ਸਿਸੋਦੀਆ ਤੇ ਖਹਿਰਾ ਧੜੇ ਵਿਚਾਲੇ ਮੀਟਿੰਗ ਬੇਸਿੱਟਾ

ਸਿਸੋਦੀਆ ਤੇ ਖਹਿਰਾ ਧੜੇ ਵਿਚਾਲੇ ਮੀਟਿੰਗ ਬੇਸਿੱਟਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਨਾਲ ਗਏ ਸੱਤ ਵਿਧਾਇਕਾਂ ਨਾਲ ਮੀਟਿੰਗ ਕੀਤੀ। ਦੋਵਾਂ ਧਿਰਾਂ ਵਿਚਕਾਰ ਗੱਲ ਟੁੱਟਣ ਕਾਰਨ ਪਾਰਟੀ ਦੇ ਦੋਫਾੜ ਹੋਣ ਦੀ ਸੰਭਾਵਨਾ ਬਣ ਗਈ ਹੈ।
ਮੀਟਿੰਗ ਬੇਸਿੱਟਾ ਰਹਿਣ ਮਗਰੋਂ ਸ੍ਰੀ ਖਹਿਰਾ ਨੇ 2 ਅਗਸਤ ਨੂੰ ਬਠਿੰਡਾ ਵਿੱਚ ਕਨਵੈਨਸ਼ਨ ਬਰਕਰਾਰ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਹਿੱਤਾਂ ਉੱਪਰ ਪਹਿਰਾ ਦੇਣਗੇ। ਉਨ੍ਹਾਂ ਸ੍ਰੀ ਸਿਸੋਦੀਆ ਨੂੰ ਵੀ 2 ਅਗਸਤ ਦੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਗੱਲਬਾਤ ਵਿੱਚ ਵਿਸ਼ਵਾਸ ਰਖਦੇ ਹਨ, ਪਰ ਮੀਟਿੰਗ ਵਿੱਚ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਕੰਵਰ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਪਾਰਟੀ ਦੇ ਮੁੱਖ ਅਹੁਦੇਦਾਰਾਂ ਵਿੱਚ ਕੋਈ ਵੀ ਦਲਿਤ ਨਹੀਂ ਹੈ ਅਤੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਕੇ ਦਲਿਤ ਪੱਤਾ ਖੇਡਿਆ ਜਾ ਰਿਹਾ ਹੈ। ਉਂਜ ਇਨ੍ਹਾਂ ਸਾਰੇ ਆਗੂਆਂ ਨੇ ਕਿਹਾ ਕਿ ਉਹ ਕੋਈ ਵੱਖਰੀ ਪਾਰਟੀ ਨਹੀਂ ਬਣਾ ਰਹੇ ਅਤੇ ਪਾਰਟੀ ਦੇ ਨਾਲ ਖੜ੍ਹੇ ਹਨ।
ਦੂਸਰੇ ਪਾਸੇ ਸ੍ਰੀ ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿੱਚ ਦਲਿਤ ਭਾਈਚਾਰੇ ਦੀ ਵੱਡੀ ਆਬਾਦੀ ਹੈ ਅਤੇ ਉਨ੍ਹਾਂ ਪੰਜਾਬ ਵਿੱਚ ਹਰਪਾਲ ਸਿੰਘ ਚੀਮਾ ਨੂੰ ਇਸੇ ਲਈ ਵਿਰੋਧੀ ਧਿਰ ਦਾ ਆਗੂ ਬਣਾਇਆ ਹੈ ਕਿਉਂਕਿ ਪਾਰਟੀ ਬਣੀ ਹੀ ਗਰੀਬਾਂ ਤੇ ਦਲਿਤ ਵਰਗ ਨੂੰ ਅੱਗੇ ਲਿਆਉਣ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਤੇ ਲੀਡਰਸ਼ਿਪ ਨਾਲ ਵਿਚਾਰ ਕਰਕੇ ਹੀ ਸ੍ਰੀ ਚੀਮਾ ਨੂੰ ਨਿਯੁਕਤ ਕੀਤਾ ਹੈ ਅਤੇ ਇਹ ਫ਼ੈਸਲਾ ਦਿੱਲੀ ਹਾਈ ਕਮਾਂਡ ਦਾ ਨਹੀਂ ਹੈ। ਉਨ੍ਹਾਂ ਸ੍ਰੀ ਖਹਿਰਾ ਵੱਲੋਂ 2 ਅਗਸਤ ਨੂੰ ਬੁਲਾਈ ਕਨਵੈਨਸ਼ਨ ਬਾਰੇ ਕਿਹਾ ਕਿ ਉਨ੍ਹਾਂ ਕਿਸੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਦਾ ਕੋਈ ਫ਼ੈਸਲਾ ਨਹੀਂ ਕੀਤਾ। ਸ੍ਰੀ ਸਿਸੋਦੀਆ ਨੇ ਕਿਹਾ ਕਿ ਮੀਟਿੰਗ ਉਨ੍ਹਾਂ ਨੇ ਸੱਦੀ ਸੀ, ਜਿਸ ਕਾਰਨ ਸ੍ਰੀ ਕੇਜਰੀਵਾਲ ਮੀਟਿੰਗ ’ਚ ਨਹੀਂ ਆਏ। ਦਰਅਸਲ ਸ੍ਰੀ ਸਿਸੋਦੀਆ ਨੇ ਵਿਧਾਇਕਾਂ ਨਾਲ ਸ਼ਾਮ 6 ਵਜੇ ਮੀਟਿੰਗ ਰੱਖੀ ਸੀ, ਪਰ ਸ੍ਰੀ ਖਹਿਰਾ ਰਾਤ 8 ਵਜੇ ਦੇ ਕਰੀਬ ਦਿੱਲੀ ਪੁੱਜੇ। ਸ੍ਰੀ ਖਹਿਰਾ ਨੇ ਅੱਜ ਦਿੱਲੀ ਜਾਣ ਤੋਂ ਪਹਿਲਾਂ ਬਰਨਾਲਾ ਵਿੱਚ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਕੇ 2 ਅਗਸਤ ਦੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਉਸ ਤੋਂ ਬਾਅਦ ਸ੍ਰੀ ਖਹਿਰਾ ਨੇ ਆਪਣੇ 7 ਹਮਾਇਤੀ ਵਿਧਾਇਕਾਂ ਨਾਲ ਬਾਅਦ ਦੁਪਹਿਰ ਅੰਬਾਲਾ ਵਿੱਚ ਮੀਟਿੰਗ ਕੀਤੀ। ਉਨ੍ਹਾਂ ਨਾਲ ਕੰਵਰ ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਰੁਪਿੰਦਰ ਰੂਬੀ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਹਿੱਸੋਵਾਲ ਅਤੇ ਮਾਸਟਰ ਬਲਦੇਵ ਸਿੰਘ ਸਨ।  ਇਹ ਮੀਟਿੰਗ ਸ੍ਰੀ ਸਿਸੋਦੀਆ ਦੀ ਕੋਠੀ ਵਿੱਚ ਹੋਈ ਅਤੇ ਉਸ ਵੇਲੇ ਸ੍ਰੀ ਕੇਜਰੀਵਾਲ ਉਥੇ ਨਹੀਂ ਸਨ। ਪਹਿਲਾਂ ਐੱਚਐਸ ਫੂਲਕਾ ਵੀ ਮੀਟਿੰਗ ਵਿੱਚ ਸ਼ਾਮਲ ਹੋਏ ਪਰ ਉਹ ਮੀਟਿੰਗ ਵਿੱਚੋਂ ਹੀ ਉਠ ਕੇ ਸਵਾ ਨੌਂ ਵਜੇ ਦੇ ਕਰੀਬ ਵਾਪਸ ਚਲੇ ਗਏ। ਉੱਧਰ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ 2 ਅਗਸਤ ਨੂੰ ਬਠਿੰਡਾ ਵਿੱਚ ਬੁਲਾਈ ਕਨਵੈਨਸ਼ਨ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਇਸੇ ਦੌਰਾਨ ਪਾਰਟੀ ਦੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਅਤੇ ਅਸਟਰੇਲੀਆ ਦੇ ਕੁਝ ਐਨਆਰਆਈ ਵਿੰਗਾਂ ਦੇ ਆਗੂੁਆਂ ਨੇ ਪੰਜਾਬ ਦੇ ਸਮੂਹ ਵਿਧਾਇਕਾਂ ਦੇ ਨਾਂ ਪੱਤਰ ਲਿਖ ਕੇ ਸ੍ਰੀ ਖਹਿਰਾ ਵੱਲੋਂ ਬੁਲਾਈ ਕਨਵੈਨਸ਼ਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

You must be logged in to post a comment Login