ਸਿੱਧੂ ਨੂੰ ਚੰਦੂਮਾਜਰਾ ਦਾ ਜਵਾਬ

ਸਿੱਧੂ ਨੂੰ ਚੰਦੂਮਾਜਰਾ ਦਾ ਜਵਾਬ

ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵਰਗਾ ਵਿਅਕਤੀ, ਜੋ ਕਿ ਆਪਣੇ ਕੇਸਾਂ ਦਾ ਕਤਲ ਕਰਦਾ ਹੈ ਅਤੇ ਅਜਿਹੀਆਂ ਧਾਰਮਿਕ ਰੀਤਾਂ ਕਰਦਾ ਹੈ, ਜਿਨ੍ਹਾਂ ਦੀ ਸਿੱਖ ਧਰਮ ਵਿਚ ਸਖ਼ਤ ਮਨਾਹੀ ਹੈ, ਉਹ ਗੁਰਸਿੱਖ ਵਿਅਕਤੀਆਂ ਖ਼ਿਲਾਫ ਆਪਣੀ ਨਫਰਤ ਦਾ ਇਜ਼ਹਾਰ ਕਰਨ ਲਈ ਕਿਹੜੇ ਮੂੰਹ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਇਆ ਸੀ।
ਕਾਂਗਰਸੀ ਆਗੂ ‘ਤੇ ਵਰ੍ਹਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਹ ਸਿੱਖ ਧਰਮ ਬਾਰੇ ਗੱਲ ਕਰਨ ਤੋਂ ਪਹਿਲਾਂ ਸਿੱਖ ਮਰਿਆਦਾ ਦੇ ਸਿਧਾਂਤਾਂ ਦੀ ਜਾਣਕਾਰੀ ਲਵੇ ਅਤੇ ਸਾਬਤ ਸੂਰਤ ਸਿੱਖ ਬਣ ਕੇ ਵਿਖਾਏ। ਉਨ੍ਹਾਂ ਕਿਹਾ ਕਿ ਸਾਨੂੰ ਉਸ ਦੇ ਸਾਬਤ ਸੂਰਤ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਉਸ ਦਾ ਨਿੱਜੀ ਮਾਮਲਾ ਹੈ ਪਰ ਜਦੋਂ ਉਹ ਖੁਦ ਕੇਸਾਂ ਦੀ ਪਵਿੱਤਰਤਾ ਨੂੰ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਅਵੱਗਿਆ ਕਰਦਾ ਹੈ ਅਤੇ ਸਿੱਖ ਧਰਮ ਵਿਚ ਵਰਜਿਤ ਰੀਤਾਂ ਅਤੇ ਕੁਰਬਾਨੀਆਂ ਵਿਚ ਯਕੀਨ ਰੱਖਦਾ ਹੈ ਤਾਂ ਉਸ ਨੂੰ ਕਿਸੇ ਵੀ ਸਿੱਖ ਮਸਲੇ ‘ਤੇ ਬੋਲਣ ਦਾ ਕੋਈ ਹੱਕ ਨਹੀਂ ਹੈ। ਇਸ ਬਾਰੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਿੱਧੂ ਨੇ ਖੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹਾਸੇ ਦਾ ਪਾਤਰ ਬਣਾਇਆ ਹੈ।

You must be logged in to post a comment Login