‘ਸੁਖਬੀਰ ਨੂੰ ਗੁੱਸਾ ਇਸ ਲਈ ਆਉਂਦਾ ਹੈ ਕਿਉਂਕਿ ਸਵਾਲ ਦਾ ਜਵਾਬ ਨਹੀਂ ਆਉਂਦਾ’ : ਜਾਖੜ

‘ਸੁਖਬੀਰ ਨੂੰ ਗੁੱਸਾ ਇਸ ਲਈ ਆਉਂਦਾ ਹੈ ਕਿਉਂਕਿ ਸਵਾਲ ਦਾ ਜਵਾਬ ਨਹੀਂ ਆਉਂਦਾ’ : ਜਾਖੜ

ਜਲੰਧਰ : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲੋਂ ਬਹਿਬਲ ਕਲਾਂ ਗੋਲੀਕਾਂਡ ਬਾਰੇ ਜਵਾਬ ਮੰਗਿਆ ਹੈ। ਸੁਖਬੀਰ ਵਲੋਂ ਐਤਵਾਰ ਨੂੰ ਅਬੋਹਰ ‘ਚ ਕੀਤੀ ਗਈ ਰੈਲੀ ‘ਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਸਮਾਂ ਆਉਣ ‘ਤੇ ਹੱਥਕੜੀ ਲਾਉਣ ਦੇ ਦਿੱਤੇ ਬਿਆਨ ‘ਤੇ ਜਾਖੜ ਨੇ ਫਿਲਮੀ ਸਟਾਈਲ ‘ਚ ਸੁਖਬੀਰ ‘ਤੇ ਟਿੱਪਣੀ ਕੀਤੀ ਹੈ। ਜਾਖੜ ਨੇ ਫਿਲਮੀ ਡਾਇਲਾਗ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਿੰਦੀ ਫਿਲਮ ‘ਚ ਵਾਰ-ਵਾਰ ਇਹ ਡਾਇਲਾਗ ਕਿਹਾ ਜਾਂਦਾ ਸੀ ਕਿ ‘ਆਖਿਰ ਪਿੰਟੋ ਨੂੰ ਗੁੱਸਾ ਕਿਉਂ ਆਉਂਦਾ ਹੈ।’ ਹੁਣ ਉਹ ਸੁਖਬੀਰ ਬਾਦਲ ਤੋਂ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਵਾਰ-ਵਾਰ ਗੁੱਸਾ ਕਿਉਂ ਆਉਂਦਾ ਹੈ। ਉਹ ਤਾਂ ਇਹੀ ਕਹਿਣਾ ਚਾਹੁੰਦੇ ਹਨ ਕਿ ਸੁਖਬੀਰ ਨੂੰ ਗੁੱਸਾ ਇਸ ਲਈ ਆਉਂਦਾ ਹੈ ਕਿਉਂਕਿ ਉਨ੍ਹਾਂ ਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਧਮਕੀਆਂ ਭਰੀ ਭਾਸ਼ਾ ਬੋਲ ਰਹੇ ਹਨ। ਪੰਜਾਬ ਦੇ ਲੋਕ ਇਸ ਨੂੰ ਪਸੰਦ ਨਹੀਂ ਕਰ ਰਹੇ ਹਨ। ਅਸਲ ‘ਚ ਸੁਖਬੀਰ ਦਾ ਹੰਕਾਰ ਅਜੇ ਵੀ ਟੁੱਟਿਆ ਨਹੀਂ ਹੈ। ਇਸ ਲਈ ਧਮਕੀਆਂ ਦੇ ਰੂਪ ‘ਚ ਉਸ ਦਾ ਹੰਕਾਰ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਗੋਲੀ ਤਾਂ ਪੁਲਸ ਵਾਲਿਆਂ ਨੇ ਬਹਿਬਲਕਲਾਂ ‘ਚ ਚਲਾਈ ਸੀ ਪਰ ਇਸ ਦੇ ਨਿਰਦੇਸ਼ ਸਾਬਕਾ ਡੀ. ਜੀ. ਪੀ. ਅਤੇ ਹੋਰ ਪੁਲਸ ਅਧਿਕਾਰੀਆਂ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਸਨ ਜਾਂ ਫਿਰ ਸੁਖਬੀਰ ਬਾਦਲ ਨੇ। ਇਸ ਦਾ ਜਵਾਬ ਅਕਾਲੀ ਦਲ ਤੇ ਦੋਵਾਂ ਬਾਦਲਾਂ ਨੂੰ ਪੰਜਾਬ ਦੀ ਜਨਤਾ ਨੂੰ ਦੇਣਾ ਹੀ ਹੋਵੇਗਾ। ਉਨ੍ਹਾਂ ਅਕਾਲੀ ਲੀਡਰਸ਼ਿਪ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਪੰਥਕ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਅਕਾਲੀ ਲੀਡਰਸ਼ਿਪ ‘ਚ ਹਲਚਲ ਮਚੀ ਹੋਈ ਹੈ ਕਿਉਂਕਿ ਸਿੱਖ ਫਿਰਕੂ ਦੇ ਸਾਹਮਣੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਸਾਰੀ ਸੱਚਾਈ ਸਾਹਮਣੇ ਆ ਚੁੱਕੀ ਹੈ।

You must be logged in to post a comment Login