ਸਿੱਖ-ਮੁਸਲਿਮ ਸਾਂਝਾ ਦੇ ਵਫ਼ਦ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਕੀਤੀ ਵਿੱਤੀ ਸਹਾਇਤਾ

ਸਿੱਖ-ਮੁਸਲਿਮ ਸਾਂਝਾ ਦੇ ਵਫ਼ਦ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਕੀਤੀ ਵਿੱਤੀ ਸਹਾਇਤਾ

ਮਾਲੇਰਕੋਟਲਾ : ਕੇਂਦਰ ਸਰਕਾਰ ਵਲੋਂ ਧਾਰਾ 370 ਹਟਾਏ ਜਾਣ ਕਾਰਨ ਕਸ਼ਮੀਰ ਵਿਚ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਜਿਥੇ ਕਸ਼ਮੀਰੀ ਲੋਕਾਂ ਨੂੰ ਇਕ ਪਾਸੇ ਉਨ੍ਹਾਂ ਦੇ ਘਰਾਂ ‘ਚ ਬੰਦ ਕੀਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਸਮੇਤ ਕਈ ਹੋਰ ਸੂਬਿਆਂ ‘ਚ ਸਿਖਿਆ ਹਾਸਲ ਕਰਨ ਲਈ ਆਏ ਵਿਦਿਆਰਥੀ ਬੁਰੀ ਤਰ੍ਹਾਂ ਫਸ ਗਏ ਹਨ। ਆਦੇਸ਼ ਯੂਨੀਵਰਸਟੀ ਬਠਿੰਡਾ ਵਿਖੇ ਪੜ੍ਹਦੇ ਇਨ੍ਹਾਂ ਮੁਸਲਿਮ ਵਿਦਿਆਰਥੀਆਂ ਦਾ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਅਪਣੇ ਘਰ ਵਾਲਿਆਂ ਨਾਲ ਸੰਪਰਕ ਟੁੱਟਿਆ ਹੋਇਆ ਹੈ।ਇਹ ਵਿਦਿਆਰਥੀ ਜਿਥੇ ਇਕ ਪਾਸੇ ਅਪਣੇ ਘਰ ਵਾਲਿਆਂ ਸਬੰਧੀ ਚਿੰਤਤ ਹਨ ਉਥੇ ਹੀ ਦੂਜੇ ਪਾਸੇ ਇਨ੍ਹਾਂ ਨੂੰ ਮਾਪਿਆਂ ਵਲੋਂ ਦਿਤਾ ਜੇਬ ਖ਼ਰਚਾ ਵੀ ਲਗਭਗ ਖ਼ਤਮ ਹੋਣ ਕਾਰਨ ਇਨ੍ਹਾਂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਇਨ੍ਹਾਂ ਵਿਦਿਆਰਥੀਆਂ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦਸਿਆ ਕਿ ਮਕਾਨ ਮਾਲਕ ਉਨ੍ਹਾਂ ਤੋਂ ਕਰਾਇਆ ਅਤੇ ਬਿਜਲੀ ਦਾ ਬਿਲ ਮੰਗ ਰਹੇ ਹਨ ਜਦੋਂ ਕਿ ਉਨ੍ਹਾਂ ਦੀਆਂ ਜੇਬਾਂ ਖ਼ਾਲੀ ਹਨ ਅਤੇ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਦਾ ਮਸਲਾ ਬਣਿਆ ਹੈ। ਇਨ੍ਹਾਂ ਮਜਬੂਰ ਵਿਦਿਆਰਥੀਆਂ ਦੀ ਬਾਂਹ ਫੜਨ ਲਈ ਇਲਾਕੇ ਦੀ ਮਸ਼ਹੂਰ ਸਮਾਜੀ ਸੰਸਥਾ ਸਿੱਖ ਮੁਸਲਿਮ ਸਾਂਝਾ ਦੇ ਅਹੁਦੇਦਾਰ ਅਤੇ ਮੈਂਬਰ ਇਕ ਵਫ਼ਦ ਦੇ ਰੂਪ ‘ਚ ਇਨ੍ਹਾਂ ਵਿਦਿਆਰਥੀਆਂ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।ਗੱਲਬਾਤ ਦੌਰਾਨ ਸੰਸਥਾ ਦੇ ਪ੍ਰਧਾਨ ਡਾ. ਨਸੀਰ ਅਖ਼ਤਰ ਨੇ ਦਸਿਆ ਕਿ ਉਕਤ ਵਿਦਿਆਰਥੀਆਂ ਕੋਲ ਖ਼ਰਚਾ ਬਿਲਕੁਲ ਖ਼ਤਮ ਹੋ ਚੁਕਾ ਹੈ ਅਤੇ ਉਹ ਨਾ ਤਾਂ ਅਪਣੇ ਘਰ ਵਾਲਿਆਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਖ਼ਰਚਾ ਆਦਿ ਪਹੁੰਚ ਰਿਹਾ ਹੈ। ਉਨ੍ਹਾਂ ਅਨੁਸਾਰ ਇਨ੍ਹਾਂ ਵਿਦਿਆਰਥੀਆਂ ਨੂੰ ਅਪਣੇ ਘਰ ਵਾਲਿਆਂ ਦੀ ਚਿੰਤਾ ਬਹੁਤ ਸਤਾ ਰਹੀ ਹੈ ਅਤੇ ਉਹ ਵਾਪਸ ਅਪਣੇ ਘਰ ਜਾਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਪੈਸੇ ਨਾ ਹੋਣ ਕਾਰਨ ਉਹ ਬੇਬਸ ਹਨ। ਪ੍ਰਧਾਨ ਨਸੀਰ ਅਨੁਸਾਰ ਉਨ੍ਹਾਂ ਦੀ ਸੰਸਥਾ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਜਿਥੇ ਹਰ ਤਰ੍ਹਾਂ ਦਾ ਭਰੋਸਾ ਦਿਤਾ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ ਹੈ ਉੱਥੇ ਹੀ ਉਨ੍ਹਾਂ ਦੀ ਸੰਸਥਾ ਵਲੋਂ ਇਨ੍ਹਾਂ ਦੀ ਵਿੱਤੀ ਮਦਦ ਵੀ ਕੀਤੀ ਗਈ।

You must be logged in to post a comment Login