖਲ ਹੋ ਗਿਆ। ਸਾਬਕਾ ਮੁੱਖ ਮੰਤਰੀ ਦੀ ਸੁਰੱਖਿਆ ‘ਚ ਤਾਇਨਾਤ ਐੱਸ. ਪੀ. ਹਰਮੀਕ ਸਿੰਘ ਦਿਉਲ ਦੀ ਜਿਵੇਂ ਹੀ ਨਜ਼ਰ ਉਕਤ ਵਿਅਕਤੀ ‘ਤੇ ਪਈ ਤਾਂ ਉਨ੍ਹਾਂ ਨੇ ਉਸ ਨੂੰ ਘੇਰ ਲਿਆ ਅਤੇ ਤਲਾਸ਼ੀ ਲੈਣ ‘ਤੇ ਉਸ ਕੋਲੋਂ ਰਿਵਾਲਵਰ ਬਰਾਮਦ ਹੋਇਆ। ਉਦੋਂ ਹੀ ਥਾਣਾ ਮੁਖੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਰਿਵਾਲਵਰ ਉਨ੍ਹਾਂ ਦਾ ਹੈ ਜਦਕਿ ਉਕਤ ਵਿਅਕਤੀ ਵੀ ਉਨ੍ਹਾਂ ਦਾ ਨਿੱਜੀ ਲਾਂਗਰੀ ਹੈ। ਸੁਰੱਖਿਆ ਅਧਿਕਾਰੀ ਨੇ ਥਾਣਾ ਮੁਖੀ ਨੂੰ ਝਾੜ ਪਾਈ ਅਤੇ ਕਿਹਾ ਕਿ ਉਕਤ ਉਸ ਦਾ ਰਿਵਾਲਵਰ ਲਾਂਗਰੀ ਕੋਲ ਕਿਵੇਂ ਪਹੁੰਚਿਆ। ਉਸ ਦੀ ਕੀ ਪਛਾਣ ਹੈ, ਜਦਕਿ ਥਾਣਾ ਮੁਖੀ ਉਦੋਂ ਸਿਵਲ ਵਰਦੀ ‘ਚ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੁਰੱਖਿਆ ਅਧਿਕਾਰੀ ਨੇ ਇਸ ਦੀ ਸੂਚਨਾ ਤੁਰੰਤ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੂੰ ਦਿੱਤੀ, ਜਿਨ੍ਹਾਂ ਕਿਹਾ ਕਿ ਉਹ ਥਾਣਾ ਮੁਖੀ ਵਿਰੁੱਧ ਕਾਰਵਾਈ ਕਰਨਗੇ। ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਪਾਲੀ ਨਾਮਕ ਲਾਂਗਰੀ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਹੈ, ਹੈਰਾਨੀ ਦੀ ਗੱਲ ਹੈ ਕਿ ਲਾਂਗਰੀ ‘ਤੇ ਕੋਈ ਕਾਰਵਾਈ ਨਹੀਂ ਹੋਈ।

You must be logged in to post a comment Login