ਸਿਨੇਮਾਘਰਾਂ ‘ਚ ਫਿਊਜ਼ ਹੋਇਆ ‘ਲਾਟੂ’

ਸਿਨੇਮਾਘਰਾਂ ‘ਚ ਫਿਊਜ਼ ਹੋਇਆ ‘ਲਾਟੂ’

ਸਿਨੇਮਾਘਰਾਂ ‘ਚ ਅੱਜ ਗਗਨ ਕੋਕਰੀ ਦੀ ਡੈਬਿਊ ਫਿਲਮ ‘ਲਾਟੂ’ ਰਿਲੀਜ਼ ਹੋਈ ਹੈ ਪਰ ਇਹ ਫਿਲਮ ਗਗਨ ਕੋਕਰੀ ਦੇ ਫੈਨਜ਼ ਨੂੰ ਨਿਰਾਸ਼ ਕਰ ਸਕਦੀ ਹੈ। ‘ਲਾਟੂ’ ‘ਚ ਉਂਝ ਮੁੱਖ ਭੂਮਿਕਾ ਗਗਨ ਕੋਕਰੀ ਤੇ ਅਦਿਤੀ ਸ਼ਰਮਾ ਨਿਭਾਅ ਰਹੇ ਹਨ ਪਰ ਦੋਵਾਂ ਦੀ ਅਦਾਕਾਰੀ ਫਿਲਮ ‘ਚ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ ਹੈ। ਫਿਲਮ ਨੂੰ ਕਰਮਜੀਤ ਅਨਮੋਲ ਤੇ ਸਰਦਾਰ ਸੋਹੀ ਨੇ ਆਪਣੀ ਅਦਾਕਾਰੀ ਤੇ ਕਾਮੇਡੀ ਨਾਲ ਸੰਭਾਲਿਆ ਹੈ। ਫਿਲਮ ਦੀ ਕਹਾਣੀ ਫਲੈਸ਼ਬੈਕ ‘ਚ ਚੱਲਦੀ ਹੈ। ਪੁਰਾਣੇ ਸਮੇਂ ‘ਚ ‘ਲਾਟੂ’ ਦੀ ਕੀ ਮਹੱਤਤਾ ਸੀ, ਇਹ ਫਿਲਮ ‘ਚ ਦੇਖਣ ਨੂੰ ਮਿਲੇਗਾ। ਗਗਨ ਕੋਕਰੀ ਨੂੰ ਅਦਿਤੀ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਮੁਸ਼ਕਿਲ ਇਹ ਹੈ ਕਿ ਦੋਵਾਂ ਦੇ ਪਿਤਾ ਇਕ-ਦੂਜੇ ਤੋਂ ਖਿੱਝਦੇ ਹਨ। ਇਸ ਦੇ ਚਲਦਿਆਂ ਅਦਿਤੀ ਸ਼ਰਮਾ ਦਾ ਪਿਤਾ ਗਗਨ ਕੋਕਰੀ ਨੂੰ 3 ਮਹੀਨੇ ‘ਚ ਆਪਣੇ ਘਰ ‘ਲਾਟੂ’ ਲਗਾਉਣ ਦੀ ਸ਼ਰਤ ਰੱਖਦਾ ਹੈ। ਹੁਣ ਗਗਨ ਆਪਣੇ ਪਿੰਡ ‘ਚ ਬਿਜਲੀ ਲੈ ਕੇ ਆਉਂਦੇ ਹਨ ਜਾਂ ਨਹੀਂ, ਇਹ ਤੁਸੀਂ ਫਿਲਮ ‘ਚ ਦੇਖੋਗੇ। ਕੁਲ ਮਿਲਾ ਕੇ ਜਿੰਨੀ ਫਿਲਮ ਤੋਂ ਉਮੀਦ ਕੀਤੀ ਗਈ ਸੀ, ਉਸ ‘ਤੇ ‘ਲਾਟੂ’ ਖਰੀ ਨਹੀਂ ਉਤਰੀ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ ‘ਚ ਵੀ ਖਿੱਚ ਦੇਖਣ ਨੂੰ ਨਹੀਂ ਮਿਲੀ। ਇਸ ਦਾ ਕਾਰਨ ਫਿਲਮ ਦੀ ਸਟਾਰਕਾਸਟ ਵਲੋਂ ਨਾਮਾਤਰ ਕੀਤੀ ਗਈ ਪ੍ਰਮੋਸ਼ਨ ਹੈ, ਜਿਸ ਦੇ ਚਲਦਿਆਂ ਦਰਸ਼ਕ ਸਿਨੇਮਾਘਰਾਂ ਤਕ ਨਹੀਂ ਪਹੁੰਚ ਸਕੇ। ਜੇਕਰ ਤੁਸੀਂ ਇਹ ਫਿਲਮ ਦੇਖ ਲਈ ਹੈ ਜਾਂ ਫਿਰ ਦੇਖਣ ਜਾ ਰਹੇ ਹੋ ਤਾਂ ਫਿਰ ਸਾਨੂੰ ਆਪਣੇ ਰੀਵਿਊਜ਼ ਦੇਣਾ ਨਾ ਭੁੱਲਣਾ। ਅਸੀਂ ਇਸ ਫਿਲਮ ਨੂੰ 5 ‘ਚੋਂ ਦਿੰਦੇ ਹਾਂ 2.5 ਸਟਾਰਜ਼।

You must be logged in to post a comment Login