ਸਾਲ 2019 ਪੰਜਾਬ ਲਈ ਵਾਤਾਵਰਨ ਦੇ ਪੱਖ ਤੋਂ ਸੁਖਾਵਾਂ ਰਿਹਾ

ਸਾਲ 2019 ਪੰਜਾਬ ਲਈ ਵਾਤਾਵਰਨ ਦੇ ਪੱਖ ਤੋਂ ਸੁਖਾਵਾਂ ਰਿਹਾ

ਜਲੰਧਰ-ਵਾਤਾਵਰਨ ਪੱਖ ਤੋਂ ਨਿੱਘਰ ਰਹੀ ਪੰਜਾਬ ਦੀ ਹਾਲਤ ਲਈ ਸਾਲ 2019 ਨੂੰ ਇੱਕ ਸੁਖਾਵੇਂ ਸਾਲ ਵਜੋਂ ਯਾਦ ਕੀਤਾ ਜਾਵੇਗਾ। ਪੰਜਾਬ ਦੇ ਸ਼ਹਿਰਾਂ ਵਿੱਚ ਗੰਦਗੀ ਫੈਲਾਉਣ ਲਈ ਜ਼ਿੰਮੇਵਾਰ ਸਮਝੇ ਜਾਂਦੇ ਸਥਾਨਕ ਵਿਭਾਗ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਜ਼ਿੰਮੇਵਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੋਵੇਂ ਵਿਭਾਗ ਹੀ ਐਨਜੀਟੀ ਦੀ ਕਾਰਵਾਈ ਕਾਰਨ ਕਟਹਿਰੇ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਸਾਰਾ ਸਾਲ ਪੰਜਾਬ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਮੁਸਤੈਦੀ ਨਾਲ ਸਰਗਰਮ ਰਹੇ। ਖਾਸ ਕਰ ਕੇ ਪੰਜਾਬ ਦੇ ਦਰਿਆਵਾਂ ਵਿੱਚ ਪੈ ਰਹੀ ਗੰਦਗੀ ਨੂੰ ਰੋਕਣ ਲਈ ਐਨਜੀਟੀ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੀ ਛਾਪੇਮਾਰੀ ਦੌਰਾਨ ਸੰਤ ਸੀਚੇਵਾਲ ਦੀ ਅਹਿਮ ਭੂਮਿਕਾ ਰਹੀ। ਪੰਜਾਬ ਦੀ ਸਭ ਤੋਂ ਦੂਸ਼ਿਤ ਮੰਨੀ ਜਾਣ ਵਾਲੀ ਕਾਲਾ ਸੰਘਿਆਂ ਡਰੇਨ ਵਿਚ ਜ਼ਹਿਰੀਲੇ ਪਾਣੀ ਦੀ ਪਹਿਲਾਂ ਦੀ ਮੁਕਾਬਲੇ ਮਿਕਦਾਰ ਘਟੀ।
ਨਿਗਰਾਨ ਕਮੇਟੀ ਨੇ ਪੰਜਾਬ ਸਰਕਾਰ ਦੇ ਦੋ ਪ੍ਰਿੰਸੀਪਲ ਸਕੱਤਰਾਂ ਵਿਰੁੱਧ ਕਾਰਵਾਈ ਕਰਨ ਲਈ ਐਨਜੀਟੀ ਨੂੰ ਸਿਫਾਰਸ਼ ਕਰਨ ਅਤੇ ਨਿਗਰਾਨ ਕਮੇਟੀ ਵੱਲੋਂ ਮਾਰੇ ਗਏ ਛਾਪਿਆਂ ਕਾਰਨ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਤੱਕ ਦਹਿਸ਼ਤ ਬਣੀ ਰਹੀ। ਮੀਟਿੰਗਾਂ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਈ ਅਧਿਕਾਰੀਆਂ ਤੇ ਸਨਅਤਕਾਰਾਂ ਨੇ ਰਿਸ਼ਵਤ ਲੈਣ ਦੇ ਦੋਸ਼ ਵੀ ਲਾਏ। ਕਈ ਸਨਅਤਾਂ ਨੂੰ ਕਰੋੜਾਂ ਵਿੱਚ ਜੁਰਮਾਨੇ ਵੀ ਹੋਏ। ਨਿਗਰਾਨ ਕਮੇਟੀ ਦੇ ਮੁਖੀ ਪ੍ਰੀਤਮ ਪਾਲ ਦੀ ਥਾਂ ਜਸਟਿਸ ਜਸਵੀਰ ਸਿੰਘ ਦੀ ਨਿਯੁਕਤੀ ਵੀ ਇਸੇ ਸਾਲ ਅਗਸਤ ਵਿੱਚ ਹੋਈ ਸੀ। ਇਸ ਕਮੇਟੀ ਨੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਖੰਨਾ, ਪਠਾਨਕੋਟ ਅਤੇ ਹੋਰ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਲੁਧਿਆਣੇ ਦੀਆਂ ਚਾਰ ਸਨਅਤਾਂ ਨੂੰ 1 ਕਰੋੜ 10 ਲੱਖ ਦੇ ਜੁਰਮਾਨੇ ਕੀਤੇ ਗਏ। ਛਾਪੇਮਾਰੀ ਦੌਰਾਨ ਸ਼ਹਿਰਾਂ ਵਿਚ ਲੱਗੇ ਟਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ ਤੋਂ ਨਿਗਰਾਨ ਕਮੇਟੀ ਦੇ ਮੈਂਬਰ ਸੰਤੁਸ਼ਟ ਨਹੀਂ ਹੋਏ। ਇਸ ਲਈ ਉਨ੍ਹਾਂ ਨੇ ਸੀਵਰੇਜ ਬੋਰਡ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਖਿਚਾਈ ਕੀਤੀ।
ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਾਤਾਵਰਣ ਦੇ ਤੌਰ ’ਤੇ ਮਨਾਇਆ ਗਿਆ । ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਤਹਿਤ 2 ਲੱਖ ਤੋਂ ਵੱਧ ਬੂਟੇ ਲਗਾਏ ਗਏ। ਪਿੰਡਾਂ ਵਾਲਿਆਂ ਨੂੰ ਇਹ ਬੂਟੇ ਮੁਫ਼ਤ ਵੰਡੇ ਗਏ। ਸੀਚੇਵਾਲ ਮਾਡਲ ਨੂੰ ਦੇਖਣ ਲਈ ਬਿਹਾਰ ਸਮੇਤ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ, ਵਿਧਾਇਕ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਪਿੰਡ ਸੀਚੇਵਾਲ ਆਉਂਦੇ ਰਹੇ। ਇਸ ਮਾਡਲ ਨੂੰ ਬਹੁਤ ਸਾਰੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਲਾਗੂ ਕੀਤਾ ਗਿਆ। ਪੰਜਾਬ ਸਰਕਾਰ ਨੇ ਵੀ ਇਸ ਮਾਡਲ ਨੂੰ 250 ਪਿੰਡਾਂ ’ਚ ਲਾਗੂ ਕੀਤਾ। 19 ਅਗਸਤ 2019 ਨੂੰ ਆਏ ਹੜ੍ਹ ਨਾਲ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਸੀ। ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਿੰਡ ਜਾਣੀਆ ਚਾਹਲ ਵਿੱਚ ਪਏ ਸਭ ਤੋਂ ਵੱਡੇ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਰਿਕਾਰਡ ਦਿਨਾਂ ਵਿੱਚ ਪੂਰ ਲਿਆ ਗਿਆ ਸੀ। ਕਿਸਾਨਾਂ ਦੇ ਖੇਤਾਂ ਵਿੱਚ ਪਏ ਵੱਡੇ ਟੋਇਆਂ ਨੂੰ ਵੀ ਕਿਸਾਨਾਂ ਨੇ ਰਲ ਕੇ ਪੂਰਿਆ। ਇਸ ਬੰਨ੍ਹ ਦੀ ਮਜ਼ਬੂਤੀ ਲਈ ਸਤਲੁਜ ਦਰਿਆ ਵਿਚੋਂ ਮਿੱਟੀ ਕੱਢ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਕਾਰ ਸੇਵਾ ਸਾਲ ਦੇ ਅਖੀਰ ਤੱਕ ਵੀ ਚੱਲਦੀ ਰਹੀ।

You must be logged in to post a comment Login