ਸਿਆਸਤ ਨੂੰ ਇਸ਼ਾਰਿਆਂ ‘ਤੇ ਨਚਾਉਣ ਵਾਲੇ ਸਾਧਾਂ ਦਾ ਹਸ਼ਰ

ਸਿਆਸਤ ਨੂੰ ਇਸ਼ਾਰਿਆਂ ‘ਤੇ ਨਚਾਉਣ ਵਾਲੇ ਸਾਧਾਂ ਦਾ ਹਸ਼ਰ

-ਜਤਿੰਦਰ ਪਨੂੰ
ਭਾਰਤ ਦਾ ਮੀਡੀਆ ਹਾਲੇ ਤੱਕ ਡੇਰਾ ਸੱਚਾ ਸੌਦਾ ਵਾਲੇ ਗੁਰਮੀਤ ਰਾਮ ਰਹੀਮ ਸਿੰਘ ਦੀ ਕਥਾ ਕਰਨ ਵਿਚ ਰੁੱਝਾ ਦਿਖਾਈ ਦਿੰਦਾ ਹੈ। ਉਨ੍ਹਾਂ ਲਈ ਇਹ ਕੰਮ ਹਰ ਪੱਖੋਂ ਲਾਹੇਵੰਦਾ ਹੈ। ਦਰਸ਼ਕਾਂ ਦੀ ਵੱਡੀ ਗਿਣਤੀ ਅੱਜ ਕੱਲ੍ਹ ਕਪਿਲ ਸ਼ਰਮਾ ਦਾ ਸ਼ੋਅ ਨਾ ਆਉਣ ਕਾਰਨ ਆਵਾਜ਼ਾਰ ਸੀ। ਉਹ ਦਰਸ਼ਕ ਹੁਣ ਰਾਮ ਰਹੀਮ ਸਿੰਘ ਦੀ ਕਹਾਣੀ ਚਸਕੇ ਲੈ ਕੇ ਸੁਣਦੇ ਹਨ ਤੇ ਮੀਡੀਏ ਵਾਲਿਆਂ ਨੂੰ ਹੋਰ ਕਹਾਣੀਆਂ ਪੇਸ਼ ਕਰਨ ਦੀ ਖੇਚਲ ਨਹੀਂ ਕਰਨੀ ਪੈਂਦੀ। ਜਦੋਂ ਹੋਰ ਕੋਈ ਖਿੱਚ ਪਾਉਣ ਵਾਲਾ ਮੁੱਦਾ ਨਹੀਂ ਹੁੰਦਾ, ਹਨੀਪ੍ਰੀਤ ਕੌਰ ਦੀਆਂ ਵੱਖੋ-ਵੱਖ ਪੋਜ਼ ਦੀਆਂ ਤਸਵੀਰਾਂ ਅਤੇ ਚਟਕਾਰੇ ਲੈ-ਲੈ ਪੇਸ਼ ਕਰਨ ਵਾਲੇ ਕਿੱਸੇ ਉਦੋਂ ਮੇਜ਼ ਦੀ ਦਰਾਜ ਵਿਚੋਂ ਕੱਢ ਲੈਂਦੇ ਹਨ। ਜਦੋਂ ਇਹ ਗੰਦ ਪੇਸ਼ ਕਰਨ ਦੀ ਲੋੜ ਸੀ, ਉਦੋਂ ਮੀਡੀਆ ਸਿਰਸੇ ਵਾਲੇ ਬਾਬੇ ਨੂੰ ‘ਮੈਸੈਂਜਰ ਆਫ ਗਾਡ’ ਵਜੋਂ ਪੇਸ਼ ਕਰਨ ‘ਚ ਲੱਗਾ ਰਹਿੰਦਾ ਸੀ। ਆਪਣੇ ਪਾਪਾਂ ਦੇ ਸਿਆੜਾਂ ਵਿਚ ਬੀਜੇ ਜਾ ਚੁਕੇ ਉਸ ਬਾਬੇ ਕੋਲ ਬਾਹਰ ਆ ਸਕਣ ਦੇ ਬਹੁਤੇ ਮੌਕੇ ਹੁਣ ਨਹੀਂ ਰਹਿ ਗਏ। ਭਾਰਤ ਦੀ ਰਾਜਨੀਤੀ ਵਿਚ ਜਿਨ੍ਹਾਂ ਨੂੰ ਉਸ ਦੀ ਲੋੜ ਪੈਂਦੀ ਰਹਿੰਦੀ ਸੀ, ਉਹ ਵੀ ਉਸ ਨਾਲੋਂ ਨਾਤੇ ਤੋੜ ਰਹੇ ਹਨ। ਇਸ ਦੀ ਉਘੀ ਮਿਸਾਲ ਇਹ ਹੈ ਕਿ ਹਾਲੇ ਇੱਕ ਮਹੀਨਾ ਪਹਿਲਾਂ ਹਰਿਆਣਾ ਸਰਕਾਰ ਨੇ ਸਾਧ ਦੇ ਜਨਮ ਦਿਨ ਮੌਕੇ ਜਿਹੜਾ ਇਕਵੰਜਾ ਲੱਖ ਰੁਪਏ ਦਾ ਚੈਕ ਦਿੱਤਾ ਸੀ, ਉਹ ਹੁਣ ਵਾਪਸ ਲੈ ਲਿਆ ਹੈ। ਸਿਰਫ ਵਾਪਸ ਨਹੀਂ ਲਿਆ, ਵਾਪਸ ਲੈਣ ਦਾ ਐਲਾਨ ਉਸ ਮੰਤਰੀ ਤੋਂ ਕਰਵਾਇਆ ਹੈ, ਜਿਹੜਾ ਇਹ ਚੈਕ ਸਿਰਸੇ ਵਿਚ ਬਾਬੇ ਨੂੰ ਭੇਟ ਕਰਨ ਲਈ ਉਸ ਦੇ ਚਰਨਾਂ ਵਿਚ ਝੁਕਿਆ ਸੀ ਤੇ ਜਿਸ ਦਿਨ ਪੰਚਕੂਲੇ ਵਿਚ ਸਾਧ ਦੀ ਪੇਸ਼ੀ ਹੋਣੀ ਸੀ, ਉਥੇ ਲਿਆਂਦੀ ਭੀੜ ਦੇ ਖਾਣ-ਪੀਣ ਸਮੇਤ ਹੋਰ ਸਾਰੇ ਪ੍ਰਬੰਧਾਂ ਦਾ ਜ਼ਿੰਮਾ ਸੰਭਾਲਦਾ ਰਿਹਾ ਸੀ। ਉਹ ਮੰਤਰੀ ਵੀ ਕਿਸੇ ਅਗਲੀ ਲੋੜ ਲਈ ਹੁਣ ਇੱਕ ਦਮ ਨਵਾਂ ਗੇਅਰ ਲਾਉਣ ਤੁਰ ਪਿਆ ਹੈ।
ਇਨ੍ਹਾਂ ਮਾਮਲਿਆਂ ਵਿਚ ਸਿਰਫ ਸਿਆਸੀ ਲੋੜਾਂ ਨਹੀਂ, ਕਈ ਕਿਸਮ ਦੇ ਹੋਰ ਗੇੜੇ ਵੀ ਪੈ ਜਾਇਆ ਕਰਦੇ ਹਨ, ਜਿਹੜੇ ਸਮਝਣੇ ਏਨੇ ਸੌਖੇ ਨਹੀਂ ਹੁੰਦੇ, ਜਿੰਨੇ ਅਸੀਂ ਸੋਚ ਲੈਂਦੇ ਹਾਂ। ਇਸ ਵਾਰੀ ਡੇਰਾ ਸੱਚਾ ਸੌਦਾ ਰਾਜਨੀਤੀ ਦੀ ਤਿਕੜਮ ਤੋਂ ਬਗੈਰ ਫਸ ਗਿਆ। ਫਸਦੇ ਨੂੰ ਬਚਾਉਣ ਲਈ ਰਾਜਨੀਤੀ ਦੇ ਧਨੰਤਰਾਂ ਨੇ ਪੂਰਾ ਜ਼ੋਰ ਲਾਇਆ, ਪਰ ਜਦੋਂ ਬਚਾਇਆ ਨਹੀਂ ਜਾ ਸਕਿਆ ਤਾਂ ਹੁਣ ਹੋ ਰਹੀਆਂ ਖੇਡਾਂ ਉਸ ਬਾਬੇ ਨਾਲ ਸਬੰਧਤ ਨਹੀਂ, ਬਾਬੇ ਦੀ ਚਾਰ ਹਜ਼ਾਰ ਕਰੋੜ ਦੀ ਜਾਇਦਾਦ ਵਾਲੇ ਡੇਰੇ ਉਤੇ ਕੋਈ ਚੇਲਾ ਬਿਠਾਉਣ ਵਾਸਤੇ ਚੱਲ ਰਹੀਆਂ ਹਨ। ਇਸ ਵਿਚ ਕਈ ਪੱਖਾਂ ਦਾ ਜ਼ੋਰ ਲੱਗਦਾ ਸੁਣਿਆ ਜਾ ਰਿਹਾ ਹੈ। ਬਹੁਤੀ ਸੰਭਾਵਨਾ ਇਹ ਹੈ ਕਿ ਕਦੀ ਬਾਬੇ ਦੇ ਚਰਨਾਂ ਵਿਚ ਇਕਵੰਜਾ ਲੱਖ ਰੁਪਏ ਦਾ ਚੈਕ ਰੱਖ ਕੇ ਮੱਥਾ ਟੇਕਣ ਤੇ ਕਦੀ ਉਹ ਚੈਕ ਮੋੜ ਲਿਆਉਣ ਵਾਲੀ ਧਿਰ ਇਸ ਵਾਰੀ ਹੋਰਨਾਂ ਨੂੰ ਠਿੱਬੀ ਲਾਉਣ ਤੇ ਆਪਣੀ ਮਰਜ਼ੀ ਦਾ ਕੋਈ ਨਵਾਂ ‘ਮਹਾਂਪੁਰਸ਼’ ਪੇਸ਼ ਕਰ ਕੇ ਉਸ ਅੱਡੇ ਉਪਰ ਕਬਜ਼ਾ ਪੱਕਾ ਕਰਨ ਵਿਚ ਕਾਮਯਾਬ ਹੋ ਜਾਵੇਗੀ।
ਸਾਨੂੰ ਪੰਜਾਬ ਦੀ ਰਾਜਨੀਤੀ ਦਾ ਵੀ ਏਦਾਂ ਦੇ ਬਹੁਤ ਸਾਰੇ ਮੌਕਿਆਂ ਦਾ ਤਜਰਬਾ ਹੈ ਅਤੇ ਦੂਜੇ ਰਾਜਾਂ ਦੇ ਡੇਰਿਆਂ ਵਿਚ ਹੁੰਦੇ-ਵਾਪਰਦੇ ਦੀ ਕਨਸੋਅ ਵੀ ਮਿਲ ਜਾਂਦੀ ਹੈ। ਪੰਜਾਬ ਵਿਚ ਤੀਹ ਕੁ ਸਾਲ ਪਹਿਲਾਂ ਅਕਾਲੀਆਂ ਦੇ ਇੱਕ ਧੜੇ ਨੇ ਇੱਕ ਸੋਹਣਾ-ਸੁਨੱਖਾ ਮੁੰਡਾ ਸ਼ਿੰਗਾਰ ਕੇ ਸਿੱਖ ਪੰਥ ਅੱਗੇ ਪੇਸ਼ ਕੀਤਾ ਸੀ। ਬੋਲੀ ਵਿਚ ਮਿਠਾਸ ਸੀ। ਲੋਕਾਂ ਵਿਚ ਜਦੋਂ ਉਹ ਕਾਫੀ ਥਾਂ ਬਣਾ ਗਿਆ ਤਾਂ ਇੱਕ ਦਿਨ ਪੰਥਕ ਰਾਜਨੀਤੀ ‘ਚ ਨਵਾਂ ਉਭਰਦਾ ਆਗੂ ਉਸ ਦੇ ਡੇਰੇ ਕੋਲੋਂ ਲੰਘਣ ਵੇਲੇ ਮਿਲਣ ਚਲਾ ਗਿਆ। ਬਾਬਾ ਬਣ ਚੁਕਾ ਉਹ ਮੁੰਡਾ ਉਸ ਰਾਜਸੀ ਆਗੂ ਦੇ ਬਾਪ ਦੀ ਇੱਜਤ ਕਰਦਾ ਸੀ, ਪਰ ਰਾਜਸੀ ਉਠਾਣ ਦੇ ਨਵੇਂ ਮਹੱਤਵ ਨੂੰ ਨਾ ਸਮਝ ਸਕਿਆ ਤੇ ਬਜ਼ੁਰਗ ਲੀਡਰ ਦੇ ਫਰਜ਼ੰਦ ਨੂੰ ਬਣਦਾ ਸਤਿਕਾਰ ਦੇਣ ਤੋਂ ਖੁੰਝ ਗਿਆ। ਅਗਲੇ ਸਾਲ ਉਹਦੇ ਨਾਲੋਂ ਵੱਧ ਤਿੱਖੀ ਬੋਲੀ ਵਾਲਾ ਉਸ ਨਾਲੋਂ ਕੁਝ ਸਾਲ ਛੋਟਾ ਇੱਕ ਗੱਭਰੂ ਚੁਣ ਕੇ ਪੰਥ ਦੇ ਨਵੇਂ ਕਥਾਕਾਰ ਵਜੋਂ ਪੇਸ਼ ਕਰ ਦਿੱਤਾ ਗਿਆ। ਨਵਾਂ ਬਾਬਾ ਪਹਿਲੇ ਤੋਂ ਵੀ ਵੱਧ ਚਮਕਿਆ। ਅਸੀਂ ਪਿਛਲੇ ਪੰਜਾਹ ਸਾਲਾਂ ਵਿਚ ਕਈ ਬਾਬੇ ਏਦਾਂ ਉਭਰਦੇ ਤੇ ਫਿਰ ਖੂੰਜੇ ਲੱਗਦੇ ਜਾਂ ਲਾਏ ਜਾਂਦੇ ਵੇਖੇ ਹਨ। ਇਹ ਨਵਾਂ ਉਠਿਆ ਬਾਬਾ ਜਦੋਂ ਪੰਥਕ ਰਾਜਨੀਤੀ ਦੇ ਭਵਿੱਖ ਦਾ ਮੁਹਰੈਲ ਸਮਝੇ ਜਾਂਦੇ ਆਗੂ ਦੀ ਅੱਖ ਨਾ ਪਛਾਣ ਸਕਿਆ ਤਾਂ ਕਈ ਲੋਕ ਉਸੇ ਵੇਲੇ ਇਹ ਗੱਲਾਂ ਕਰਨ ਲੱਗ ਪਏ ਕਿ ਹੁਣ ਇਸ ਨੌਜਵਾਨ ਦੇ ਸੌਖੇ ਦਿਨ ਨਹੀਂ ਰਹਿ ਸਕਣੇ। ਫਿਰ ਉਹੋ ਗੱਲ ਹੁੰਦੀ ਵੇਖ ਲਈ। ਹੁਣ ਜੋ ਕੁਝ ਸਿਰਸੇ ਦੇ ਆਂਢ-ਗਵਾਂਢ ਵਾਪਰਦਾ ਦਿਖਾਈ ਦਿੰਦਾ ਹੈ, ਉਸ ਵਿਚੋਂ ਵੀ ਏਦਾਂ ਦੇ ਸੰਕੇਤ ਮਿਲਦੇ ਹਨ।
ਇਸ ਤੋਂ ਪਹਿਲਾਂ ਆਸੂ ਮੱਲ ਉਰਫ ਆਸਾ ਰਾਮ ਦੀ ਕਹਾਣੀ ਵੀ ਇਹੋ ਸੀ। ਪਾਕਿਸਤਾਨ ਵਿਚ ਰਹਿ ਗਏ ਸਿੰਧ ਦੇ ਨਵਾਬਸ਼ਾਹ ਜ਼ਿਲ੍ਹੇ ਵਿਚ ਜਨਮੇ ਆਸੂ ਮੱਲ ਨੇ ਇੰਦਰਾ ਗਾਂਧੀ ਦੇ ਰਾਜ ਦੌਰਾਨ ਗੁਜਰਾਤ ਵਿਚ ਜਦੋਂ ਡੇਰਾ ਸ਼ੁਰੂ ਕੀਤਾ ਤਾਂ ਉਸ ਨਾਲ ਚਾਰ-ਪੰਜ ਪੱਕੇ ਜੋੜੀਦਾਰ ਸਨ ਜਿਹੜੇ ਨਾਲ ਦੇ ਪਿੰਡਾਂ ਤੋਂ ਰਾਸ਼ਣ ਮੰਗਣ ਜਾਇਆ ਕਰਦੇ ਸਨ। ਹੌਲੀ-ਹੌਲੀ ਇਹ ਟੋਲੀ ਉਥੇ ਰਾਜ ਕਰਦੀ ਕਾਂਗਰਸ ਪਾਰਟੀ ਨਾਲ ਜੁੜ ਗਈ ਅਤੇ ਇਨ੍ਹਾਂ ਦੇ ਪਿੱਛੇ ਖੜੀਆਂ ਵੋਟਾਂ ਦੀ ਝਾਕ ਵਿਚ ਕਾਂਗਰਸ ਦੇ ਮੰਤਰੀ ਉਥੇ ਆਉਣ ਲੱਗ ਪਏ। ਕਾਂਗਰਸੀ ਸਰਕਾਰ ਨੇ ਇਨ੍ਹਾਂ ਨੂੰ ਬੜਾ ਵੱਡਾ ਪਲਾਟ ਮੁੱਖ ਮੰਤਰੀ ਕੋਟੇ ਵਿਚੋਂ ਦੇ ਦਿੱਤਾ ਤੇ ਇਹ ਆਨੇ-ਬਹਾਨੇ ਉਸ ਪਾਰਟੀ ਦਾ ਪੱਖ ਪੂਰਦੇ ਰਹੇ, ਪਰ ਜਦੋਂ ਕੁਝ ਸਾਲਾਂ ਬਾਅਦ ਉਥੇ ਭਾਜਪਾ ਸਰਕਾਰ ਬਣਦੀ ਦਿਖਾਈ ਦੇਣ ਲੱਗੀ, ਉਦੋਂ ਲੋਕਾਂ ਦਾ ਮੂਡ ਵੇਖ ਕੇ ਗੁਪਤ ਸੌਦੇ ਹੇਠ ਆਸਾ ਰਾਮ ਉਨ੍ਹਾਂ ਨਾਲ ਜੁੜ ਗਿਆ। ਸਰਕਾਰ ਬਣਦੇ ਸਾਰ ਕਾਂਗਰਸ ਦੇ ਦਿੱਤੇ ਪਲਾਟ ਨਾਲੋਂ ਵੱਡਾ ਪਲਾਟ ਭਾਜਪਾ ਵਾਲਿਆਂ ਦੇ ਦਿੱਤਾ। ਆਸਾ ਰਾਮ ਨੂੰ ਉਨ੍ਹਾਂ ਨਾਲ ਨਿਭੀ ਜਾਣ ਵਿਚ ਔਖ ਨਹੀਂ ਸੀ, ਪਰ ਜਦੋਂ ਗੁਜਰਾਤ ਦੀ ਰਾਜਨੀਤੀ ਵਿਚ ਨਰਿੰਦਰ ਮੋਦੀ ਦਾ ਉਭਾਰ ਹੋ ਰਿਹਾ ਸੀ, ਉਦੋਂ ਆਸਾ ਰਾਮ ਕੋਲੋਂ ਅੰਦਾਜ਼ੇ ਦੀ ਗਲਤੀ ਹੋ ਗਈ। ਸਰਕਾਰੀ ਤੇ ਗੈਰ ਸਰਕਾਰੀ ਜ਼ਮੀਨਾਂ ਉਤੇ ਹੱਦ ਤੋਂ ਵੱਧ ਖਿਲਾਰਾ ਪਾ ਕੇ ਆਪਣੇ ਆਪ ਨੂੰ ਵੱਡੀ ਹਸਤੀ ਵਜੋਂ ਪੇਸ਼ ਕਰਨ ਦਾ ਸ਼ੌਕੀਨ ਬਣ ਚੁਕਾ ਆਸਾ ਰਾਮ ਨਰਿੰਦਰ ਮੋਦੀ ਦੇ ਖਿਲਾਫ ਮੋਰਚਾ ਖੋਲ੍ਹ ਬੈਠਾ। ਅੱਗੋਂ ਮੋਦੀ ਨੇ ਸਰਕਾਰੀ ਅਫਸਰ ਭੇਜੇ ਅਤੇ ਇੱਕੋ ਹੱਲੇ ਵਿਚ ਆਸਾ ਰਾਮ ਦੇ ਆਸ਼ਰਮ ਹੇਠਲੀ ਸਤਾਹਠ ਹਜ਼ਾਰ ਏਕੜ ਜਮੀਨ ਛੁਡਵਾ ਲਈ। ਇਸ ਨਾਲ ਆਸਾ ਰਾਮ ਦੇ ਮੰਦੇ ਦਿਨ ਚੱਲ ਪਏ। ਕਾਂਗਰਸ ਤੋਂ ਆਸਾ ਰਾਮ ਨੂੰ ਇਸ ਮੌਕੇ ਮਦਦ ਦੀ ਝਾਕ ਸੀ, ਪਰ ਉਨ੍ਹਾਂ ਨੇ ਚੁਫੇਰਗੜ੍ਹੀਏ ਬਲਾਤਕਾਰੀ ਆਸਾ ਰਾਮ ਦੀ ਮਦਦ ਕੀ ਕਰਨੀ, ਦਿੱਲੀ ਵਿਚ ਉਹ ਕੇਸ ਕਾਂਗਰਸੀ ਸਰਕਾਰ ਵੇਲੇ ਆਸਾ ਰਾਮ ਉਤੇ ਦਰਜ ਹੋਇਆ, ਜਿਸ ਕਾਰਨ ਉਹ ਅੱਜ ਤੱਕ ਜੇਲ੍ਹ ਵਿਚ ਹੈ। ਉਸ ਨਾਲ ਜਿੰਨੀ ਹੋਈ-ਬੀਤੀ ਸੀ, ਉਹ ਕਈਆਂ ਨਾਲ ਵਾਪਰੀ ਹੈ ਤੇ ਕਈਆਂ ਨਾਲ ਅੱਗੋਂ ਵੀ ਵਾਪਰ ਸਕਦੀ ਹੈ।
ਪੰਜਾਬ ਵਿਚ ਇਸ ਦੀ ਇੱਕ ਮਿਸਾਲ ਨਿਹੰਗ ਲੀਡਰ ਅਜੀਤ ਸਿੰਘ ਪੂਹਲਾ ਸੀ, ਜੋ ਗਵਰਨਰੀ ਰਾਜ ਵਿਚ ਕਾਂਗਰਸੀ ਲੀਡਰਾਂ ਦੀ ਕ੍ਰਿਪਾ ਨਾਲ ਉਭਰਿਆ ਸੀ। ਹਾਲਾਤ ਬਦਲੇ ਤਾਂ ਪਹਿਲੀ ਵਾਰ ਬਣੀ ਅਕਾਲੀ-ਭਾਜਪਾ ਸਰਕਾਰ ਦੇ ਨੇੜੇ ਜਾਣ ਦੇ ਯਤਨ ਕਰਨ ਲੱਗ ਪਿਆ। ਜਦੋਂਂ ਬਾਬਾ ਬਕਾਲਾ ਵਿਚ ਕਾਨਫਰੰਸ ਕਰਨ ਲਈ ਅਕਾਲੀਆਂ ਨੂੰ ਥਾਂ ਨਹੀਂ ਸੀ ਮਿਲੀ, ਉਸ ਨੇ ਆਪਣੇ ਡੇਰੇ ਵਿਚ ਕਾਨਫਰੰਸ ਕਰਨ ਦੀ ਪੇਸ਼ਕਸ਼ ਕਰ ਦਿੱਤੀ। ‘ਕੈਮਲ ਐਂਡ ਦ ਮਰਚੈਂਟ’ ਦੀ ਪੁਰਾਣੀ ਕਹਾਣੀ ਵਾਂਗ ਊਠ ਨੂੰ ਵੜਨ ਦਾ ਮੌਕਾ ਦੇਣ ਦੀ ਭੁੱਲ ਜਿਵੇਂ ਵਪਾਰੀ ਨੂੰ ਮਹਿੰਗੀ ਪਈ ਤੇ ਫਿਰ ਊਠ ਨੇ ਉਸ ਨੂੰ ਬਾਹਰ ਕੱਢ ਦਿੱਤਾ ਸੀ, ਅਜੀਤ ਸਿੰਘ ਪੂਹਲੇ ਨੂੰ ਵੀ ਇਹੋ ਪੇਸ਼ਕਸ਼ ਮਹਿੰਗੀ ਪੈ ਗਈ। ਇਸ ਤੋਂ ਬਾਕੀ ਬਾਬੇ ਕੁਝ ਨਹੀਂ ਸਿੱਖ ਸਕੇ। ਸਿਰਸੇ ਦੇ ਸੱਚਾ ਸੌਦਾ ਡੇਰੇ ਵਾਲਾ ਬਾਬਾ ‘ਰੱਬ ਨੇੜੇ ਕਿ ਘਸੁੰਨ’ ਦੇ ਫਾਰਮੂਲੇ ਵਾਂਗ ਜਿਹੜੀ ਧਿਰ ਰਾਜ ਕਰ ਰਹੀ ਹੁੰਦੀ ਸੀ, ਉਸੇ ਨਾਲ ਅੱਖ ਮਿਲ ਕੇ ਤੁਰ ਪੈਂਦਾ ਸੀ, ਪਰ ਜਦੋਂ ਉਸ ਧਿਰ ਦੀ ਸੱਤਾ ਤੋਂ ਦੂਰੀ ਵੇਖਦਾ ਤਾਂ ਕਾਂਟਾ ਬਦਲ ਜਾਂਦਾ ਸੀ। ਮੁੱਖ ਮੰਤਰੀ ਹੁੰਦਿਆਂ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਭੁਗਤਿਆ, ਪਰ ਅਮਰਿੰਦਰ ਸਿੰਘ ਦੀ ਧਿਰ ਜਿੱਤ ਨਾ ਸਕੀ ਤੇ ਅਕਾਲੀਆਂ ਨੇ ਰਗੜਾ ਕੱਢ ਦਿੱਤਾ। ਅਗਲੀਆਂ ਦੋ ਵਾਰੀਆਂ ਉਹ ਡਰਦਾ ਅਕਾਲੀਆਂ ਪਿੱਛੇ ਭੁਗਤਿਆ, ਪਰ ਹਰਿਆਣੇ ਦੀਆਂ ਚੋਣਾਂ ਮੌਕੇ ਅਕਾਲੀਆਂ ਦੇ ਕਹਿਣ ਦੇ ਬਾਵਜੂਦ ਅਕਾਲੀਆਂ ਦੇ ਜੋੜੀਦਾਰ ਚੌਟਾਲਿਆਂ ਦੀ ਮਦਦ ਕਰਨ ਤੋਂ ਇਨਕਾਰ ਕਰ ਗਿਆ। ਕਾਰਨ ਇਹ ਸੀ ਕਿ ਉਸ ਦੇ ਕੇਸਾਂ ਦੀ ਜਾਂਚ ਜਿਹੜੀ ਸੀæ ਬੀæ ਆਈæ ਕਰਦੀ ਪਈ ਸੀ, ਉਸ ਦੀ ਕਮਾਨ ਭਾਜਪਾ ਲੀਡਰਸ਼ਿਪ ਦੇ ਕੋਲ ਸੀ। ਇਸ ਤਰ੍ਹਾਂ ਹਰ ਵਾਰੀ ਦਲ-ਬਦਲੀ ਕਰਦਿਆਂ ਉਹ ‘ਬੇਪੇਂਦੇ ਕਾ ਲੋਟਾ’ (ਇੱਕ ਗੋਲ ਥੱਲੇ ਵਾਲਾ ਗੜਵਾ, ਜੋ ਕਿਸੇ ਪਾਸੇ ਵੀ ਰਿੜ੍ਹ ਸਕਦਾ ਹੈ) ਬਣ ਗਿਆ ਤੇ ਉਸ ਦਾ ਸਾਥ ਦੇਣ ਵਾਲੀ ਪੱਕੀ ਧਿਰ ਕੋਈ ਨਹੀਂ ਸੀ ਰਹਿ ਗਈ। ਹੁਣ ਜੇਲ੍ਹ ਵਿਚ ਬੈਠਾ ਉਹ ਵਾਰਸ ਸ਼ਾਹ ਦੇ ਲਫਜ਼ ਯਾਦ ਕਰਦਾ ਹੋਵੇਗਾ, ”ਨਾਲੇ ਰੰਨ ਖੁੱਸੀ, ਨਾਲੇ ਕੰਨ ਪਾਟੇ, ਇਸ ਇਸ਼ਕ ‘ਚੋਂ ਅਸਾਂ ਕੀ ਖੱਟਿਆ ਸੂ।”
ਅਗਲੀ ਗੱਲ ਜਿਹੜੀ ਅਸੀਂ ਕਹਿਣ ਲੱਗੇ ਹਾਂ, ਵੇਲੇ ਤੋਂ ਪਹਿਲਾਂ ਦੀ ਲੱਗ ਸਕਦੀ ਹੈ, ਪਰ ਕਨਸੋਆਂ ਹਨ ਕਿ ਸਿਆਸਤ ਨੂੰ ਆਪਣੇ ਇਸ਼ਾਰਿਆਂ ਉਤੇ ਨੱਚਦੀ ਸਮਝਣ ਵਾਲਾ ਇੱਕ ਹੋਰ ਸਾਧ ਅਗਲੇ ਦਿਨਾਂ ਵਿਚ ਚੱਬ ਹੇਠ ਆ ਸਕਦਾ ਹੈ। ਉਸ ਖਿਲਾਫ ਵੀ ਬੜੇ ਕੇਸ ਬਣੇ ਹੋਏ ਹਨ। ਆਸਾ ਰਾਮ ਵਾਂਗ ਉਹ ਵੀ ਪਹਿਲਾਂ ਕਾਂਗਰਸ ਸਰਕਾਰਾਂ ਤੋਂ ਪਲਾਟ ਤੇ ਗਰਾਂਟਾਂ ਲੈ ਕੇ ਉਠਿਆ ਸੀ, ਫਿਰ ਭਾਜਪਾ ਨਾਲ ਜੁੜ ਕੇ ਆਪਣੇ ਬੰਦਿਆਂ ਨੂੰ ਟਿਕਟਾਂ ਦਿਵਾਉਣ ਅਤੇ ਮੰਤਰੀ ਬਣਵਾਉਣ ਲੱਗਾ ਰਿਹਾ। ਪਿਛਲੇ ਸਮੇਂ ਵਿਚ ਸੁਣਿਆ ਗਿਆ ਹੈ ਕਿ ਉਸ ਦੇ ਖੰਭ ਉਗਣ ਪਿੱਛੋਂ ਉਸ ਦੀ ਉਡਾਰੀ ਨੂੰ ਨੋਟ ਕਰਨ ਵਾਲੇ ਕਰੀ ਜਾਂਦੇ ਹਨ। ਚੱਬ ਹੇਠ ਆ ਗਿਆ ਤਾਂ ਉਹ ਵੀ ਇੱਕ ਹੀ ਹੋਵੇਗਾ, ਇੱਕੋ ਇੱਕ ਨਹੀਂ ਹੋਣਾ।

You must be logged in to post a comment Login