ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨ ਦੀ ਤਿਆਰੀ

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨ ਦੀ ਤਿਆਰੀ

ਚੰਡੀਗੜ੍ਹ- ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਜਲਦੀ ਹੀ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕੀਤਾ ਜਾਵੇਗਾ ਅਤੇ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਨੇੜਲੇ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਸਬੰਧੀ ਵਿਭਾਗ ਵਲੋਂ ਖਾਕਾ ਤਿਆਰ ਕਰ ਲਿਆ ਗਿਆ ਹੈ ਜਿਸ ਬਾਰੇ ਅੰਤਿਮ ਫ਼ੈਸਲਾ ਸਰਵੇਖਣ ਕਰਵਾਉਣ ਤੋਂ ਬਾਅਦ ਲਿਆ ਜਾਵੇਗਾ। ਇਸ ਤੋਂ ਇਲਾਵਾ ਵਿਭਾਗ ਨੇ ਖ਼ਸਤਾ ਹਾਲ ਸਕੂਲਾਂ ਦਾ ਵੇਰਵਾ ਵੀ ਮੰਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਵੇਰਵਾ ਸਕੂਲ ਮੁਖੀਆਂ ਤੋਂ ਮੰਗਿਆ ਸੀ, ਜਿਸ ਤੋਂ ਸਾਹਮਣੇ ਆਇਆ ਕਿ ਤਕਰੀਬਨ 15 ਸਕੂਲਾਂ ਵਿੱਚ ਬਹੁਤ ਘੱਟ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਇੱਥੇ ਤਾਇਨਾਤ ਅਧਿਆਪਕਾਂ ਦੀ ਗਿਣਤੀ ਵਿਦਿਆਰਥੀ-ਅਧਿਆਪਕ ਅਨੁਪਾਤ ਮੁਤਾਬਕ ਕਿਤੇ ਵੱਧ ਹੈ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ 20 ਦੇ ਕਰੀਬ ਸਕੂਲਾਂ ਵਿੱਚ ਅਧਿਆਪਕ-ਵਿਦਿਆਰਥੀ ਅਨੁਪਾਤ ਕਾਫੀ ਜ਼ਿਆਦਾ ਹੈ ਜਿਸ ਕਰ ਕੇ ਡਾਇਰੈਕਟਰ ਸਕੂਲ ਸਿੱਖਿਆ ਨੇ ਇਨ੍ਹਾਂ ਸਕੂਲਾਂ ਵਿੱਚੋਂ ਵਿਦਿਆਰਥੀਆਂ ਦੀ ਅਦਲਾ-ਬਦਲੀ ਕਰਨ ਲਈ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਕੂਲਾਂ ’ਚੋਂ ਪ੍ਰਾਪਤ ਵੇਰਵੇ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਘੱਟ ਵਿਦਿਆਰਥੀਆਂ ਦੇ ਨਾਲ ਨਾਲ ਇਨ੍ਹਾਂ ਸਕੂਲਾਂ ਵਿੱਚ ਨਾ ਤਾਂ ਫਰਨੀਚਰ ਹੈ ਤੇ ਨਾ ਹੀ ਹੋਰ ਮੁੱਢਲਾ ਢਾਂਚਾ। ਉਨ੍ਹਾਂ ਦੱਸਿਆ ਕਿ ਰੇਲਵੇ ਕਲੋਨੀ ਤੇ ਮੌਲੀ ਕੰਪਲੈਕਸ ਦੇ ਸਰਕਾਰੀ ਸਕੂਲ ਕਿਰਾਏ ਦੀਆਂ ਇਮਾਰਤਾਂ ਵਿੱਚ ਚੱਲ ਰਹੇ ਹਨ ਅਤੇ ਇਨ੍ਹਾਂ ਵਿੱਚ ਇਕ-ਇਕ ਸੈਕਸ਼ਨ ’ਚ 80 ਦੇ ਕਰੀਬ ਵਿਦਿਆਰਥੀ ਹਨ ਜਦੋਂਕਿ ਸਿੱਖਿਆ ਦੇ ਅਧਿਕਾਰੀ ਐਕਟ ਅਨੁਸਾਰ ਇਕ ਸੈਕਸ਼ਨ ਵਿੱਚ 45 ਤੋਂ ਵੱਧ ਵਿਦਿਆਰਥੀ ਨਹੀਂ ਹੋਣੇ ਚਾਹੀਦੇ ਹਨ। ਦੂਜੇ ਪਾਸੇ ਕਈ ਸਕੂਲਾਂ ਦੀਆਂ ਜਮਾਤਾਂ ਵਿੱਚ 20 ਕੁ ਹੀ ਵਿਦਿਆਰਥੀ ਹਨ। ਇਨ੍ਹਾਂ ਸਾਰੇ ਸਕੂਲਾਂ ਦਾ ਖਾਕਾ ਤਿਆਰ ਕਰ ਲਿਆ ਗਿਆ ਹੈ ਜਿਸ ਬਾਰੇ ਦੁਬਾਰਾ ਸਰਵੇਖਣ ਕਰਵਾਇਆ ਜਾਵੇਗਾ ਤੇ ਕਈ ਸਕੂਲਾਂ ਨੂੰ ਬੰਦ ਕੀਤਾ ਜਾਵੇਗਾ। ਵਿਭਾਗ ਦੇ ਇਕ ਹੋਰ ਅਧਿਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਬੁਟਰੇਲਾ ਵਿੱਚ ਸਿਰਫ 130 ਵਿਦਿਆਰਥੀ ਹੀ ਸਿੱਖਿਆ ਹਾਸਲ ਕਰ ਰਹੇ ਹਨ ਜਿਸ ਕਰ ਕੇ ਇਸ ਸਕੂਲ ਨੂੰ ਬੰਦ ਕਰਨ ਦੀ ਯੋਜਨਾ ਹੈ।

You must be logged in to post a comment Login