ਸੀ.ਆਰ.ਪੀ. ਨੇ ਬਿਨਾਂ ਕਿਸੇ ਭੜਕਾਹਟ ਦੇ ਦਰਬਾਰ ਸਾਹਿਬ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ

ਸੀ.ਆਰ.ਪੀ. ਨੇ ਬਿਨਾਂ ਕਿਸੇ ਭੜਕਾਹਟ ਦੇ ਦਰਬਾਰ ਸਾਹਿਬ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ

ਅੰਮ੍ਰਿਤਸਰ : ਜੂਨ 1984 ਸਿੱਖ ਮਾਨਸਿਕਤਾ ਤੇ ਇਕ ਅਜਿਹਾ ਜਖ਼ਮ ਹੈ ਜੋ ਹਰ ਸਾਲ ਨਾਸੂਰ ਬਣ ਕੇ ਵਹਿੰਦਾ ਹੈ ਤੇ ਇਸ ਦੀ ਪੀੜ ਹਰ ਸਿੱਖ ਦੀ ਅੱਖ ਵਿਚੋਂ ਸਾਫ਼ ਨਜ਼ਰ ਆਉਂਦੀ ਹੈ। ਜੂਨ 1984 ਵਿਚ ਭਾਰਤ ਸਰਕਾਰ ਨੇ ਇਕ ਸਾਜ਼ਸ਼ ਤਹਿਤ ਸਿੱਖਾਂ ਨੂੰ ਸਬਕ ਸਿਖਾਉਣ ਲਈ ਦਰਬਾਰ ਸਾਹਿਬ ‘ਤੇ ਹਮਲਾ ਕੀਤਾ। ਇਸ ਹਮਲੇ ਦੀ ਤਿਆਰੀ ਬੜੀ ਦੇਰ ਪਹਿਲਾਂ ਤੋ ਸ਼ੁਰੂ ਹੋ ਚੁੱਕੀ ਸੀ। 28 ਮਈ 1984 ਨੂੰ ਭਾਰਤ ਸਰਕਾਰ ਨੇ ਪੂਰੇ ਪੰਜਾਬ ਵਿਚ ਫ਼ੌਜ ਤੈਨਾਤ ਕਰਨ ਦੇ ਹੁਕਮ ਜਾਰੀ ਕਰ ਦਿਤੇ। ਸ਼ਹਿਰਾਂ ਵਿਚ ਫ਼ੌਜ ਫਿਰ ਰਹੀ ਸੀ।
ਅੰਮ੍ਰਿਤਸਰ ਵਿਚ ਫ਼ੌਜ ਸ਼ਹਿਰ ਤੋਂ ਹਟਵੀ ਮਿਲਟਰੀ ਕੈਂਪਾਂ ਵਿਚ ਸੀ ਪਰ ਸ਼ਹਿਰ ਦੇ ਨਾਲ ਲਗਦੇ ਛੋਟੇ ਕਸਬਿਆਂ ਖਾਸ ਕਰ ਸੁਲਤਾਨਵਿੰਡ ਪਿੰਡ, ਚਾਟੀਵਿੰਡ, ਗੁੰਮਟਾਲਾ ਆਦਿ ਇਲਾਕਿਆਂ ਦੀਆਂ ਕਚੀਆਂ ਫਿਰਨੀਆਂ ਤੇ ਫ਼ੌਜੀ ਗਡੀਆਂ ਸ਼ੂਕਦੀਆਂ ਧੂੜਾ ਪਟ ਰਹੀਆਂ ਸਨ। ਪਿੰਡਾਂ, ਕਸਬਿਆਂ ਵਿਚ ਅੰਮ੍ਰਿਤਧਾਰੀ ਸਿੰਘਾਂ ਨੂੰ ਫ਼ੌਜੀ ਸ਼ੱਕ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸਨ। ਪੰਜਾਬੀ ਸਭਿਆਚਾਰ ਤੋ ਅਨਜਾਣ ਇਹ ਫ਼ੌਜੀ ਸ਼ੱਕ ਪੈਣ ‘ਤੇ ਇਕ ਹੀ ਸਵਾਲ ਪੁਛਦੇ ”ਭਿੰਡਰੀ ਵਾਲੇ ਦਾ ਰਸ ਪਿਆ” ਭਾਵ ਸੰਤ ਭਿੰਡਰਾਂ ਵਾਲਿਆਂ ਤੋਂ ਅੰਮ੍ਰਿਤ ਛਕਿਆ।
ਸਾਰੇ ਪਾਸੇ ਫੈਲੀ ਚੁੱਪ ਕਿਸੇ ਸੰਭਾਵੀ ਖ਼ਤਰੇ ਦਾ ਸੰਕੇਤ ਕਰ ਰਹੀ ਸੀ। ਸ਼ਹਿਰ ਤੋਂ ਬਾਹਰ ਬੈਠੀ ਫ਼ੌਜ ਦੀ ਹਰਕਤ ਵੇਖ ਕੇ ਇਹੋ ਲਗਦਾ ਸੀ, ਜਿਵੇਂ ਫ਼ੌਜ ਕੁੱਝ ਕਰਨਾ ਚਾਹੁੰਦੀ ਹੋਵੇ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਨੇ ਫ਼ੌਜ ਦੇ ਦਰਬਾਰ ਸਾਹਿਬ ਦੇ ਦਾਖ਼ਲੇ ਦੇ ਸਰਕਾਰੀ ਫੁਰਮਾਨ ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿਤਾ ਜਿਸ ਕਾਰਨ ਉਨ੍ਹਾਂ ਨੂੰ ਜਬਰੀ ਲੰਮੀ ਛੁੱਟੀ ਤੇ ਭੇਜ ਦਿਤਾ ਗਿਆ। ਉਸ ਵੇਲੇ ਦੇ ਗਵਰਨਰ ਬੀ.ਡੀ. ਪਾਂਡੇ (ਭੈਰਓ ਦੱਤ ਪਾਂਡੇ) ਨੇ ਤੁਰਤ ਰਮੇਸ਼ਇੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਾ ਚਾਰਜ ਸੌਂਪ ਦਿਤਾ ਜਿਨ੍ਹਾਂ ਫ਼ੌਜ ਦਾਖ਼ਲੇ ਦੇ ਸਰਕਾਰੀ ਫੁਰਮਾਨ ‘ਤੇ ਦਸਤਖ਼ਤ ਕਰ ਦਿਤੇ। ਭਾਰਤ ਸਰਕਾਰ ਨੇ ਫ਼ੌਜੀ ਹਮਲੇ ਦੀਆਂ ਤਿਆਰੀਆਂ ਨੂੰ ਆਖ਼ਰੀ ਛੋਹਾਂ ਦੇਣੀਆਂ ਸ਼ੁਰੂ ਕਰ ਦਿਤੀਆਂ। ਭਾਰਤੀ ਫ਼ੌਜ ਦੇ ਮੁਖੀ ਜਰਨਲ ਅਰੁਣ ਸ੍ਰੀਧਰ ਵੈਦਿਆ ਵਲੋਂ ਪਛਮੀ ਕਮਾਂਡ ਦੇ ਲੈਫ਼ਟੀਨੈਂਟ ਜਰਨਲ ਕੇ ਸੁੰਦਰਜੀ ਨੂੰ ਇਸ ਅਪਰੇਸ਼ਨ ਦਾ ਮੁਖੀ ਥਾਪਿਆ ਗਿਆ। ਰਣਜੀਤ ਸਿੰਘ ਦਿਆਲ ਨੂੰ ਗਵਰਨਰ ਪੰਜਾਬ ਦਾ ਸੁਰੱਖਿਆ ਸਲਾਹਕਾਰ ਨਾਮਜ਼ਦ ਕਰ ਦਿਤਾ ਗਿਆ। ਜਰਨਲ ਕੁਲਦੀਪ ਸਿੰਘ ਬਰਾੜ ਦਰਬਾਰ ਸਾਹਿਬ ਦੇ ਹਮਲੇ ਦੀ ਅਗਵਾਈ ਲਈ ਅੰਮ੍ਰਿਤਸਰ ਆਣ ਪੁੱਜਾ। ਸੀਆਰਪੀ ਨੇ ਫ਼ੌਜੀ ਕਾਰਵਾਈ ਲਈ ਪਹਿਲਾਂ ਤੋਂ ਤਿਆਰੀ ਕੀਤੀ ਹੋਈ ਸੀ। 1 ਜੂਨ 1984 ਨੂੰ ਦੁਪਹਿਰ 12.30 ਤੇ ਸੀ.ਆਰ.ਪੀ ਨੇ ਬਿਨਾਂ ਕਿਸੇ ਭੜਕਾਹਟ ਦੇ ਦਰਬਾਰ ਸਾਹਿਬ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਮਸਲਾ ਪੈਦਾ ਕਰਨਾ ਸਰਕਾਰ ਲਈ ਕੋਈ ਔਖਾ ਕੰਮ ਨਹੀ ਸੀ। ਦਰਬਾਰ ਸਾਹਿਬ ਨਾਲ ਲਗਦੇ ਇਲਾਕੇ ਮੋਚੀ ਬਾਜ਼ਾਰ ਵਿਚ ਇਕ ਦੀਵਾਰ ਦੀ ਉਸਾਰੀ ਨੂੰ ਲੈ ਕੇ ਸੀ.ਆਰ.ਪੀ. ਅਤੇ ਸ਼੍ਰੋਮਣੀ ਕਮੇਟੀ ਦੇ ਕੁੱਝ ਅਧਿਕਾਰੀਆਂ ਵਿਚਕਾਰ ਤਕਰਾਰ ਹੋ ਗਈ। ਸੀ.ਆਰ.ਪੀ. ਨੇ ਗੋਲੀ ਚਲਾ ਦਿਤੀ। ਜਵਾਬ ਵਿਚ ਗੋਲੀ ਦਾ ਜਵਾਬ ਮਿਲਿਆ। ਇਹ ਗੋਲੀਬਾਰੀ ਦੇਰ ਸ਼ਾਮ ਤਕ ਜਾਰੀ ਰਹੀ। ਇਸ ਗੋਲਾਬਾਰੀ ਦੌਰਾਨ ਗੁਰਦੁਆਰਾ ਬਾਬਾ ਅਟੱਲ ਰਾਏ ਤੇ ਮੋਰਚਾ ਮਲੀ ਬੈਠੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ ਜਿਨ੍ਹਾਂ ਦਾ ਅੰਤਮ ਸਸਕਾਰ ਦਰਬਾਰ ਸਾਹਿਬ ਸਮੂਹ ਵਿਚ ਕੀਤਾ ਗਿਆ। ਸ਼ਹਿਰ ਵਿਚ ਕਰਫਿਊ ਲੱਗ ਚੁਕਾ ਸੀ।
ਭਾਰਤ ਸਰਕਾਰ ਇਹ ਚਾਹੁੰਦੀ ਸੀ ਕਿ ਉਸ ਦੇ ਇਸ ਕਾਲੇ ਕਾਰਨਾਮੇ ਦੀ ਰਿਪੋਰਟ ਕਿਸੇ ਤਕ ਨਾ ਪੁੱਜੇ, ਇਸ ਲਈ ਅੰਮ੍ਰਿਤਸਰ ਵਿਚ ਤੈਨਾਤ ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ‘ਚੋਂ ਬਾਹਰ ਚਲੇ ਜਾਣ ਦੇ ਫੁਰਮਾਨ ਜਾਰੀ ਕਰ ਦਿਤੇ। ਵਿਦੇਸ਼ੀ ਅਖ਼ਬਾਰਾਂ ਤੇ ਰੇਡੀਓ ਚੈਨਲਾਂ ਦੇ 35 ਦੇ ਕਰੀਬ ਪੱਤਰਕਾਰਾਂ ਨੂੰ ਇਸ ਕਾਰਨ ਅੰਮ੍ਰਿਤਸਰ ਛੱਡਣਾ ਪੈ ਗਿਆ। ਇਸ ਅਸਾਂਵੀ ਜੰਗ ਦਾ ਇਕ ਪਹਿਲੂ ਇਹ ਵੀ ਸੀ ਕਿ ਜੁਨ 1984 ਵਿਚ ਅੰਮ੍ਰਿਤਸਰ ਵਿਚ 4 ਬਰਾੜ ਸਨ। ਸੰਤ ਜਰਨੈਲ ਸਿੰਘ ਖ਼ਾਲਸਾ ਵੀ ਬਰਾੜ ਜਾਤੀ ਨਾਲ ਸੰਬਧ ਰਖਦੇ ਸਨ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਵੀ ਬਰਾੜ, ਅੰਮ੍ਰਿਤਸਰ ਵਿਚ ਫ਼ੌਜ ਦੀ ਅਗਵਾਈ ਕਰ ਰਹੇ ਕੁਲਦੀਪ ਸਿੰਘ ਬਰਾੜ ਅਤੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਵੀ ਬਰਾੜ ਸਨ।

You must be logged in to post a comment Login